ਯੂਪੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਆਈਆਂ ਗੁਰਦਾਸਪੁਰ: ਕੀਤਾ ਗਿਆ ਅੰਤਿਮ ਸਸਕਾਰ
ਰਿਪੋਰਟਰ---ਰੋਹਿਤ ਗੁਪਤਾ
ਗੁਰਦਾਸਪੁਰ, 25 ਦਸੰਬਰ 2024 - 18 ਦਸੰਬਰ ਦੀ ਰਾਤ ਨੂੰ ਸਰਹੱਦੀ ਕਸਬੇ ਕਲਾਨੌਰ ਵਿੱਚ ਬਖਸ਼ੀਵਾਲ ਦੀ ਪੁਲੀਸ ਚੌਕੀ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਕਥਤ ਦੋਸ਼ੀਆਂ ਦਾ 23 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਮੁਕਾਬਲਾ ਹੋਇਆ ਸੀ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਇਹ ਤਿੰਨੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੈਂਬਰ ਜਿਸ ਨੂੰ ਜਗਜੀਤ ਸਿੰਘ ਉਰਫ ਫਤਿਹ ਸਿੰਘ ਵਿਦੇਸ਼ ਵਿੱਚ ਬੈਠਾ ਸੰਚਾਲਿਤ ਕਰ ਰਿਹਾ ਹੈ।ਜਦੋਂ ਕਿ ਇਹ ਤਿੰਨੋਂ ਮੁਲਜ਼ਮ ਸਰਹੱਦੀ ਕਸਬਾ ਕਲਾਨੌਰ ਅਧੀਨ ਪੈਂਦੇ ਪਿੰਡਾਂ ਦੇ ਰਹਿਣ ਵਾਲੇ ਸਨ।
ਜਿਨ੍ਹਾਂ 'ਚੋਂ ਜਸਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਉਮਰ ਕਰੀਬ 18 ਸਾਲ ਵਾਸੀ ਪਿੰਡ ਨਿੱਕਾ ਸ਼ਹੂਰ, ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 25 ਸਾਲ ਵਾਸੀ ਕਲਾਨੌਰ ਅਤੇ ਵਰਿੰਦਰ ਸਿੰਘ ਉਰਫ਼ ਰਵੀ ਪੁੱਤਰ ਰਣਜੀਤ ਸਿੰਘ ਉਮਰ 23 ਸਾਲ ਵਾਸੀ ਪਿੰਡ ਅਗਵਾਨ ਸ਼ਾਮਿਲ ਹੈ। ਤਿੰਨੋ ਹੀ ਨੌਜਵਾਨ ਅਤਿ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ, ਅੱਜ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਗੁਰਦਾਸਪੁਰ ਲਿਆਂਦੀਆਂ ਗਈਆਂ ਅਤੇ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਤਿੰਨਾਂ ਦਾ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਯੂਪੀ ਤੈਂ ਜਿਸ ਐਂਬੂਲੈਂਸ ਜਿਸ ਵਿਚ ਲਾਸ਼ਾਂ ਨੂੰ ਲਿਆਂਦਾ ਜਾ ਰਿਹਾ ਸੀ, ਉਹ ਰਸਤੇ ਵਿਚ ਹੀ ਹਾਦਸਾਗ੍ਰਸਤ ਹੋ ਗਈ ਸੀ ਜਿਸ ਕਾਰਨ ਲਾਸ਼ਾਂ ਨੂੰ ਗੁਰਦਾਸਪੁਰ ਪਹੁੰਚਣ ਵਿਚ ਸਮਾਂ ਲੱਗ ਗਿਆ। ਉੱਥੇ ਹੀ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਨਸ਼ਾ, ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ ਅਤੇ ਨਸ਼ੇ ਦੇ ਪਿੱਛੇ ਲੱਗ ਕੇ ਹੀ ਉਹ ਗਲਤ ਰਾਹ ਚੁਣ ਲੈਂਦੇ ਹਨ। ਨਸ਼ੇ 'ਤੇ ਪਾਬੰਦੀ ਹੋਣੀ ਚਾਹੀਦੀ ਹੈ ।