Babushahi Special- ਬਠਿੰਡਾ: ਸੱਤਾ ਦੀਆਂ ਰਿਉੜੀਆਂ ਲਈ ਝਾੜੂ ਚੁੱਕਣ ਲੱਗੀ ਆਮ ਆਦਮੀ ਪਾਰਟੀ
ਅਸ਼ੋਕ ਵਰਮਾ
ਬਠਿੰਡਾ, 25 ਦਸੰਬਰ 2024: ਕੀ ਵਾਰਡ ਨੰਬਰ 48 ਤੋਂ ਪਦਮਜੀਤ ਮਹਿਤਾ ਦੇ ਕੌਂਸਲਰ ਵਜੋਂ ਚੋਣ ਜਿੱਤਣ ਉਪਰੰਤ ਆਮ ਆਦਮੀ ਪਾਰਟੀ ਹੁਣ ਨਗਰ ਨਿਗਮ ਬਠਿੰਡਾ ’ਚ ਖਾਲੀ ਪਈ ਮੇਅਰ ਦੀ ਕੁਰਸੀ ਤੇ ਅੱਖ ਰੱਖਣ ਲੱਗੀ ਹੈ। ਸ਼ਹਿਰ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਚੱਲ ਰਹੀ ਚੁੰਝ ਚਰਚਾ ਨੂੰ ਸੱਚ ਮੰਨ ਲਿਆ ਜਾਏ ਤਾਂ ਇਹ ਸੌ ਫੀਸਦੀ ਸੱਚ ਹੈ। ਇਸ ਨੂੰ ਦੇਖਦਿਆਂ ਆਉਣ ਵਾਲੇ ਦਿਨ ਨਗਰ ਨਿਗਮ ਤੇ ਕਾਬਜ ਕਾਂਗਰਸ ਪਾਰਟੀ ਲਈ ਮੁਸ਼ਕਲਾਂ ਭਰੇ ਸਿੱਧ ਹੋ ਸਕਦੇ ਹਨ। ਇੱਕ ਸੀਨੀਅਰ ਕਾਂਗਰਸੀ ਕੌਂਸਲਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਸਿਫਾਰਸ਼ੀ ਟਿਕਟ ਕੱਟਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੂੰ ਚੋਣ ਲੜਾਉਣ ਅਤੇ ਜਿਤਾਉਣ ਦਾ ਫੈਸਲਾ ਸਹਿਜ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਜੋ ਲੋਕ ਇਹ ਸੋਚਦੇ ਹਨ ਕਿ ਅਮਰਜੀਤ ਮਹਿਤਾ ਨੇ ਆਪਣੇ ਪੁੱਤਰ ਨੂੰ ਚੋਣ ਕੌਂਸਲਰ ਬਨਾਉਣ ਲਈ ਲੜਾਈ ਹੈ ਉਹ ਗਲ੍ਹਤ ਹਨ ਬਲਕਿ ਇਸ ਪਿੱੱਛੇ ਪਦਮਜੀਤ ਮਹਿਤਾ ਨੂੰ ਮੇਅਰ ਬਣਾਕੇ ਸਾਲ 2027 ’ਚ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਟਿਕਟ ਹਾਸਲ ਕਰਨ ਦੀ ਯੋਜਨਾ ਕੰਮ ਕਰ ਰਹੀ ਹੈ। ਉਨ੍ਹਾਂ ਮੰਨਿਆ ਕਿ ਜਿਸ ਤਰਾਂ ਦੇ ਹਾਲਾਤ ਹਨ ਉਸ ਤੋਂ ਜਾਪਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਨਗਰ ਨਿਗਮ ਦੀ ਚੁਣੀ ਹੋਈ ਟੀਮ ’ਚ ਵੱਡਾ ਉਲਟ ਫੇਰ ਹੋ ਸਕਦਾ ਹੈ ਜਿਸ ਦਾ ਸਭ ਤੋਂ ਜਿਆਦਾ ਸਿਆਸੀ ਨੁਕਸਾਨ ਕਾਂਗਰਸ ਨੂੰ ਹੋਣਾ ਤੈਅ ਹੈ। ਦੇਖਿਆ ਜਾਏ ਤਾਂ ਆਮ ਆਦਮੀ ਪਾਰਟੀ ਆਪਣੇ ਦਮ ਤੇ ਮੇਅਰ ਬਨਾਉਣ ਦੇ ਸਮਰੱਥ ਨਹੀਂ ਹੈ ਪਰ ਹੋਰਨਾਂ ਪਾਰਟੀਆਂ ’ਚ ਟੁੱਟ ਭੱਜ ਹੋਣ ਨਾਲ ਮੇਅਰ ਦੀ ਚੇਅਰ ਹਾਕਮ ਧਿਰ ਦੇ ਹੱਥ ਆਉਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਨਗਰ ਨਿਗਮ ਬਠਿੰਡਾ ਦੇ 50 ਵਾਰਡ ਹਨ ਜਿੰਨ੍ਹਾਂ ਚੋਂ ਤੱਤਕਾਲੀ ਵਿੱਤ ਮੰਤਰੀ ਤੇ ਸ਼ਹਿਰੀ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੀ ਸਖਤ ਮਿਹਨਤ ਸਦਕਾ ਪੰਜ ਦਹਾਕਿਆਂ ਮਗਰੋਂ ਕਾਂਗਰਸ ਪਾਰਟੀ ਨੇ 43 ਵਾਰਡਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ । ਇੰਨ੍ਹਾਂ ਵਿੱਚ ਵਾਰਡ ਨੰਬਰ 48 ਤੋਂ ਕਾਂਗਰਸੀ ਟਿਕਟ ਤੇ ਕੌਂਸਲਰ ਦੀ ਚੋਣ ਜਿੱਤਿਆ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਕੌਂਸਲਰ ਸੁਖਦੀਪ ਸਿੰਘ ਵੀ ਸ਼ਾਮਲ ਹਨ। ਬਾਅਦ ’ਚ ਮੇਅਰ ਨਾਂ ਬਨਾਉਣ ਤੋਂ ਨਰਾਜ਼ ਜਗਰੂਪ ਗਿੱਲ ਅਤੇ ਉਨ੍ਹਾਂ ਦੇ ਸਾਥੀ ਕੌਂਸਲਰ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ। ਉਸ ਮਗਰੋਂ ਮੇਅਰ ਰਮਨ ਗੋਇਲ ਨੂੰ ਹਟਾਉਣ ਦੇ ਮਾਮਲੇ ’ਚ ਮਨਪ੍ਰੀਤ ਬਾਦਲ ਹਮਾਇਤੀ ਕੌਂਸਲਰਾਂ ਨੇ ਆਪਣਾ ਵੱਖਰਾ ਰਸਤਾ ਅਖਤਿਆਰ ਕਰ ਲਿਆ। ਹੁਣ ਤਾਜਾ ਸਥਿਤੀ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 25 ਹੈ।
ਇਸ ਤੋਂ ਇਲਾਵਾ ਕਰੀਬ 10 ਕੌਂਸਲਰ ਅੱਜ ਵੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਦੱਸੇ ਜਾ ਰਹੇ ਹਨ। ਦੋ ਦਿਨ ਪਹਿਲਾਂ ਕਾਂਗਰਸੀ ਉਮੀਦਵਾਰ ਵਜੋਂ ਜਿੱਤੇ ਕੌਂਸਲਰ ਰਤਨ ਰਾਹੀ ਵੱਲੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਕਾਰਨ ‘ਆਪ’ ਕੌਂਸਲਰਾਂ ਦੀ ਗਿਣਤੀ 9 ਹੋ ਗਈ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ 5 ਅਤੇ ਇੱਕ ਕੌਂਸਲਰ ਭਾਰਤੀ ਜੰਤਾ ਪਾਰਟੀ ਦਾ ਹੈ। ਮੇਅਰ ਬਨਾਉਣ ਲਈ ਘੱਟੋ ਘੱਟ 26 ਕੌਂਸਲਰਾਂ ਦੀ ਜਰੂਰਤ ਹੈ । ਵਿਧਾਇਕ ਵਜੋਂ ਜਗਰੂਪ ਗਿੱਲ ਵੀ ਵੋਟ ਪਾ ਸਕਦੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਚੱਕ ਥੱਲ ਹੁੰਦੀ ਹੈ ਤਾਂ ਮਨਪ੍ਰੀਤ ਬਾਦਲ ਹਮਾਇਤੀ ਕੌਂਸਲਰ ਆਮ ਆਦਮੀ ਪਾਰਟੀ ਦੇ ਹੱਕ ’ਚ ਭੁਗਤ ਸਕਦੇ ਹਨ। ਇਸ ਹਿਸਾਬ ਨਾਲ ਦੇਖਿਆ ਜਾਏ ਤਾਂ ਅਜਿਹਾ ਹੋਣ ਦੀ ਸੂਰਤ ’ਚ ਮੇਅਰ ਦੀ ਕੁਰਸੀ ਹਾਕਮ ਧਿਰ ਤੋਂ ਜਿਆਦਾ ਦੂਰ ਨਹੀਂ ਹੈ।
ਅਣਗੌਲਿਆਂ ਦੀ ਪਵੇਗੀ ਵੁੱਕਤ
ਨਗਰ ਨਿਗਮ ਬਠਿੰਡਾ ਮੌਜੂਦਾ ਸਥਿਤੀ ਦੌਰਾਨ ਆਮ ਆਦਮੀ ਪਾਰਟੀ ਦੇ ਮੋਰਚਾ ਸੰਭਾਲਣ ਦੀ ਸੂਰਤ ’ਚ ਅਣਗੌਲੇ ਕੌਂਸਲਰਾਂ ਦੀ ਵੁੱਕਤ ਪੈ ਸਕਦੀ ਹੈ। ਇੱਕ ਅਜਿਹੇ ਹੀ ਕੌਂਸਲਰ ਨੇ ਦੱਸਿਆ ਕਿ ‘ਸੱਤਾ ਦਾ ਲੱਡੂ’ ਮਿਲਦਾ ਹੋਵੇ ਤਾਂ ਉਹ ਕਿਸ ਨੂੰ ਚੰਗਾ ਨਹੀਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਨਗਰ ਨਿਗਮ ਤੇ ਕਾਂਗਰਸ ਕਾਬਜ ਹੋਣ ਦੇ ਬਾਵਜੂਦ ਵਿਕਾਸ ਅਤੇ ਹੋਰ ਕੰਮਾਂ ਨੂੰ ਲੈਕੇ ਆਪਣਿਆਂ ਨੂੰ ਨਿਵਾਜਣ ਦੀ ਨੀਤੀ ਨੇ ਅੱਧੀ ਦਰਜਨ ਤੋਂ ਵੱੱਧ ਕੌਂਸਲਰਾਂ ਨੂੰ ਨਰਾਜ਼ ਕਰ ਰੱਖਿਆ ਹੈ ਜੋ ਝਾੜੂ ਚੁੱਕ ਸਕਦੇ ਹਨ। ਕੁੱਝ ਕੌਂਸਲਰਾਂ ਦੀ ਚੁੱਪ ਵੀ ਇਸ਼ਾਰਾ ਹੈ ਕਿ ਉਹ ਸੱਤਾ ਦੀ ਖਾਤਰ ਕੁੰਢੀਆਂ ਫਸਾਉਣ ਦੇ ਰੌਂਅ ਵਿੱਚ ਹਨ ਜਿਸ ਕਰਕੇ ਕਿਸੇ ਵੀ ਵਕਤ ਸਿਆਸੀ ਰੱਸਾਕਸ਼ੀ ਸਾਹਮਣੇ ਆ ਸਕਦੀ ਹੈ।
ਆਇਆ ਰਾਮ ਗਿਆ ਰਾਮ ਦੇ ਚਰਚੇ
ਵਾਰਡ ਨੰਬਰ 48 ਦੇ ਗਲੀ ਮੁਹੱਲੇ ਇੱਕੋ ਹੀ ਸੁਆਲ ਹੈ। ਕੀ ਪਦਮਜੀਤ ਮਹਿਤਾ ਮੇਅਰ ਬਣੂਗਾ ਅਤੇ ਕੀ ਹਵਾ ਦਾ ਰੁਖ ਓਹਦੇ ਵੱਲ ਹੈ। ਕਾਂਗਰਸ ਪਾਰਟੀ ਦਾ ਸਿਆਸੀ ਗੱਡਾ ਚਿੱਕੜ ’ਚ ਫਸਿਆ ਜਾਪਦਾ ਹੈ। ਮਨਪ੍ਰੀਤ ਹਮਾਇਤੀਆਂ ਦੀਆਂ ਸਰਗਰਮੀਆਂ ਤੋਂ ਪ੍ਰਬੰਧਕਾਂ ਨੂੰ ਵੀ ਧੜਕੂ ਲੱਗਾ ਹੋਇਆ ਹੈ। ਮੇਅਰ ਦੀ ਚੋਣ ਸਿਰ ਤੇ ਹੋਣ ਕਰਕੇ ‘ਆਇਆ ਰਾਮ ਗਿਆ ਰਾਮ’ ਦੀ ਸਿਆਸਤ ’ਚ ਤੇਜੀ ਆਉਂਦੀ ਦਿਖਦੀ ਹੈ। ਸੂਤਰ ਦੱਸਦੇ ਹਨ ਕਿ ਤਿੰਨ ਕੌਂਸਲਰਾਂ ਨੇ ਝਾੜੂ ਚੁੱਕਣ ਤਿਆਰੀ ਕਰ ਲਈ ਹੈ ਸਿਰਫ ਉਨ੍ਹਾਂ ਨੂੰ ਸ਼ਾਮਲ ਕਰਵਾਉਣ ਲਈ ਸਮਾਂ ਤੇ ਲੀਡਰ ਤੈਅ ਕੀਤਾ ਜਾ ਰਿਹਾ ਹੈ।