ਲਾਸ ਵੇਗਾਸ ਸੀਨੀਅਰ ਗੇਮਜ਼ ‘ਚ ਪੰਜਾਬੀ ਖਿਡਾਰੀਆਂ ਦੀ ਸਰਦਾਰੀ — ਫਰਿਜ਼ਨੋ ਤੇ ਮਾਂਟੀਕਾ ਦੇ ਖਿਡਾਰੀਆਂ ਨੇ ਜਿੱਤੇ ਕਈ ਸੋਨੇ ਦੇ ਤਮਗੇ
ਗੁਰਿੰਦਰਜੀਤ ਨੀਟਾ ਮਾਛੀਕੇ
ਲਾਸ ਵੇਗਾਸ (ਨੇਵਾਡਾ )
ਲਾਸ ਵੇਗਾਸ ਵਿਖੇ ਹੋਏ 46ਵੇਂ ਸਿਲਵਰ ਸਟੇਟ ਸੀਨੀਅਰ ਗੇਮਜ਼ ਵਿੱਚ ਫਰਿਜ਼ਨੋ ਤੇ ਮਾਂਟੀਕਾ ਦੇ ਪੰਜਾਬੀ ਖਿਡਾਰੀਆਂ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਸੋਨੇ ਦੇ ਤਮਗੇ ਜਿੱਤੇ। ਇਹ ਮੁਕਾਬਲੇ ਯੂਨੀਵਰਸਿਟੀ ਆਫ਼ ਲਾਸ ਵੇਗਾਸ, ਨੇਵਾਡਾ ਦੇ ਟਰੈਕ ਐਂਡ ਫੀਲਡ ਮੈਦਾਨ ਵਿੱਚ ਕਰਵਾਏ ਗਏ ਸਨ, ਜਿੱਥੇ ਅਮਰੀਕਾ ਭਰ ਦੇ 200 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਫਰਿਜ਼ਨੋ ਦੇ ਗੁਰਬਕਸ਼ ਸਿੰਘ ਸਿੱਧੂ ਨੇ ਹੈਮਰ ਥਰੋ ਤੇ ਵੇਟ ਥਰ, ਦੋਵੇਂ ਇਵੈਂਟਾਂ ਵਿੱਚ ਸੋਨੇ ਦੇ ਤਮਗੇ ਜਿੱਤੇ। ਜਦਕਿ ਸੁੱਖਨੈਨ ਸਿੰਘ ਨੇ ਲਾਂਗ ਜੰਪ ਵਿੱਚ ਸੋਨ, ਟ੍ਰਿਪਲ ਜੰਪ ਵਿੱਚ ਚਾਂਦੀ ਤੇ ਸਟੈਂਡਿੰਗ ਲਾਂਗ ਜੰਪ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ।
ਕੁਲਵੰਤ ਸਿੰਘ ਲੰਬਰ, ਜੋ ਪੰਜਾਬ ਪੁਲਿਸ ਦੇ ਰਿਟਾਇਰਡ ਐਸ.ਪੀ. ਅਤੇ ਭਾਰਤੀ ਬਾਸਕਟਬਾਲ ਟੀਮ ਦੇ ਖਿਡਾਰੀ ਰਹਿ ਚੁੱਕੇ ਹਨ, ਨੇ ਸ਼ਾਟ ਪੁੱਟ, ਡਿਸਕਸ ਥਰੋ, ਜੈਵਲਿਨ ਥਰੋ, ਲਾਂਗ ਜੰਪ ਅਤੇ ਸਟੈਂਡਿੰਗ ਲਾਂਗ ਜੰਪ, ਪੰਜੋ ਇਵੈਂਟਾਂ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ।
ਮਾਂਟੀਕਾ ਦੇ ਦਰਸ਼ਨ ਸਿੰਘ ਨੇ ਟਰੈਕ ਮੁਕਾਬਲਿਆਂ ਵਿੱਚ 400, 800 ਅਤੇ 1500 ਮੀਟਰ ਦੀ ਦੌੜ ਵਿੱਚ ਤਿੰਨੇ ਸੋਨੇ ਦੇ ਤਮਗੇ ਜਿੱਤ ਕੇ ਕਮਾਲ ਕਰ ਦਿੱਤਾ।
ਪੰਜਾਬੀ ਕਮਿਊਨਿਟੀ ਦੇ ਇਹ ਖਿਡਾਰੀ ਅਮਰੀਕੀ ਧਰਤੀ ‘ਤੇ ਆਪਣੀ ਮਿਹਨਤ ਤੇ ਜਜ਼ਬੇ ਨਾਲ ਕਮਾਲ ਕਰਦੇ ਹੋਏ ਮਾਣ ਨਾਲ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਹੇ ਹਨ।