ਮਿਸ਼ਨ ਪ੍ਰਗਤੀ ਤਹਿਤ ਬਠਿੰਡਾ ਵਿਖੇ 62 ਨੌਜਵਾਨਾਂ ਦੇ ਦੂਜੇ ਬੈਚ ਦੀ ਸਿਖਲਾਈ ਸ਼ੁਰੂ: ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 6 ਅਪ੍ਰੈਲ 2026 : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਮੁਫ਼ਤ ਕੋਚਿੰਗ ਦੇਣ ਲਈ ਚਲਾਏ ਗਏ ਮਿਸ਼ਨ ਪ੍ਰਗਤੀ ਤਹਿਤ ਅੱਜ 62 ਨੌਜਵਾਨਾਂ ਦੇ ਦੂਜੇ ਬੈਚ ਦੀ ਸ਼ੁਰੂਆਤ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਕੀਤੀ ਗਈ ।
ਇਸ ਮੌਕੇ ਨਵੇਂ ਬੈਚ 'ਚ ਪੜ੍ਹ ਰਹੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਮਿਸ਼ਨ ਪ੍ਰਗਤੀ ਨੌਜਵਾਨ ਵਰਗ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਥੇ ਬਠਿੰਡਾ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਆ ਕੇ ਨੌਜਵਾਨ ਮੁਫ਼ਤ ਕੋਚਿੰਗ ਲੈ ਰਹੇ ਹਨ । ਉਨ੍ਹਾਂ ਕੋਚਿੰਗ ਲੈਣ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਸਵੇਰੇ ਬੱਸਾਂ ਰਾਹੀਂ ਆਉਂਦੇ ਹਨ ਅਤੇ ਸਾਰਾ ਦਿਨ ਇਥੇ ਪੜ੍ਹ ਕੇ ਸ਼ਾਮ ਨੂੰ ਮੁੜ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ, ਪੰਜਾਬ ਪੁਲਿਸ/ ਫੌਜ ਜਾਂ ਪੈਰਾ ਮਿਲਟਰੀ ਫੋਰਸ਼ਜ 'ਚ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਉਪਰੰਤ ਭਰਤੀ ਲਈ ਫਿਜ਼ੀਕਲ ਟਰੇਨਿੰਗ ਫਿਟਨੈਸ ਵੀ ਜ਼ਰੂਰੀ ਅੰਗ ਹੈ। ਇਹ ਟੈਸਟ ਪਾਸ ਕਰਨ ਲਈ ਮਾਹਰ ਕੋਚਾਂ ਰਾਹੀਂ ਫਿਜ਼ੀਕਲ ਟਰੇਨਿੰਗ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ 9 ਮਾਰਚ ਤੋਂ ਬਿਨ੍ਹਾਂ ਫੀਸ ਸ਼ੁਰੂ ਕੀਤੀ ਜਾ ਚੁੱਕੀ ਹੈ। ਇਹ ਸਿਖ਼ਲਾਈ ਸ਼ਾਮ 5 ਤੋਂ 6 ਵਜੇ ਤੱਕ ਸਟੇਡੀਅਮ ਵਿਖੇ ਮੁਫ਼ਤ ਦਿੱਤੀ ਜਾਂਦੀ ਹੈ।
ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 40 ਬੱਚਿਆਂ ਦਾ ਬੈਚ ਸ਼ੁਰੂ ਕੀਤਾ ਗਿਆ ਸੀ ਜਿਸ ਵਿਚੋਂ 6 ਵਿਦਿਆਰਥੀਆਂ ਦੀ ਚੋਣ ਸਰਕਾਰੀ ਨੌਕਰੀ ਲਈ ਹੋ ਚੁੱਕੀ ਹੈ। ਇਸ ਮਿਸ਼ਨ ਹੇਠ ਤਜ਼ਰਬੇਕਾਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿਸ ਵਿੱਚ ਦੋ ਅਧਿਆਪਕ ਸਿੱਖਿਆ ਵਿਭਾਗ ਤੋਂ ਸੇਵਾ-ਮੁਕਤ ਅਧਿਆਪਕ ਹਨ ਅਤੇ ਇਹ ਟੀਚਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾ ਰਹੇ ਹਨ।
ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਕਿਤਾਬਾਂ ਲਈ ਨੌਜਵਾਨ ਲਾਇਬ੍ਰੇਰੀ ਚੋਂ ਹੀ ਕਿਤਾਬਾਂ ਲੈ ਕੇ ਪੜ੍ਹ ਸਕਦੇ ਹਨ।