Breaking : AO ਦੇ ਘਰੋਂ 3 ਕਰੋੜ 60 ਲੱਖ ਰੁਪਏ ਬਰਾਮਦ
ਰਮੇਸ਼ ਗੋਯਤ
ਚੰਡੀਗੜ੍ਹ, 28 ਜਨਵਰੀ - ਹਰਿਆਣਾ ਦੇ ਪੰਚਾਇਤੀ ਰਾਜ ਵਿਭਾਗ 'ਚ ਬਹੁਤ ਹੀ ਚਰਚਿਤ ਘਪਲੇ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਵੱਡੀ ਕਾਰਵਾਈ ਕਰਦੇ ਹੋਏ ਇਕ ਸੇਵਾਮੁਕਤ ਲੇਖਾ ਅਧਿਕਾਰੀ (ਏ.ਓ.) ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ਮਸ਼ੇਰ ਸਿੰਘ ਸੇਵਾਮੁਕਤ ਏਓ ਵਾਸੀ ਸੈਕਟਰ 26 ਪੰਚਕੂਲਾ ਵਜੋਂ ਹੋਈ ਹੈ। ਮੁਲਜ਼ਮ ਮੂਲ ਰੂਪ ਵਿੱਚ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਚੌਸਾਲਾ ਦਾ ਰਹਿਣ ਵਾਲਾ ਹੈ।
ਪੰਚਕੂਲਾ ਦੇ ਸੈਕਟਰ 26 ਸਥਿਤ ਰਿਹਾਇਸ਼ ਤੋਂ 3 ਕਰੋੜ 60 ਲੱਖ ਰੁਪਏ ਦੀ ਨਕਦੀ ਅਤੇ ਵੱਡੀ ਮਾਤਰਾ 'ਚ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।
ਖਾਸ ਗੱਲ ਇਹ ਹੈ ਕਿ ਦੋਸ਼ੀ ਅਧਿਕਾਰੀ ਖਿਲਾਫ ਵਿਜੀਲੈਂਸ ਦੀ ਜਾਂਚ ਪਹਿਲਾਂ ਹੀ ਚੱਲ ਰਹੀ ਸੀ। ਇਸ ਦੇ ਬਾਵਜੂਦ ਐਸ.ਓ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਕਾਊਂਟ ਅਫਸਰ ਵਜੋਂ ਤਰੱਕੀ ਦੇ ਦਿੱਤੀ ਗਈ। ਹੁਣੇ ਹੀ ਨਵੰਬਰ ਵਿੱਚ ਸੇਵਾਮੁਕਤ ਹੋਇਆ ਹੈ, ਉਸ ਤੋਂ ਬਾਅਦ ਵੀ ਉਹ ਦਫ਼ਤਰੀ ਕੰਮ ਦੇਖ ਰਿਹਾ ਸੀ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਘਪਲਾ ਪੰਚਾਇਤੀ ਰਾਜ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਵਿੱਚ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਹੈ।
ਬਰਾਮਦ ਹੋਈ ਨਗਦੀ ਅਤੇ ਜਾਇਦਾਦ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘੁਟਾਲੇ ਨਾਲ ਜੁੜੇ ਹੋਰ ਲੋਕਾਂ 'ਤੇ ਵੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਇਸ ਵੱਡੀ ਕਾਰਵਾਈ ਲਈ ਲੋਕਾਂ ਨੇ ਵਿਜੀਲੈਂਸ ਮੁਖੀ ਅਲੋਕ ਮਿੱਤਲ ਦਾ ਧੰਨਵਾਦ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਜੀਲੈਂਸ 'ਤੇ ਲੋਕਾਂ ਦਾ ਭਰੋਸਾ ਵਧਦਾ ਜਾ ਰਿਹਾ ਹੈ, ਜਿਸ ਕਾਰਨ ਭ੍ਰਿਸ਼ਟ ਲੋਕ ਰੋਜ਼ਾਨਾ ਫੜੇ ਜਾ ਰਹੇ ਹਨ।