ਮੋਹਾਲੀ ਦੀ ਮੋਟਰ ਮਾਰਕੀਟ ਵਿੱਚ ਬੂਥ ਅਤੇ ਦੁਕਾਨਾਂ ਜਲਦ ਅਲਾਟ ਕੀਤੀਆਂ ਜਾਣਗੀਆਂ: ਕੈਬਨਿਟ ਮੰਤਰੀ
ਹਰਜਿੰਦਰ ਸਿੰਘ ਭੱਟੀ
- ਮੁੰਡੀਆਂ ਨੇ ਵਿਧਾਨ ਸਭਾ ਵਿੱਚ ਦਿੱਤਾ ਭਰੋਸਾ
- ਰੇਰਾ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ
ਚੰਡੀਗੜ੍ਹ, 25 ਫਰਵਰੀ 2025 - ਗਰੇਟਰ ਮੁਹਾਲੀ ਖੇਤਰ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ ਦੇ ਸੈਕਟਰ-65 ਵਿਖੇ ਪਿੰਡ ਕੰਬਾਲੀ ਨਜ਼ਦੀਕ ਮੋਟਰ ਮਕੈਨਿਕਾਂ ਨੂੰ ਦਿੱਤੇ ਜਾਣ ਵਾਲੇ ਬੂਥਾਂ/ਦੁਕਾਨਾਂ ਦੇ ਨੰਬਰਾਂ ਦਾ ਡਰਾਅ ਕੱਢਿਆ ਜਾ ਚੁੱਕਾ ਹੈ। ਇਸ ਪ੍ਰਾਜੈਕਟ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਤੋਂ ਰਜਿਸਟਰਡ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਰੇਰਾ ਦੀ ਰਜਿਸਟ੍ਰੇਸ਼ਨ ਹੋਣ ਉਪਰੰਤ ਇਨ੍ਹਾਂ ਬੂਥਾਂ/ਦੁਕਾਨਾਂ ਦੇ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ। ਇਹ ਪਹਿਲਕਦਮੀ ਅਲਾਟਮੈਂਟ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਵਪਾਰਕ ਥਾਵਾਂ ਦੀ ਵੰਡ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਗਮਾਡਾ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਹ ਜਾਣਕਾਰੀ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
ਉਨ੍ਹਾਂ ਦੱਸਿਆ ਕਿ ਅਲਾਟਮੈਂਟ ਪੱਤਰ ਰੈਗੂਲੇਟਰੀ ਜ਼ਰੂਰਤਾਂ ਦੀ ਪਾਲਣਾ ਵਿੱਚ ਰੇਰਾ ਨਾਲ ਰਸਮੀ ਤੌਰ 'ਤੇ ਰਜਿਸਟਰ ਹੋਣ ਤੋਂ ਬਾਅਦ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ ਉਹ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਵਿੱਚ ਗਮਾਡਾ ਵੱਲੋਂ ਬਣਾਈ ਗਈ ਮੋਟਰ ਮਾਰਕੀਟ ਦੀ ਅਲਾਟਮੈਂਟ ਸਬੰਧੀ ਉਠਾਏ ਗਏ ਸਵਾਲ ਦੇ ਜਵਾਬ ਵਿੱਚ ਦੇ ਰਹੇ ਸਨ। ਸ. ਮੁੰਡੀਆਂ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਰੇਰਾ ਤੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਗਮਾਡਾ ਵੱਲੋਂ ਚਾਰਾਜੋਈ ਕੀਤੀ ਹਾ ਰਹੀ ਅਤੇ ਰੇਰਾ ਵੱਲੋਂ ਰਜਿਸਟਰਡ ਹੋਣ ਉਪਰੰਤ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ।