“ਡਰਾਈ ਡੇਅ ਫਰਾਈ ਡੇਅ ਮੁਹਿੰਮ ਤਹਿਤ ਸਿਹਤ ਟੀਮਾਂ ਵੱਲੋਂ ਨਿੱਜੀ ਅਤੇ ਸਰਕਾਰੀ ਦਫਤਰਾਂ ਵਿੱਚ ਲਾਰਵੇ ਦਾ ਨਰੀਖਣ
ਹਰਜਿੰਦਰ ਸਿੰਘ ਭੱਟੀ
- 20 ਥਾਵਾਂ ਤੋਂ ਮਿਲਿਆ ਲਾਰਵਾ, ਮੌਕੇ ਤੇ ਕਰਵਾਇਆ ਗਿਆ ਨਸ਼ਟ
ਮਾਲੇਰਕੋਟਲਾ 11 ਜੁਲਾਈ 2025 - ਵਿਭਾਗ ਵੱਲੋਂ ਡੇਂਗੂ ਤੋਂ ਬਚਾਅ ਲਈ ਜ਼ਿਲ੍ਹੇ ਭਰ ਦੇ ਨਿੱਜੀ ਅਤੇ ਸਰਕਾਰੀ ਦਫਤਰਾਂ ਸਮੇਤ ਵੱਖ ਵੱਖ ਥਾਵਾਂ ਤੇ ਲਾਰਵੇ ਦਾ ਨਰੀਖਣ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ.ਰਮਨਦੀਪ ਕੌਰ ਨੇ ਦੱਸਿਆ ਕਿ “ਡਰਾਈ ਡੇਅ ਫਰਾਈ ਡੇਅ ਮੁਹਿੰਮ” ਤਹਿਤ ਵਿਭਾਗ ਦੀਆਂ ਵੱਖ- ਵੱਖ ਟੀਮਾਂ ਵੱਲੋਂ ਡੇਂਗੂ ਤੋਂ ਬਚਾਅ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਵਿੱਚ ਵਿਭਾਗ ਦੀਆਂ ਟੀਮਾਂ ਨਾਲ ਪੇਂਡੂ ਸਿਹਤ ਅਤੇ ਖੁਰਾਕ ਕਮੇਟੀਆਂ ਅਤੇ ਗ੍ਰਾਮ ਪੰਚਾਇਤਾਂ ਵੱਲੋਂ ਵੀ ਫ਼ੀਲਡ ਵਿੱਚ ਕੰਮ ਕੀਤਾ ਜਾ ਰਿਹਾ ਹੈ । ਇਸ ਦੌਰਾਨ ਫ਼ੀਲਡ ਵਿੱਚ ਕੰਮ ਕਰ ਰਹੀਆਂ ਮਲਟੀਪਰਪਜ ਹੈਲਥ ਟੀਮਾਂ ਵੱਲੋਂ ਜਿਲ੍ਹੇ ਦੇ ਕਰੀਬ 7200 ਕੰਟੇਨਰ ਚੈੱਕ ਕੀਤੇ ਗਏ । ਚੈਕਿੰਗ ਦੌਰਾਨ 20 ਵੱਖ- ਵੱਖ ਥਾਵਾਂ ਤੋਂ ਲਾਰਵਾ ਮਿਲਿਆ ਜਿਸਨੂੰ ਤੁਰੰਤ ਨਸ਼ਟ ਕਰਵਾਇਆ ਗਿਆ |
ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮੀ ਨਾਲ ਆਪਣਾ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਵੱਖ ਵੱਖ ਥਾਵਾਂ ਤੇ ਜਾ ਕੇ ਲਾਰਵਾ ਨਰੀਖਣ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਅਮਲ ਕਰਨ, ਸਾਫ਼ ਸਫ਼ਾਈ ਦਾ ਪੂਰਾ ਖ਼ਿਆਲ ਰੱਖਣ ਅਤੇ ਕਿਤੇ ਵੀ ਵਾਧੂ ਪਾਣੀ ਨਾ ਖੜਨ ਦੇਣ। ਉਹਨਾਂ ਹੋਰ ਕਿਹਾ ਕੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਤੇ ਮੱਛਰ ਕੱਟਣ ਤੋਂ ਬਚਣਾ ਹੀ ਡੇਂਗੂ ਦੀ ਰੋਕਥਾਮ ਲਈ ਪਹਿਲਾ ਕਦਮ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ, ਜਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾ ਭੌਰਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਮੁਨੀਰ ਮੁਹੰਮਦ, ਮਾਸ ਮੀਡੀਆ ਅਫ਼ਸਰ ਰਣਵੀਰ ਸਿੰਘ ਢੰਡੇ, ਐਨ.ਵੀ.ਬੀ.ਡੀ.ਸੀ.ਪੀ ਵਿੰਗ ਮੀਡੀਆ ਇੰਚਾਰਜ ਰਾਜੇਸ਼ ਰਿਖੀ, ਮੁਹੰਮਦ ਰਾਸ਼ਿਦ ਸਮੇਤ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ |