ਅਮੈਰਕਿਨ ਕਬੱਡੀ ਫੈਡਰੇਸ਼ਨ ਤੇ ਫਤਿਹ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਵਰਲਡ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ
ਗੁਰਿੰਦਰਜੀਤ ਨੀਟਾ ਮਾਛੀਕੇ
ਸਟਾਕਟਨ (ਕੈਲੀਫੋਰਨੀਆ )
ਸਥਾਨਿਕ ਐਡਵਿੰਟਿਸਟ ਹੈਲਥ ਅਰੀਨਾ ਵਿੱਚ ਅਮੈਰਿਕਨ ਕਬੱਡੀ ਫੈਡਰੇਸ਼ਨ ਅਤੇ ਫਤਿਹ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਪਹਿਲਾ ਵਰਲਡ ਕਬੱਡੀ ਟੂਰਨਾਮੈਂਟ ਲੰਘੇ ਐਤਵਾਰ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜ ਮੁਲਕਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ। ਜਿਨ੍ਹਾਂ ਵਿੱਚ ਯੂ. ਐਸ. ਏ., ਕਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਾਰਵੇ ਦੀਆਂ ਟੀਮਾਂ ਸ਼ਾਮਲ ਸਨ। ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਉਪਰੰਤ ਟੀਮਾਂ ਨੇ ਆਪੋ ਆਪਣੇ ਦੇਸ਼ ਦੇ ਬੈਨਰ ਫੜਕੇ ਮਾਰਚ ਕਰਦਿਆਂ ਕੀਤੀ। ਸਭਤੋ ਪਹਿਲਾਂ ਅੰਡਰ ਟਵੰਟੀ ਵੰਨ ਦੇ ਮੈਚ ਹੋਏ। ਉਪਰੰਤ ਕਲੱਬਾਂ ਦੇ ਮੈਚ ਬੜੇ ਫਸਵੇਂ ਤੇ ਰੌਚਕ ਰਹੇ। ਇਹ ਅਮਰੀਕਾ ਦਾ ਪਹਿਲਾ ਵਰਲਡ ਕਬੱਡੀ ਟੂਰਨਾਮੈਂਟ ਸੀ, ਜੋ ਇੰਨਡੋਰ ਅਰੀਨਾ ਵਿੱਚ ਖੇਡਿਆ ਗਿਆ। ਵੱਡੀਆਂ ਟੀਵੀ ਸਕਰੀਨਾਂ ਤੇ ਚਲਦੇ ਮੈਚ, ਚਮਕਦੀਆਂ ਲਾਈਟਾਂ ਤੇ ਸ਼ਾਨਦਾਰ ਸੀਟਾਂ ਕਿਸੇ ਐਨ ਬੀ.ਏ. ਦੇ ਟੂਰਨਾਮੈਂਟ ਦਾ ਭੁਲੇਖਾ ਪਾ ਰਹੀਆਂ ਸਨ। ਦਰਸ਼ਕ ਇਕੱਲੇ ਇਕੱਲੇ ਪੁਆਇੰਟ ਤੇ ਤਾੜੀਆਂ ਤੇ ਕਿਲਕਾਰੀਆਂ ਮਾਰਕੇ ਟੂਰਨਾਮੈਂਟ ਦਾ ਅਨੰਦ ਮਾਣ ਰਹੇ ਸਨ। ਇਸ ਟੂਰਨਾਮੈਂਟ ਵਿੱਚ ਸ਼ੀਲੂ ਤੇ ਮੀਕ ਨੇ ਬਾਕਮਾਲ ਜੱਫੇ ਲਾਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਫਾਇਨਲ ਮੈਚ ਕਨੇਡਾ ਤੇ ਅਮਰੀਕਾ ਦਰਮਿਆਨ ਖੇਡਿਆ ਗਿਆ। ਇਸ ਮੈਚ ਦੌਰਾਨ ਫਸਵੇਂ ਮੁਕਾਬਲੇ ਵਿੱਚ ਅਮਰੀਕਾ ਜੇਤੂ ਰਿਹਾ। ਇਸ ਟੂਰਨਾਮੈਂਟ ਦਾ ਬਿੱਸਟ ਜਾਫੀ ਸ਼ੀਲੂ ਤੇ ਬਿੱਸਟ ਰੇਡਰ ਚਿੱਤਪਾਲ ਚਿੱਟੀ ਰਹੇ। ਜੱਸਾ ਪੱਟੀ ਤੇ ਡੁੰਮਖੇੜੀ ਦੀ ਕੁਸ਼ਤੀ ਦਾ ਵੀ ਦਰਸ਼ਕਾਂ ਨੇ ਰੱਜਵਾਂ ਅਨੰਦ ਮਾਣਿਆ। ਇਹ ਕੁਸ਼ਤੀ ਪੁਆਇੰਟਾਂ ਤੇ ਜੱਸਾ ਪੱਟੀ ਨੇ ਜਿੱਤੀ। ਲਾਈਵ ਕਬੱਡੀ ਤੇ ਜਸ ਪੰਜਾਬੀ ਵੱਲੋਂ ਇਹ ਟੂਰਨਾਮੈਂਟ ਲਾਈਵ ਵਿਖਾਇਆ ਗਿਆ। ਇਸ ਮੌਕੇ ਅਮੈਰਿਕਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹਰਸਿਮਰਨ ਸਿੰਘ ਨੇ ਸਭਨਾਂ ਦਾ ਵਰਲਡ ਕਬੱਡੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਫ਼ਤਿਹ ਸਪੋਰਟਸ ਕਲੱਬ ਦੇ ਮੋਢੀ ਸ. ਸਨਦੀਪ ਸਿੰਘ ਜੰਟੀ ਨੇ ਕਿਹਾ ਕਿ ਇਹ ਸਫ਼ਰ ਸੌਖਾ ਨਹੀਂ ਸੀ, ਪਰ ਭਰਾਵਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਸਫਲ ਹੋ ਨਿੱਬੜਿਆ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੋਂ ਧੀਰਾ ਨਿੱਝਰ, ਬਿੱਟੂ ਰੰਧਾਵਾ, ਲਾਲੀ, ਸ. ਤਰਲੋਚਨ ਸਿੰਘ ਆਦਿ ਸੱਜਣ ਆਪਣੇ ਸਾਥੀਆਂ ਨਾਲ ਵਰਲਡ ਕਬੱਡੀ ਕੱਪ ਤੇ ਨਾਰਵੇ ਅਤੇ ਯੂ. ਐਸ. ਏ. ਦੀ ਟੀਮ ਦੀ ਅਗਵਾਈ ਕਰ ਰਹੇ ਸਨ। ਦਰਸ਼ਕਾਂ ਦੇ ਭਰਵੇਂ ਇਕੱਠ ਤੇ ਖਿਡਾਰੀਆਂ ਦੇ ਜੋਸ਼ ਤੇ ਪ੍ਰਬੰਧਕਾਂ ਦੇ ਯੋਗ ਪ੍ਰਬੰਧਾਂ ਨਾਲ ਇਹ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋਇਆ।