ਪੰਜਾਬੀ ਲੋਕਾਂ ਵਿੱਚ ਸਟਰੋਕ ਦੇ ਜੋਖ਼ਮ ਨੂੰ ਦੁੱਗਣਾ ਕਰ ਸਕਣ ਵਾਲ਼ੇ ਜੀਨਜ਼ ਦੀ ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਹੋਈ ਨਿਸ਼ਾਨਦੇਹੀ
ਪਟਿਆਲਾ, 16 ਫਰਵਰੀ
ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਪੰਜਾਬੀ ਲੋਕਾਂ ਦੇ ਸਰੀਰ ਵਿਚਲੇ ਜੀਨਜ਼ ਦੇ ਇੱਕ ਅਜਿਹੇ ਜੁੱਟ ਦੀ ਪਹਿਲੀ ਵਾਰ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਦਾ ਸਰੀਰ ਵਿੱਚ ਹੋਣਾ ਸਟਰੋਕ ਦੇ ਜੋਖ਼ਮ ਨੂੰ ਦੁੱਗਣਾ ਕਰ ਸਕਦਾ ਹੈ। ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਤੋਂ ਡਾ. ਪੁਨੀਤ ਪਾਲ ਸਿੰਘ ਦੀ ਅਗਵਾਈ ਵਿਚ ਖੋਜਾਰਥੀ ਡਾ. ਨਿਤਿਨ ਕੁਮਾਰ ਵੱਲੋਂ ਕੀਤੀ ਖੋਜ ਰਾਹੀਂ ਇਸ ਨਵੇਂ ਹੈਪਲੋਟਾਈਪ (ਜੀਨਜ਼ ਦੇ ਐਲੀਲਜ਼ ਰੂਪ ਦਾ ਆਪਸੀ ਮੇਲ) ਬਾਰੇ ਖੁਲਾਸਾ ਹੋਇਆ ਹੈ ਜੋ ਪੰਜਾਬ ਦੀ ਆਬਾਦੀ ਵਿੱਚ ਸਟ੍ਰੋਕ ਦੀ ਇੱਕ ਵਿਸ਼ੇਸ਼ ਕਿਸਮ 'ਇਸਕੈਮਿਕ ਸਟ੍ਰੋਕ' ਦੇ ਖ਼ਤਰੇ ਲਈ ਕਾਫ਼ੀ ਜੋਖਮ ਪੈਦਾ ਕਰਦਾ ਹੈ। ਜ਼ਿਕਰਯੋਗ ਹੈ ਕਿ ਇਹ ਖੋਜ ਉੱਚ ਪ੍ਰਭਾਵ ਵਾਲੇ ਜਰਨਲ 'ਇੰਟਰਨੈਸ਼ਨਲ ਜਰਨਲ ਆਫ਼ ਇਮਯੂਨੋਜੈਨੇਟਿਕਸ' ਵਿੱਚ ਪ੍ਰਕਾਸ਼ਿਤ ਹੋਈ ਹੈ।
ਡਾ. ਪੁਨੀਤ ਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟ੍ਰੋਕ ਇੱਕ ਡਾਕਟਰੀ ਐਮਰਜੈਂਸੀ ਹੈ ਜਿਸਦੇ ਨਤੀਜੇ ਵਜੋਂ ਮੌਤ ਅਤੇ ਅਪੰਗਤਾ ਦੀ ਸਥਿਤੀ ਪੈਦਾ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਸਟ੍ਰੋਕ ਨੂੰ ਦੁਨੀਆ ਭਰ ਵਿੱਚ ਮੌਤ ਦੇ ਸਭ ਤੋਂ ਪ੍ਰਮੁੱਖ ਕਾਰਨਾਂ ਵਿੱਚੋਂ ਦੂਜੇ ਨੰਬਰ ਉੱਤੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇਹ ਮੌਤ ਦੇ ਕਾਰਨਾਂ ਵਿੱਚ ਚੌਥੇ ਸਥਾਨ 'ਤੇ ਹੈ। ਉਨ੍ਹਾਂ ਦੱਸਿਆ ਕਿ ਸਟ੍ਰੋਕ ਲਈ ਮੁੱਖ ਤੌਰ ਉੱਤੇ ਮੰਨੇ ਜਾਂਦੇ ਜੋਖਮ ਕਾਰਕਾਂ ਵਿੱਚ ਹਾਈਪਰਟੈਨਸ਼ਨ, ਹਾਈਪਰਲਿਪੀਡੀਮੀਆ, ਸਿਗਰਟਨੋਸ਼ੀ ਅਤੇ ਹਵਾ ਪ੍ਰਦੂਸ਼ਣ ਤੋਂ ਇਲਾਵਾ ਮਨੁੱਖੀ ਸ਼ਰੀਰ ਅੰਦਰਲੇ ਕੁੱਝ ਜੀਨਜ਼ ਵੀ ਇਸ ਨਾਲ਼ ਜੁੜੇ ਜੋਖ਼ਮ ਦਾ ਕਾਰਨ ਬਣਦੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਹ ਸਾਹਮਣੇ ਆਇਆ ਕਿ ਮਨੁੱਖੀ ਜੀਨੋਮ ਵਿੱਚ ਐੱਨ. ਐੱਲ.ਆਰ.ਪੀ.3, ਏ.ਐੱਸ.ਸੀ. ਅਤੇ ਕੇਸਪੇਜ਼-1 ਦਾ ਆਪਸੀ ਵਿਸ਼ੇਸ਼ ਗਠਜੋੜ ਦਿਮਾਗ ਨੂੰ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਦੀਆਂ ਕੰਧਾਂ ਦੇ ਅੰਦਰ ਸੋਜਸ਼ ਗਤੀਵਿਧੀਆਂ ਵਧਾਉਂਦਾ ਹੈ। ਇਸ ਦਾ ਹੋਣਾ ਐੱਨ. ਐੱਲ.ਆਰ.ਪੀ.3 ਇਨਫਲਾਮੇਸੋਮ ਨਾਮਕ ਸਮੱਸਿਆ ਦੇ ਕਿਰਿਆਸ਼ੀਲ ਹੋਣ ਦਾ ਕਾਰਨ ਬਣਦਾ ਹੈ।
ਖੋਜਾਰਥੀ ਡਾ. ਨਿਤਿਨ ਕੁਮਾਰ ਨੇ ਦੱਸਿਆ ਕਿ ਇਹ ਅਧਿਐਨ ਇਹ ਦਰਸਾਉਣ ਵਿੱਚ ਸਮਰੱਥ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਵਿੱਚ ਇਨ੍ਹਾਂ ਜੀਨਾਂ ਦਾ ਇੱਕ ਖਾਸ ਕਿਸਮ ਦਾ ਸਮੂਹ ਬਣਦਾ ਹੈ, ਉਨ੍ਹਾਂ ਨੂੰ ਸਟ੍ਰੋਕ ਹੋਣ ਦਾ ਖ਼ਤਰਾ ਉਨ੍ਹਾਂ ਵਿਅਕਤੀਆਂ ਨਾਲ਼ੋਂ ਦੁੱਗਣਾ ਹੁੰਦਾ ਹੈ ਜਿਨ੍ਹਾਂ ਵਿੱਚ ਇਹ ਜੀਨ ਸਮੂਹ ਨਹੀਂ ਹੁੰਦੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਜੋਖਮ ਉਨ੍ਹਾਂ ਵਿਅਕਤੀਆਂ ਵਿੱਚ ਹੋਰ ਵੀ ਵੱਧ ਦੇਖਿਆ ਗਿਆ ਜਿਨ੍ਹਾਂ ਦੇ ਬਾਇਓਕੈਮੀਕਲ (ਸੀਆਰਪੀ ਅਤੇ ਇੰਟਰਲਿਊਕਿਨ-1β)ਮਾਪਦੰਡਾਂ ਦੇ ਪੱਧਰ ਉੱਚੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਧਿਐਨ ਦੌਰਾਨ ਇਸ ਖੇਤਰ ਦੇ ਕੁੱਝ ਹੋਰ ਵੀ ਅਹਿਮ ਖੁਲਾਸੇ ਹੋਏ ਹਨ ਜਿਨ੍ਹਾਂ ਨੂੰ ਮੈਡੀਕਲ ਖੇਤਰ ਵਿੱਚ ਭਰਪੂਰ ਸ਼ਲਾਘਾ ਹਾਸਿਲ ਹੋਈ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਖੋਜਾਰਥੀ ਅਤੇ ਉਸ ਦੇ ਨਿਗਰਾਨ ਨੂੰ ਇਸ ਮਿਆਰੀ ਖੋਜ ਬਾਰੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਯੂਨੀਵਰਸਿਟੀ ਦੇ ਵੱਕਾਰ ਵਿੱਚ ਵਾਧਾ ਕਰਦੀਆਂ ਹਨ।