CM ਭਗਵੰਤ ਸਿੰਘ ਮਾਨ ਦੀ ਪਤਨੀ ਨੇ ਖੁਦ "ਸਾਲੀਆਂ ਦੇ ਨਾਕੇ" 'ਤੇ ਖੜ੍ਹਕੇ ਕਟਵਾਇਆ ਰਿਬਨ
- ਚੇਅਰਮੈਨ ਭਿੰਡਰ ਦੇ ਮੁੰਡੇ ਸਨਮਪ੍ਰੀਤ ਭਿੰਡਰ ਦੇ ਵਿਆਹ ਸਮਾਗਮ 'ਚ ਪੁੱਜੇ ਸਨ ਡਾ: ਗੁਰਪ੍ਰੀਤ ਕੌਰ ਮਾਨ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 25 ਫਰਵਰੀ2025 - ਇੰਪਰੂਵਮੈਂਟ ਟਰੱਸਟ ਲੁਧਿਆਣਾ ਦੇ ਚੇਅਰਮੈਨ ਸ੍ਰ ਤਰਸੇਮ ਸਿੰਘ ਭਿੰਡਰ ਦੇ ਸਪੁੱਤਰ ਸਨਮਪ੍ਰੀਤ ਸਿੰਘ ਭਿੰਡਰ ਦੇ ਵਿਆਹ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ: ਗੁਰਪ੍ਰੀਤ ਕੌਰ ਮਾਨ ਪੁੱਜੇ। ਉਨ੍ਹਾਂ ਭਿੰਡਰ ਪਰਿਵਾਰ ਨਾਲ ਗੂੜ੍ਹੀ ਅਪਣੱਤ ਦਿਖਾਉਂਦਿਆ ਰਿਬਨ ਕੱਟਣ ਲਈ ਲਗਾਏ "ਸਾਲੀਆਂ ਦੇ ਨਾਕੇ" 'ਤੇ ਖੜੋ ਕੇ ਕੇਵਲ ਰਿਬਨ ਹੀ ਨਹੀਂ ਕਟਵਾਇਆ, ਬਲ ਕਿ ਇਸਤੋਂ ਪਹਿਲਾਂ ਆਪਣੇ ਤਰੀਕੇ ਨਾਲ ਸਨਮਪ੍ਰੀਤ ਦਾ ਪੱਖ ਪੂਰਦਿਆਂ ਉਸਦੀਆਂ ਸਾਲੀਆਂ ਨਾਲ ਮਜ਼ਾਕੀਆ ਤਕਰਾਰ ਤੱਕ ਕੀਤੀ। ਡਾ: ਗੁਰਪ੍ਰੀਤ ਕੌਰ ਦੇ ਅਜਿਹੇ ਪਿਆਰ ਭਰੇ ਵਿਵਹਾਰ ਨਾਲ ਜਿੱਥੇ ਸਾਰਾ ਮਾਹੌਲ ਖੁਸ਼ਨੁਮਾ ਹੋ ਗਿਆ, ਉਥੇ ਹੀ ਭਿੰਡਰ ਪਰਵਾਰ ਲਈ ਇਹ ਪਲ ਸਦੀਵੀ ਯਾਦਗਾਰ ਬਣਕੇ ਰਹਿ ਗਏ।
ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਡਾ: ਗੁਰਪ੍ਰੀਤ ਕੌਰ ਮਾਨ ਦਾ ਪਰਿਵਾਰ ਦੀਆਂ ਖੁਸ਼ੀਆਂ ਨੂੰ ਦੂਣੀਆਂ ਕਰਨ ਲਈ ਧੰਨਵਾਦ ਵੀ ਕੀਤਾ। ਡਾ: ਗੁਰਪ੍ਰੀਤ ਕੌਰ ਮਾਨ ਨੇ ਨਵ-ਵਿਆਹੀ ਜੋੜੀ ਸਨਮਪ੍ਰੀਤ ਸਿੰਘ ਭਿੰਡਰ ਅਤੇ ਜਸਮੀਨ ਕੌਰ ਸਪੁੱਤਰੀ ਗੁਰਵਿੰਦਰ ਸਿੰਘ ਔਲਖ ਮੋਗਾ ਨੂੰ ਅਸ਼ੀਰਵਾਦ ਵੀ ਦਿੱਤਾ।
ਇਸ ਮੌਕੇ ਪਰਮਵੀਰ ਸਿੰਘ,ਭੁਪਿੰਦਰ ਸਿੰਘ ਸੰਧੂ,ਸ਼ਰਨਜੀਤ ਸਿੰਘ ਢਿੱਲੋਂ,ਜਸਦੀਪ ਸਿੰਘ ਕਾਉਂਕੇ,ਹੈਰੀ ਸੰਧੂ,ਤਜਿੰਦਰ ਸਿੰਘ ਤਿੰਦੀ,ਸਨੀ ਬੇਦੀ,ਪਰਮਿੰਦਰ ਸੰਧੂ,ਭਰਪੂਰ ਸਿੰਘ,ਕੁਲਵਿੰਦਰ ਕਿੰਨੂ ਅਤੇ ਹੋਰ ਹਾਜ਼ਰ ਸਨ।