Babushahi Special: ਵਿਧਾਇਕਾਂ ਵਾਂਗ ਮੇਅਰ ਦੀ ਖੰਘ ਵਿੱਚ ਖੰਘਣ ਲੱਗਾ ਬਠਿੰਡਾ ਸ਼ਹਿਰੀ ਹਲਕਾ
ਅਸ਼ੋਕ ਵਰਮਾ
ਬਠਿੰਡਾ,25 ਫਰਵਰੀ 2025: ਕੀ ਕੁੱਝ ਦਿਨ ਪਹਿਲਾਂ ਬਣੇ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅਗਲੀ ਵਿਧਾਨ ਸਭਾ ਚੋਣ ਬਠਿੰਡਾ ਤੋਂ ਲੜਨ ਦੀ ਤਿਆਰੀ ਖਿੱਚ ਲਈ ਹੈ ਬਸ਼ਰਤੇ ਕੋਈ ਵੱਡਾ ਅੜਿੱਕਾ ਨਾ ਖੜ੍ਹਾ ਹੋਵੇ। ਅੰਦਰਲੇ ਭੇਤੀ ‘ਤੇ ਯਕੀਨ ਬੰਨ੍ਹੀਏ ਤਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਆਪਣੇ ਪੁੱਤਰ ਪਦਮਜੀਤ ਮਹਿਤਾ ਨੂੰ ‘ਮਿਸ਼ਨ-2027’ ’ਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਤਾਰਨ ਦਾ ਮਨ ਬਣਾਈ ਬੈਠੇ ਹਨ। ਦੇਖਿਆ ਜਾਏ ਤਾਂ ਮਹਿਤਾ ਪ੍ਰੀਵਾਰ ਨੇ ਜ਼ਮੀਨੀ ਤਿਆਰੀ ਅਗੇਤਿਆਂ ਹੀ ਵਿੱਢ ਦਿੱਤੀ ਹੈ। ਭਾਵੇਂ ਇਹ ਵਕਤੋਂ ਪਹਿਲਾਂ ਦੀ ਗੱਲ ਹੈ ਪ੍ਰੰਤੂ ਅਮਰਜੀਤ ਮਹਿਤਾ ਬਠਿੰਡਾ ਤੋਂ ਦਾਅ ਖੇਡਣ ਦੇ ਇੱਛੁਕ ਨਜ਼ਰ ਆ ਰਹੇ ਹਨ। ਮੇਅਰ ਪਦਮਜੀਤ ਮਹਿਤਾ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸ਼ਹਿਰ ’ਚ ਵੱਡੀ ਪੱਧਰ ਤੇ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਮੇਅਰ ਵੱਲੋਂ ਸਿਆਸੀ ਲੀਡਰਾਂ ਵਾਂਗ ਲੋਕਾਂ ਵਿੱਚ ਵਿਚਰਨਾ ਸਹਿਜ ਨਹੀਂ ਹੈ ਬਲਕਿ ਇਸ ਪਿੱਛੇ ਵੱਡੀ ਰਣਨੀਤੀ ਕੰਮ ਕਰ ਰਹੀ ਹੈ। ਲੋਕ ਆਖਦੇ ਹਨ ਕਿ ਇਸ ਤੋਂ ਪਹਿਲਾਂ ਤਿੰਨ ਮੇਅਰ ਬਣ ਚੁੱਕੇ ਹਨ ਪਰ ਉਨ੍ਹਾਂ ਨੇ ਕਿਸੇ ਨੂੰ ਵੀ ਲੋਕਾਂ ਵਿੱਚ ਐਨਾ ਵਿਚਰਦਾ ਨਹੀਂ ਦੇਖਿਆ ਹੈ। ਤਾਜਾ ਸਥਿਤੀ ਇਹ ਹੈ ਕਿ ਮੇਅਰ ਨੂੰ ਵਿਧਾਇਕਾਂ ਵਾਂਗ ਆਪਣੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਤਰਜੀਹੀ ਅਧਾਰ ਤੇ ਸੱਦਿਆ ਜਾਣ ਲੱਗਾ ਹੈ। ਜਿਸ ਤਰ੍ਹਾਂ ਸਾਲ 2022 ਵਿੱਚ ਚੋਣ ਜਿੱਤਣ ਉਪਰੰਤ ਲੋਕ ਵਿਧਾਇਕ ਵਜੋਂ ਜਗਰੂਕ ਗਿੱਲ ਨੂੰ ਸੱਦਦੇ ਸਨ, ਉਸੇ ਤਰ੍ਹਾਂ ਹੀ ਮੇਅਰ ਨੂੰ ਬੁਲਾਉਣ ਲਈ ਦੌੜ ਜਿਹੀ ਲੱਗ ਗਈ ਹੈ। ਐਤਵਾਰ ਨੂੰ ਮੇਅਰ ਨੇ ਕਰੀਬ ਇੱਕ ਦਰਜਨ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਹੈ ਜਿੰਨ੍ਹਾਂ ਵਿੱਚ ਸਮਾਜ ਦੇ ਦੋ ਅਹਿਮ ਫਿਰਕਿਆਂ ਨਿਰੰਕਾਰੀ ਮਿਸ਼ਨ ਦੀ ਸਫਾਈ ਮੁਹਿੰਮ ਦਾ ਉਦਘਾਟਨ ਤੇ ਮੁਸਲਿਮ ਭਾਈਚਾਰੇ ਦਾ ਜਸ਼ਨੇ ਦਸਤਾਰਬੰਦੀ ਸਮਾਗਮ ਸ਼ਾਮਲ ਹੈ। ਸੋਮਵਾਰ ਨੂੰ ਉਹ ਯੁਵਕ ਸੇਵਾਵਾਂ ਵਿਭਾਗ ਦੇ ਸਮਾਗਮ ’ਚ ਸ਼ਾਮਲ ਹੋਏ ਹਨ ਅਤੇ ਮੰਗਲਵਾਰ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਮੇਅਰ ਬਣਨ ਸਾਰ ਪਦਮਜੀਤ ਮਹਿਤਾ ਨੇ ਸ਼ਹਿਰ ਵਿਚਲੀ ਸਫਾਈ ਦੇ ਮਸਲੇ ਨੂੰ ਹੱਲ ਕਰਨ ਲਈ ਕੂੜਾ ਚੁਕਵਾਉਣ ਦਾ ਕੰਮ ਸ਼ੁਰੂ ਕਰਵਾਇਆ ਤਾਂ ਹੋਰ ਵੀ ਮਸਲਿਆਂ ਦੀ ਬਕਾਇਦਾ ਨਿਗਰਾਨੀ ਕੀਤੀ ਜਾ ਰਹੀ ਹੈ। ਮੇਅਰ ਵੱਲੋਂ ਆਪਣੇ ਦਫਤਰ ’ਚ ਸਮੱਸਿਆਵਾਂ ਲੈਕੇ ਆਉਣ ਵਾਲਿਆਂ ਨੂੰ ਵੀ ਰੋਜਾਨਾ ਮਿਲਿਆ ਜਾ ਰਿਹਾ ਹੈ। ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਨਿਆ ਕਿ ਪਿਛਲੇ ਦਿਨਾਂ ਤੋਂ ਦਫਤਰਾਂ ਦੇ ਮਹੌਲ ਵਿੱਚ ਕਾਫੀ ਤਬਦੀਲੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਦੀ ਗੱਲ ਤੋਂ ਇੰਜ ਜਾਪਦਾ ਹੈ ਕਿ ਅਧਿਕਾਰੀ ਵੀ ਉੱਤੋਂ ਆਈਆਂ ਹਦਾਇਤਾਂ ਦੇ ਅਧਾਰ ਤੇ ਮੇਅਰ ਦੇ ਹੁਕਮਾਂ ਤੇ ਫੁੱਲ ਚੜ੍ਹਾ ਰਹੇ ਹਨ। ਸ਼ਹਿਰ ਦੇ ਕੁੱਝ ਪਤਵੰਤਿਆਂ ਦਾ ਕਹਿਣਾ ਹੈ ਕਿ ਮੇਅਰ ਵੱਲੋਂ ਇੰਜ ਸਰਗਰਮ ਹੋਣ ਤੋਂ ਤਾਂ ਇਹੋ ਲੱਗਦਾ ਹੈ ਕਿ 2027’ਚ ਪਦਮਜੀਤ ਮਹਿਤਾ ਆਮ ਆਦਮੀ ਪਾਰਟੀ ਤਰਫੋਂ ਝਾੜੂ ਚੁੱਕ ਸਕਦਾ ਹੈ।
ਇੱਧਰ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਬਠਿੰਡਾ ਦੇ ਕਈ ‘ਆਪ’ ਆਗੂ ਜਿੰਨ੍ਹਾਂ ਨੂੰ ਆਪਣਾ ਨੰਬਰ ਲੱਗਦਾ ਨਜ਼ਰ ਨਹੀਂ ਆਉਂਦਾ, ਵੀ ਮਹਿਤਾ ਪ੍ਰੀਵਾਰ ’ਤੇ ਅੰਦਰੋ ਅੰਦਰੀ ਆਪਣੀ ਰਣਨੀਤੀ ਜਾਰੀ ਰੱਖਣ ਦਾ ਦਬਾਅ ਪਾਉਂਦੇ ਦੱਸੇ ਜਾ ਰਹੇ ਹਨ। ਮਹਿਤਾ ਪ੍ਰੀਵਾਰ ਦੇ ਨਜ਼ਦੀਕੀ ਹਲਕਿਆਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਵਿਚ ਮੇਅਰ ਵੱਲੋਂ ਲੋਕ ਮਸਲੇ ਹੱਲ ਕਰਨ ਲਈ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕਰਨ ਦੀ ਜਲਦੀ ਹੀ ਸ਼ੁਰੂਆਤ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਹਲਕੇ ਸਿੱਧੇ ਤੌਰ ਤੇ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰਦੇ ਹਨ ਪਰ ਇਹ ਇਸ਼ਾਰਾ ਜਰੂਰ ਕੀਤਾ ਕਿ ‘ਬਾਕੀ ਵਾਹਿਗੁਰੂ ਨੇ ਜਿੱਥੋਂ ਦਾ ਤੇ ਜਿਹੋ ਜਿਹਾ ਦਾਣਾ ਪਾਣੀ ਲਿਖਿਆ ਉੱਥੇ ਜਾਣਾ ਪੈਂਦਾ ਹੈ। ਬਠਿੰਡਾ ਸ਼ਹਿਰੀ ਹਲਕੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਕਾਬਜ਼ ਹਨ ਜਿੰਨ੍ਹਾਂ ਨੇ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 63 ਹਜਾਰ ਤੋਂ ਵੱਧ ਵੋਟਾਂ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ ਸੀ।
ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਜਿਸ ਵਾਰਡ ਤੋਂ ਵਿਧਾਇਕ ਜਗਰੂਪ ਗਿੱਲ ਨੇ ਕੌਂਸਲਰ ਵਜੋਂ ਚੋਣ ਜਿੱਤੀ ਸੀ ਤਾਂ ਉਸੇ ਵਾਰਡ ਦੀ ਜਿਮਨੀ ਚੋਣ ਦੌਰਾਨ ਗਿੱਲ ਨਾਲੋਂ ਵੱਡੀ ਜਿੱਤ ਹਾਸਲ ਕਰਕੇ ਮੇਅਰ ਬਣਨ ਉਪਰੰਤ ਮਹਿਤਿਅਸਿਆਸੀ ਧੁੰਨਤਰਾਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ ਸੀ। ਉਂਜ ਇਹ ਵੀ ਜਿਕਰਯੋਗ ਹੈ ਕਿ ਵਾਰਡ ਨੰਬਰ 48 ਦੀ ਟਿਕਟ ਦੇ ਮਾਮਲੇ ’ਚ ਵਿਧਾਇਕ ਜਗਰੂਪ ਗਿੱਲ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵਿਚਕਾਰ ਖੜਕੀ ਹੋਈ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਮਹਿਤਾ ਪ੍ਰੀਵਾਰ ਦਾ ਫੈਸਲਾ ਵਿਧਾਇਕ ਸਮੇਤ ਕਈ ਆਪ ਆਗੂਆਂ ਲਈ ਘਬਰਾਹਟ ਵਾਲਾ ਵੀ ਹੋ ਸਕਦਾ ਹੈ। ਭਾਵੇਂ ਅਜੇ ਦੋ ਸਾਲ ਦਾ ਸਮਾਂ ਬਾਕੀ ਹੈ ਜਿਸ ਦੌਰਾਨ ਕੁੱਝ ਵੀ ਹੋ ਸਕਦਾ ਹੈ ਪਰ ਇਸ ਵੇਲੇ ਮਹਿਤਾ ਪ੍ਰੀਵਾਰ ਆਪਣੀ ਮੁਹਿੰਮ ਜਾਰੀ ਰੱਖਣ ਦੇ ਰੌਂਅ ’ਚ ਦਿਖਾਈ ਦੇ ਰਿਹਾ ਹੈ। ਬਠਿੰਡਾ ਦੇ ਲੋਕ ਭਾਵੁਕ ਸੁਭਾਅ ਵਾਲੇ ਹਨ ਜਿਸ ਦਾ ਫ਼ਾਇਦਾ ਮਹਿਤਾ ਪ੍ਰੀਵਾਰ ਲੈਣਾ ਚਾਹੁੰਦਾ ਹੈ। ਸੂਤਰਾਂ ਅਨੁਸਾਰ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਚੁੱਪ ਚੁਪੀਤੇ ਬਠਿੰਡਾ ਚੋਂ ਸਿਆਸੀ ਸੂਹ ਲੈਣੀ ਸ਼ੁਰੂ ਕੀਤੀ ਹੋਈ ਹੈ।
ਦਾਣੇ ਪਾਣੀ ਦੀ ਗੱਲ :
ਮਹਿਤਾ ਪ੍ਰੀਵਾਰ ਦੇ ਇੱਕ ਨਜ਼ਦੀਕੀ ਟਕਸਾਲੀ ਆਪ ਆਗੂ ਨੇ ਨਿੱਜੀ ਰਾਇ ਦਿੰਦਿਆਂ ਕਿਹਾ ਕਿ ਮੇਅਰ ਦੀ ਚੋਣ ਵਾਂਗ ਮਿਸ਼ਨ 2027 ਮੌਕੇ ਪਦਮਜੀਤ ਮਹਿਤਾ ਵਰਗਾ ਨੌਜਵਾਨ ਹੀ ਵਿਰੋਧੀਆਂ ਨੂੰ ਸਖ਼ਤ ਟੱਕਰ ਦੇ ਸਕਦਾ ਹੈ। ਉਨ੍ਹਾਂ ਦਾ ਪ੍ਰਤੀਕਰਮ ਸੀ ਕਿ ਪਾਰਟੀ ਦਾ ਏਜੰਡਾ ਸ਼ਹਿਰੀ ਹਲਕੇ ਵਿੱਚ ਰਿਕਾਰਡ ਕੰਮ ਕਰਨ ਦਾ ਹੈ ਬਾਕੀ ਦਾਣੇ ਪਾਣੀ ਦੀ ਗੱਲ ਹੁੰਦੀ ਹੈ ਜਿੱਥੋਂ ਦਾ ਹੋਵੇ ਉੱਥੇ ਚੁਗਣ ਲਈ ਜਾਣਾ ਪੈਂਦਾ ਹੈ।