ਹੁਣ ਧਿਆਨ ਅਨਾਜ ਦੀ ਗੁਣਵੱਤਾ 'ਤੇ ਕੇਂਦ੍ਰਿਤ ਕਰਨ ਦੀ ਲੋੜ: ਮੰਤਰੀ ਖੁੱਡੀਆਂ
ਬ੍ਰਹਮਕੁਮਾਰੀਆਂ ਵੱਲੋਂ ਫੇਜ਼ 7 ਮੋਹਾਲੀ ‘ਚ ਆਯੋਜਿਤ ਖੇਤੀਬਾੜੀ ਸੰਬੰਧੀ ਸੈਮੀਨਾਰ ਨੂੰ ਕੀਤਾ ਸੰਬੋਧਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਅਕਤੂਬਰ 2025: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਨੇ ਖੇਤੀਬਾੜੀ ਉਤਪਾਦਨ ਵਿੱਚ ਆਪਣੀ ਉਪਜ ਸਮਰੱਥਾ ਦਾ ਸਿਖਰ ਹਾਸਲ ਕਰ ਲਿਆ ਹੈ, ਇਸ ਲਈ ਹੁਣ ਸਾਨੂੰ ਅਨਾਜ ਦੀ ਗੁਣਵੱਤਾ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ।
ਉਹ ਬ੍ਰਹਮਕੁਮਾਰੀਆਂ ਸੰਸਥਾ ਵੱਲੋਂ ਸੁਖ ਸ਼ਾਂਤੀ ਭਵਨ, ਫੇਜ਼ 7, ਮੋਹਾਲੀ ਵਿੱਚ ਆਯੋਜਿਤ ਖੇਤੀਬਾੜੀ ਸੈਮੀਨਾਰ ਦੌਰਾਨ ਸੰਬੋਧਨ ਕਰ ਰਹੇ ਸਨ। ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਪੰਜਾਬ ਨੇ ਦੇਸ਼ ਦੀ ਭੋਜਨ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇਸ਼ ਦੇ ਕੁੱਲ ਚਾਵਲ ਉਤਪਾਦਨ ਵਿੱਚ ਲਗਭਗ 24 ਫੀਸਦੀ ਅਤੇ ਕਣਕ ਦੇ ਉਤਪਾਦਨ ਵਿੱਚ 49 ਫੀਸਦੀ ਯੋਗਦਾਨ ਪਾਉਂਦਾ ਹੈ।”
ਉਨ੍ਹਾਂ ਨੇ ਪੰਜਾਬ ਦੇ ਖੇਤੀ ਸਾਇੰਸਦਾਨਾਂ ਅਤੇ ਕਿਸਾਨਾਂ ਦੀ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਹੀ ਅੱਜ ਭਾਰਤ ਆਤਮ-ਨਿਰਭਰ ਖੁਰਾਕ ਉਤਪਾਦਨ ਵਾਲੇ ਦੇਸ਼ ਵਜੋਂ ਉਭਰਿਆ ਹੈ।
ਹਾਲ ਹੀ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਪ੍ਰਤੀ ਚਿੰਤਾ ਜਤਾਉਂਦੇ ਹੋਏ ਖੇਤੀਬਾੜੀ ਮੰਤਰੀ ਨੇ ਉਮੀਦ ਜਤਾਈ ਕਿ ਪੂਰਾ ਦੇਸ਼ ਪੰਜਾਬ ਦੇ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜ੍ਹੇਗਾ ਅਤੇ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਏਗਾ।
ਇਸ ਮੌਕੇ ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਤੋਂ ਇਲਾਵਾ ਬ੍ਰਹਮਕੁਮਾਰੀ ਸਰਲਾ ਦੀਦੀ (ਮਾਊਂਟ ਆਬੂ) ਅਤੇ ਬ੍ਰਹਮਕੁਮਾਰੀ ਪ੍ਰੇਮ ਲਤਾ, ਡਾਇਰੈਕਟਰ, ਰਾਜਯੋਗ ਕੇਂਦਰ, ਸਰਕਲ ਮੋਹਾਲੀ ਨੇ ਵੀ ਸਮਾਗਮ ਵਿੱਚ ਵਿਚਾਰ ਸਾਂਝੇ ਕੀਤੇ।
ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਅਗਾਂਹਵਧੂ ਕਿਸਾਨਾਂ, ਸਰਪੰਚਾਂ ਅਤੇ ਪੰਚਾਂ ਨੇ ਹਿੱਸਾ ਲਿਆ। ਸਮਾਗਮ ਵਿੱਚ ਟਿਕਾਊ ਖੇਤੀ ਪ੍ਰਣਾਲੀ, ਵਾਤਾਵਰਣ ਸੰਤੁਲਨ ਅਤੇ ਆਤਮਿਕ ਸੁਖ–ਸ਼ਾਂਤੀ ਦੇ ਖੇਤੀ ਨਾਲ ਜੁੜੇ ਸਬੰਧ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।