Babushahi Special: ਮਾਰਚ ਵਾਂਗ ਤੱਤੀ ਹੋਈ ਜਨਵਰੀ ਰਾੜ੍ਹ ਨਾ ਦੇਵੇ ਕਣਕ ਦਾ ਝਾੜ
- ਤਾਪਮਾਨ ਦੇ ਵਾਧੇ ਨੇ ਕਿਸਾਨਾਂ ਦੀ ਚਿੰਤਾ ਵਧਾਈ
ਅਸ਼ੋਕ ਵਰਮਾ
ਬਠਿੰਡਾ,28 ਜਨਵਰੀ 2025: ਐਤਕੀਂ ਕਣਕ ਦੀ ਪੈਦਾਵਾਰ ਦੇ ਮਾਮਲੇ ’ਚ ਵਧ ਰਹੇ ਤਾਪਮਾਨ ਕਾਰਨ ਕਿਸਾਨਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਜਨਵਰੀ ਮਹੀਨੇ ਦੌਰਾਨ ਮਾਰਚ ਵਾਂਗ ਨਜ਼ਰ ਆਉਣ ਲੱਗੀ ਗਰਮੀ ਨੇ ਕਿਸਾਨਾਂ ਦੇ ਸਾਹ ਸੂਤਣੇ ਸ਼ੁਰੂ ਕਰ ਦਿੱਤੇ ਹਨ। ਜੇਕਰ ਤਾਪਮਾਨ ਇਸੇ ਤਰਾਂ ਬਰਕਰਾਰ ਰਹਿੰਦਾ ਹੈ ਤਾਂ ਕਣਕ ਦੇ ਝਾੜ ਨੂੰ ਸੱਟ ਵੱਜਦੀ ਸੁਭਾਵਿਕ ਹੈ। ਤਾਪਮਾਨ ’ਚ ਵਾਧੇ ਦਾ ਜਿਆਦਾ ਅਸਰ ਪਿਛੇਤੀਆਂ ਕਣਕਾਂ ਤੇ ਪੈਣ ਦੇ ਅਨੁਮਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਰੱਬ ਮੌਸਮ ਦੇ ਪੱਖ ਤੋਂ ਸੁੱੱਖ ਰੱਖੇ ਤਾਂ ਹੀ ਚੰਗਾ ਹੈ ਨਹੀਂ ਤਾਂ ਉਨ੍ਹਾਂ ਨੂੰ ਝਾੜ ਦੇ ਪੱਖ ਤੋਂ ਰਗੜਾ ਝੱਲਣਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਇਸ ਵਾਰ ਬਠਿੰਡਾ ਪੱਟੀ ‘ਚ ਕਰੀਬ 2 ਲੱਖ 70 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਕੀਤੀ ਗਈ ਹੈ ਜਦੋਂਕਿ ਪੰਜਾਬ ਪੱਧਰ ਤੇ ਇਹ ਰਕਬਾ ਤਕਰੀਬਨ 35 ਲੱਖ ਹੈਕਟੇਅਰ ਹੈ।
ਵੇਰਵਿਆਂ ਅਨੁਸਾਰ ਅੱਜ ਬਠਿੰਡਾ ਖ਼ਿੱਤੇ ਵਿੱਚ ਵੱਧ ਤੋਂ ਤਾਪਮਾਨ 23.2 ਡਿਗਰੀ ਸੈਲਸੀਅਸ ਰਿਹਾ ਜੋ ਕਿ ਸੋਮਵਾਰ ਨੂੰ 23.2 ਡਿਗਰੀ ਐਤਵਾਰ ਨੂੰ 22.6 ਡਿਗਰੀ ਅਤੇ ਸ਼ਨੀਵਾਰ ਨੂੰ 22.4 ਡਿਗਰੀ ਸੈਲਸ਼ੀਅਸ ਸੀ। ਦੇਖਿਆ ਜਾਏ ਤਾਂ ਪਿਛਲੇ ਇੱਕ ਹਫਤੇ ਤੋਂ ਪਾਰਾ ਲਗਾਤਾਰ ਚੜ੍ਹ ਰਿਹਾ ਹੈ ਜੋ ਕਣਕ ਦੀ ਫਸਲ ਲਈ ਘਾਟੇ ਦਾ ਸੂਚਕ ਹੈ। ਪੰਜਾਬ ਵਿੱਚ ਪਿਛਲੇ ਵਰ੍ਹੇ ਕਣਕ ਦਾ ਝਾੜ ਔਸਤਨ 50 ਤੋਂ 60 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਸੀ । ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਮੌਸਮ ਇਹੋ ਜਿਹਾ ਰਿਹਾ ਤਾਂ ਕਣਕ ਦਾ ਝਾੜ ਐਤਕੀਂ ਦੋ ਸਾਲ ਪਹਿਲਾਂ ਵਾਂਗ ਕਰੀਬ 10 ਮਣ ਪ੍ਰਤੀ ਏਕੜ ਤੱਕ ਘੱਟ ਹੋ ਸਕਦਾ ਹੈ। ਖੇਤੀ ਵਰਸਿਟੀ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਸੀ ਕਿ ਤਾਪਮਾਨ ਵਿੱਚ ਰੋਜ਼ਾਨਾ ਮਾਮੂਲੀ ਵਾਧਾ ਹੋ ਰਿਹਾ ਹੈ ਅਤੇ ਫਿਲਹਾਲ ਬਾਰਸ਼ ਦਾ ਕੋਈ ਅਨੁਮਾਨ ਨਹੀਂ ਹੈ।
ਉਂਜ ਸੂਬਾ ਪੱਧਰ ਤੇ ਮੌਸਮ ਵਿਭਾਗ ਵੱਲੋਂ ਸ਼ੀਤ ਲਹਿਰ ਦਾ ਦੌਰ ਚੱਲਣ ਨਾਲ ਠੰਢ ਵਧਣ ਸਬੰਧੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਜਿਸ ਨੂੰ ਕਾਫੀ ਹੱਦ ਤੱਕ ਰਾਹਤ ਭਰੀ ਖਬਰ ਮੰਨਿਆ ਜਾ ਰਿਹਾ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਦਿਨਾਂ ਦੌਰਾਨ ਕਣਕ ਦੀ ਫ਼ਸਲ ਨੂੰ ਵਧਣ ਫੁੱਲਣ ਲਈ ਠੰਢੇ ਮੌਸਮ ਦੀ ਲੋੜ ਹੁੰਦੀ ਹੈ ਜਦੋਂਕਿ ਧੁੰਦ ਜਾਂ ਕੋਹਰਾ ਕੇਵਲ ਆਲੂ ਉਤਪਾਦਕਾਂ ਲਈ ਚਿੰਤਾ ਦਾ ਸਬੱਬ ਬਣਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਤਾਪਮਾਨ ਨੀਵਾਂ ਰਹਿੰਦਾ ਹੈ ਤਾਂ ਇਸ ਨਾਲ ਕਣਕ ਦੀ ਫਸਲ ਨੂੰ ਪਕਾਅ ਦੌਰਾਨ ਕਾਫੀ ਹੁਲਾਰਾ ਮਿਲਦਾ ਹੈ । ਉਨ੍ਹਾਂ ਦੱਸਿਆ ਕਿ ਕਈ ਵਾਰ ਗਰਮ ਮੌਸਮ ‘ਚ ਕਣਕ ਦੀ ਫਸਲ ਸਮੇਂ ਤੋਂ ਪਹਿਲਾਂ ਨਿਸਰ ਪੈਂਦੀ ਹੈ ਜਿਸ ਕਰਕੇ ਝਾੜ ਘਟ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਐਤਕੀਂ ਗਰਮੀ ਜਾਰੀ ਰਹਿੰਦੀ ਹੈ ਅਤੇ ਠੰਢ ਨਾਂ ਪਈ ਤਾਂ ਕਣਕ ਦੇ ਝਾੜ ’ਤੇ ਅਸਰ ਪੈਣ ਦੀ ਸੰਭਾਵਨਾ ਹੈ ਪਰ ਫਸਲ ਕਿੰਨੀ ਪ੍ਰਭਾਵਿਤ ਹੋਵੇਗੀ, ਫਿਲਹਾਲ ਇਹ ਕਿਆਸ ਲਾਉਣਾ ਮੁਸ਼ਕਿਲ ਹੈ।
ਪਿੰਡ ਮਹਿਰਾਜ ਦੇ ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਠੰਢ ਦੇ ਮੌਸਮ ਨੇ ਪਹਿਲਾਂ ਕਣਕ ਦੀ ਫਸਲ ਨੂੰ ਕਾਫ਼ੀ ਰਾਹਤ ਦਿੱਤੀ ਸੀ ਪਰ ਅਚਾਨਕ ਵਧਣ ਲੱਗੇ ਪਾਰੇ ਨੇ ਕਿਸਾਨਾਂ ਦੇ ਫਿਕਰ ਵਧਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਰਮੇ ਅਤੇ ਝੋਨੇ ਦੀ ਫਸਲ ਤੋਂ ਮਾਰ ਪੈਣ ਕਰਕੇ ਹੋਏ ਨੁਕਸਾਨ ਦੀ ਪੂਰਤੀ ਕਣਕ ਦੀ ਫਸਲ ਚੋਂ ਹੋਣ ਦੀ ਆਸ ਸੀ ਜੋ ਦੋ ਮਹੀਨੇ ਪਹਿਲਾਂ ਪੈਣ ਲੱਗੀ ਗਰਮੀ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵੱਲੋਂ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਤੀਸਰੇ ਹਫਤੇ ਤੱਕ ਨੂੰ ਕਣਕ ਦੀ ਬਿਜਾਈ ਲਈ ਢੁੱਕਵਾਂ ਦੱਸਿਆ ਜਾਂਦਾ ਹੈ। ਐਤਕੀਂ ਝੋਨੇ ਦੀ ਫਸਲ ਵੇਚਣ ਅਤੇ ਮਗਰੋਂ ਲਿਫਟਿੰਗ ਨੇ ਕਿਸਾਨ ਮੰਡੀਆਂ ’ਚ ਫਸਾਈ ਰੱਖੇ ਜਿਸ ਨੇ ਵੀ ਕਣਕ ਦੀ ਬਿਜਾਂਦ ’ਚ ਦੇਰੀ ਹੋਈ ਹੈ। ਉੱਪਰੋਂ ਰਹਿੰਦੀ ਕਸਰ ਡੀਏਪੀ ਖਾਦ ਦੀ ਕਿੱਲਤ ਨੇ ਕੱਢ ਦਿੱਤੀ ਹੈ ਅਤੇ ਹੁਣ ਮੌਸਮ ਵੈਰੀ ਬਣਦਾ ਨਜ਼ਰ ਆ ਰਿਹਾ ਹੈ।
ਮੌਸਮ ਸਾਜ਼ਗਾਰ ਨਹੀਂ: ਰੋਮਾਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਪ੍ਰਤੀਕਰਮ ਸੀ ਕਿ ਕਣਕ ਦੀ ਫਸਲ ਲਈ ਮੌਸਮ ਸਾਜ਼ਗਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰਮੀ ਜਾਰੀ ਰਹਿੰਦੀ ਤਾਂ 10 ਤੋਂ 20 ਫੀਸਦੀ ਤੱਕ ਵੀ ਕਣਕ ਦਾ ਝਾੜ ਘਟ ਸਕਦਾ ਹੈ। ਉਨ੍ਹਾਂ ਕਿਹਾ ਕਿ ਪਛੇਤੀਆਂ ਕਣਕਾਂ ਉੱਤੇ ਜਿਆਦਾ ਮਾਰ ਪਏਗੀ ਜਿਸ ਕਰਕੇ ਕਿਸਾਨਾਂ ਨੂੰ ਕਣਕਾਂ ਲਈ ਪਾਣੀ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਰਕਾਰੀ ਨੀਤੀਆਂ ਦੀ ਮਾਰ ਵੱਧ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਜਿਨਸਾਂ ਲਈ ਮੌਸਮ ਨਾਲੋਂ ਸਰਕਾਰਾਂ ਦੀਆਂ ਨੀਤੀਆਂ ਜਿਆਦਾ ਮਾਰੂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੌਰਾਨ ਖੱਜਲ ਖੁਆਰ ਕੀਤਾ ਤੇ ਬਾਅਦ ’ਚ ਕਿਸਾਨ ਡੀਏਪੀ ਲਈ ਭਟਕਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖੇਤੀ ਖੇਤਰ ਦੀ ਅਹਿਮੀਅਤ ਸਮਝਦੀ ਤਾਂ ਇੰਜ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਅੰਨਦਾਤਾ ਕਹਿਕੇ ਵਡਿਆਉਂਦੀਆਂ ਹਨ ਤੇ ਗਲਾ ਵੀ ਅੰਨਦਾਤੇ ਦਾ ਹੀ ਘੁੱਟਿਆ ਜਾ ਰਿਹਾ ਹੈ।