ਡੰਮੀ ਦਾਖਲੇ -ਸਿੱਖਿਆ ਪ੍ਰਣਾਲੀ ਲਈ ਇੱਕ ਵੱਡੀ ਚੁਣੌਤੀ- ਡਾ ਸਤਿੰਦਰ ਸਿੰਘ
ਮੌਜੂਦਾ ਸਮਾ ਸਿੱਖਿਆ ਦੇ ਖੇਤਰ ਵਿੱਚ ਤਬਦੀਲੀਆਂ ਦਾ ਦੌਰ ਹੈ। ਇਸ ਸਮੇਂ ਸਿੱਖਿਆ ਪ੍ਰਣਾਲੀ ਅਨੇਕਾਂ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਹੈ । ਜਿਨਾਂ ਵਿੱਚ ਇੱਕ ਮਹੱਤਵਪੂਰਨ ਸਮੱਸਿਆ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਵੱਧਦੀ ਗੈਰ ਹਾਜ਼ਰੀ ,ਜੋ ਹੁਣ ਵੱਧ ਕੇ ਡੰਮੀ ਦਾਖਲੇ ਦਾ ਰੂਪ ਧਾਰਨ ਕਰ ਚੁੱਕੀ ਹੈ । ਡੰਮੀ ਦਾਖਲੇ ਤੋਂ ਭਾਵ ਵਿਦਿਆਰਥੀ ਕਿਸੇ ਵਿਦਿਅਕ ਸੰਸਥਾ ਵਿੱਚ ਕੇਵਲ ਨਾਮ ਮਾਤਰ ਤੋਰ ਤੇ ਹੀ ਦਾਖਲਾ ਲੈਂਦਾ ਹੈ । ਪਰ ਰੈਗੂਲਰ ਜਮਾਤਾਂ ਨਹੀਂ ਲਗਾਉਂਦਾ ਹੈ, ਸਿਰਫ ਪ੍ਰੀਖਿਆ ਦੇਣ ਲਈ ਹੀ ਜਾਂਦਾ ਹੈ।
ਇਸ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਘੱਟ ਕਰਨ ਅਤੇ ਰੋਜ਼ਾਨਾ ਹਾਜ਼ਰੀ ਦੀ ਸੁਚੱਜੀ ਨਿਗਰਾਨੀ ਕਰਨ ਲਈ ਈ -ਪੰਜਾਬ ਪੋਰਟਲ ਅਧੀਨ ਹਾਜ਼ਰੀ ਮੋਡਿਊਲ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਜਿਸ ਤਹਿਤ ਸਕੂਲ ਮੁਖੀਆਂ ਵੱਲੋਂ ਸਕੂਲ ਲੱਗਣ ਦੇ 02 ਘੰਟੇ ਦੇ ਅੰਦਰ ਅੰਦਰ ਪੋਰਟਲ ਤੇ ਵਿਦਿਆਰਥੀਆਂ ਦੀ ਹਾਜ਼ਰੀ ਮੁਕੰਮਲ ਕੀਤੀ ਜਾਵੇ। ਗੈਰ ਹਾਜ਼ਰ ਵਿਦਿਆਰਥੀਆਂ ਦੀ ਸੂਚਨਾ ਫੋਨ ਰਾਹੀਂ ਤੇ ਐਸਐਮਐਸ ਰਾਹੀਂ ਉਹਨਾਂ ਦੇ ਮਾਪਿਆਂ/ ਸਰਪ੍ਰਸਤਾਂ ਤੱਕ ਪਹੁੰਚੇਗੀ ।ਲੰਬੇ ਸਮੇਂ ਤੋਂ ਗੈਰ ਹਾਜ਼ਰੀ ਦੇ ਮਾਮਲਿਆਂ ਵਿੱਚ ਮਾਪਿਆਂ ਨਾਲ ਸਮੇਂ ਸਮੇਂ ਤੇ ਸੰਪਰਕ ਕੀਤਾ ਜਾਵੇਗਾ। ਅਜਿਹੇ ਫੈਸਲੇ ਸੰਜੀਦਗੀ ਨਾਲ ਲਾਗੂ ਹੁੰਦੇ ਹਨ ਤਾਂ ਇਸ ਨਾਲ ਵਿਦਿਆਰਥੀਆਂ ਦੀ ਵੱਧਦੀ ਗੈਰ ਹਾਜ਼ਰੀ ਦੇ ਰੁਝਾਨ ਨੂੰ ਜਿਥੇ ਨੱਥ ਪਵੇਗੀ , ਉੱਥੇ ਸਿੱਖਿਆ ਦੇ ਗੁਣਾਤਮਕ ਵਿਕਾਸ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਿੱਚ ਵੀ ਸਹਾਈ ਹੋਵੇਗੀ।
ਮੌਜੂਦਾ ਦੌਰ ਵਿੱਚ ਵਿਦਿਆਰਥੀ ਸਕੂਲ ਅਤੇ ਕਾਲਜਾਂ ਦੀਆਂ ਜਮਾਤਾਂ ਤੋਂ ਦੂਰੀ ਬਣਾ ਰਿਹਾ ਹੈ ।ਇਹ ਸਮੱਸਿਆ ਕੋਵਿਡ -19 ਦੀ ਮਹਾਂਮਾਰੀ ਤੋਂ ਬਾਅਦ ਜਿਆਦਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ । ਉਸ ਸਮੇਂ ਮਜਬੂਰੀ ਵੱਸ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਅੱਜ ਸਕੂਲ ਕਾਲਜਾਂ ਦੇ ਇੱਕ ਬਦਲ ਵਜੋਂ ਉਭਰ ਰਹੀ ਹੈ। ਵਿਦਿਆਰਥੀ ਵਰਗ ਸਵੈ ਕੇਂਦਰਿਤ ਹੋ ਰਿਹਾ ਹੈ। ਉਸ ਦਾ ਮੁੱਖ ਉਦੇਸ਼ ਕਿਤਾਬੀ ਗਿਆਨ ਹਾਸਲ ਕਰਕੇ, ਪ੍ਰੀਖਿਆ ਵਿੱਚ ਵੱਧ ਤੋਂ ਵੱਧ ਅੰਕ ਹਾਸਲ ਕਰਨਾ ਜਾਂ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਚੰਗੀ ਨੌਕਰੀ ਹਾਸਿਲ ਕਰਕੇ ਆਰਥਿਕ ਸਥਿਤੀ ਮਜਬੂਤ ਕਰਨ ਤੱਕ ਸੀਮਤ ਹੋ ਚੁੱਕਿਆ ਹੈ। ਜਦ ਕਿ ਸਿੱਖਿਆ ਦਾ ਅਰਥ ਬਹੁਤ ਵਿਸ਼ਾਲ ਹੈ, ਜਿਸ ਵਿੱਚ ਵਿਦਿਆਰਥੀ ਦਾ ਸਰਵ ਪੱਖੀ ਵਿਕਾਸ ਅਰਥਾਤ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਨੈਤਿਕ ਵਿਕਾਸ ਸ਼ਾਮਲ ਹੈ। ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ। ਸਿੱਖਿਆ ਮਨੁੱਖੀ ਜੀਵਨ ਦੀ ਮਜਬੂਤ ਨੀਂਹ ਹੈ । ਸਕੂਲ ਅਤੇ ਕਾਲਜ ਇਸ ਨੀਂਹ ਨੂੰ ਮਜਬੂਤ ਬਣਾਉਣ ਵਾਲੇ ਸਰਵ ਉੱਚ ਕੇਂਦਰ ਹਨ। ਰੈਗੂਲਰ ਜਮਾਤਾਂ ਲਗਾਉਣਾ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਜਰੂਰੀ ਹੈ। ਰੈਗੂਲਰ ਹਾਜ਼ਰੀ ਵਿਦਿਆਰਥੀ ਲਈ ਵਰਦਾਨ ਹੈ । ਇਸ ਦੇ ਉਨਾਂ ਨੂੰ ਅਨੇਕਾਂ ਮਹੱਤਵਪੂਰਨ ਲਾਭ ਮਿਲਦੇ ਹਨ, ਜੋ ਉਨਾਂ ਦੇ ਭਵਿੱਖ ਨੂੰ ਉਜਵੱਲ ਬਣਾਉਂਦੇ ਹਨ । ਜਮਾਤ ਵਿੱਚ ਵਿਦਿਆਰਥੀ ਆਪਣੇ ਅਧਿਆਪਕ ਦੇ ਸਿੱਧਾ ਸੰਪਰਕ ਵਿੱਚ ਹੁੰਦਾ ਹੈ । ਜਿਸ ਨਾਲ ਉਹ ਆਪਣੀਆਂ ਸਮੱਸਿਆਵਾਂ ਅਤੇ ਸ਼ੰਕਾਵਾਂ ਦਾ ਤੁਰੰਤ ਹੱਲ ਲੱਭ ਸਕਦਾ ਹੈ। ਵਿਸ਼ੇ ਨੂੰ ਗਹਿਰਾਈ ਨਾਲ ਸਮਝਣਾ ਅਤੇ ਲਗਾਤਾਰ ਸਿੱਖਣ ਨਾਲ ਹੀ ਉਸਦੇ ਬੁਨਿਆਦੀ ਸੰਕਲਪ ਮਜਬੂਤ ਹੁੰਦੇ ਹਨ। ਜਮਾਤ ਵਿੱਚੋਂ ਹੀ ਵਿਦਿਆਰਥੀ ਸਮੇਂ ਦੀ ਕਦਰ, ਸਮਾਂ ਪ੍ਰਬੰਧਨ, ਜਿੰਮੇਵਾਰੀ ਦੀ ਭਾਵਨਾ, ਧੀਰਜ ਅਤੇ ਅਨੁਸ਼ਾਸਨ ਵਰਗੇ ਕੀਮਤੀ ਗੁਣ ਗ੍ਰਹਿਣ ਕਰਦਾ ਹੈ। ਜੋ ਸਾਰੀ ਜ਼ਿੰਦਗੀ ਉਸਦੇ ਕੰਮ ਆਉਂਦੇ ਹਨ । ਰੈਗੂਲਰ ਜਮਾਤਾਂ ਜਿੱਥੇ ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਚੰਗੇ ਨਤੀਜੇ ਦਿੰਦੇ ਹਨ, ਉੱਥੇ ਉਸ ਵਿੱਚ ਸੰਚਾਰ ਹੁਨਰ ,ਸਮਾਜਿਕ ਰਿਸ਼ਤਿਆਂ ਦੀ ਮਹੱਤਤਾ, ਸਹਿਯੋਗ ,ਸਨਮਾਨ ਅਤੇ ਜਿੰਮੇਵਾਰੀ ਵਰਗੇ ਮੁੱਲ ਵੀ ਪ੍ਰਾਪਤ ਕਰਦਾ ਹੈ। ਜਿਸ ਨਾਲ ਉਸ ਦਾ ਆਤਮ ਵਿਸ਼ਵਾਸ ਵੀ ਵੱਧਦਾ ਹੈ। ਸਕੂਲ /ਕਾਲਜਾਂ ਦੀਆਂ ਵੱਖ ਵੱਖ ਲੈਬੋਰਟਰੀਆਂ ,ਖੇਡ ਦੇ ਮੈਦਾਨ ਸਹਿਪਾਠੀ ਗਤੀਵਿਧੀਆਂ ਵਿਦਿਆਰਥੀ ਜੀਵਨ ਦੇ ਵਿਕਾਸ ਦਾ ਕੇਂਦਰ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਰੈਗੂਲਰ ਜਮਾਤਾਂ ਲਗਾਉਣਾ ਵਿਦਿਆਰਥੀ ਦੀ ਸਫਲਤਾ ਦੀ ਕੁੰਜੀ ਹੈ ,ਜੋ ਵਿਦਿਆਰਥੀ ਦੀ ਸਿਰਫ ਅਕਾਦਮਿਕ ਤਰੱਕੀ ਹੀ ਨਹੀਂ ,ਬਲਕਿ ਉਸਦੇ ਚਰਿੱਤਰ ਨਿਰਮਾਣ ਅਤੇ ਭਵਿੱਖ ਨੂੰ ਵੀ ਮਜਬੂਤ ਬਣਾਉਂਦੀ ਹੈ।
ਰੈਗੂਲਰ ਜਮਾਤਾਂ ਦੀ ਇੰਨੀ ਵੱਡੀ ਮਹੱਤਤਾ ਹੋਣ ਦੇ ਬਾਵਜੂਦ ਵੀ ਦੁੱਖ ਦੀ ਗੱਲ ਹੈ ਕਿ ਵਿਦਿਆਰਥੀ ਵਰਗ ਵਿੱਚ ਸਕੂਲਾਂ ਅਤੇ ਕਾਲਜਾਂ ਦੀਆਂ ਜਮਾਤਾਂ ਤੋਂ ਦੂਰ ਰਹਿਣ ਦੀ ਪ੍ਰਵਿਰਤੀ ਲਗਾਤਾਰ ਵੱਧ ਰਹੀ ਹੈ। ਇਹ ਰੁਝਾਨ ਸਿਰਫ ਵਿਅਕਤੀਗਤ ਪੱਧਰ ਤੇ ਹੀ ਨਹੀਂ ਸਗੋਂ ਸਮਾਜਿਕ ,ਬੋਧਿਕ ਅਤੇ ਸਰੀਰਕ ਪੱਧਰ ਤੇ ਵੀ ਨੁਕਸਾਨ ਦੇਹ ਸਾਬਿਤ ਹੋ ਰਿਹਾ ਹੈ ।
ਇਸ ਰੁਝਾਨ ਦੇ ਵੱਧਨ ਦੇ ਕਈ ਕਾਰਨ ਹਨ। ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਜੇ ਈ ਈ, ਨੀਟ ,ਐਨ ਡੀ ਏ, ਕਲੈਟ, ਆਈਲੈਟਸ ਆਦਿ ਦੀ ਤਿਆਰੀ ਲਈ ਵਿਦਿਆਰਥੀ ਕੋਚਿੰਗ ਸੈਂਟਰਾਂ ਵੱਲ ਵੱਧ ਰਹੇ ਹਨ । ਸਕੂਲਾ ਅਤੇ ਕਾਲਜਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਕੋਚਿੰਗ ਅਕੈਡਮੀਆਂ ਸਾਡੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵੱਧ ਫੁੱਲ ਰਹੀਆਂ ਹਨ। ਜੇ ਇਹਨਾਂ ਵਿੱਚ ਪੜ੍ਦੇ ਬੱਚਿਆਂ ਦੀ ਸਫਲਤਾ ਦੀ ਪ੍ਰਤੀਸ਼ਤਤਾ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹਨਾਂ ਦੇ ਇਸ਼ਤਿਹਾਰਾਂ ਦੇ ਉਲਟ ਸਥਿਤੀ ਸਾਹਮਣੇ ਆ ਸਕਦੀ ਹੈ।
ਇਹਨਾਂ ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਵੱਧਦਾ ਮੁਕਾਬਲਾ ਵੀ ਚਿੰਤਾ ਦਾ ਵਿਸ਼ਾ ਹੈ । ਮੈਡੀਕਲ ਖੇਤਰ ਦੀ ਪ੍ਰਮੁੱਖ ਨੀਟ ਪ੍ਰੀਖਿਆ ਲਈ ਸਾਲ 2025 ਵਿੱਚ 22.70 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ,ਜਿਸ ਵਿੱਚੋਂ ਸਿਰਫ 1.18 ਲੱਖ ਵਿਦਿਆਰਥੀਆਂ ਨੂੰ ਹੀ ਦੇਸ਼ ਦੇ 702 ਮੈਡੀਕਲ ਕਾਲਜਾਂ ਵਿੱਚ ਐਮ ਬੀ ਬੀ ਐਸ ਵਿੱਚ ਦਾਖਲਾ ਮਿਲ ਸਕਿਆ, ਉਹਨਾਂ ਵਿੱਚੋਂ ਵੀ 60 ਪ੍ਰਤੀਸ਼ਤ ਨੇ 70 ਲੱਖ ਤੋਂ 01 ਕਰੋੜ ਰੁਪਏ ਤੱਕ ਦੀ ਫੀਸ ਨਾਲ ਪ੍ਰਾਈਵੇਟ ਕਾਲਜਾਂ ਤੋਂ ਡਿਗਰੀ ਮੁਕੰਮਲ ਕਰਨੀ ਹੈ। ਸਾਲ 2026 ਦੇ ਜੇ ਈ ਈ ਮੇਨ ਟੈਸਟ ਲਈ 13.50 ਲੱਖ ਵਿਦਿਆਰਥੀਆਂ ਨੇ ਦੇਸ਼ ਦੇ 23 ਆਈ ਆਈ ਟੀ ਸੰਸਥਾਵਾਂ ਦੀਆਂ 18 ਹਜ਼ਾਰ ਸੀਟਾਂ ਲਈ ਅਪਲਾਈ ਕੀਤਾ। ਇਸੇ ਤਰ੍ਹਾਂ ਸਾਲ 2025 ਵਿੱਚ ਐਨ ਡੀ ਏ ਦੀ ਪ੍ਰੀਖਿਆ ਲਈ 06 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਅਪਲਾਈ ਕੀਤਾ ,ਜਿਸ ਵਿੱਚੋਂ ਸਿਰਫ 735 ਵਿਦਿਆਰਥੀ ਨੂੰ ਹੀ ਸਫਲਤਾ ਮਿਲੀ। ਇਹਨਾਂ ਪ੍ਰੀਖਿਆਵਾਂ ਲਈ ਇੰਨਾ ਜ਼ਬਰਦਸਤ ਮੁਕਾਬਲਾ ਹੀ ਵਿਦਿਆਰਥੀ ਵਰਗ ਵਿੱਚ ਤਨਾਅ ਪੈਦਾ ਕਰ ਰਿਹਾ ਹੈ। ਉਸੇ ਲਈ ਵਿਦਿਆਰਥੀ ਅਤੇ ਮਾਪੇ ਕੁਝ ਵੀ ਕਰਨ ਲਈ ਤਿਆਰ ਹਨ। ਵਿਦਿਆਰਥੀ ਸਕੂਲਾਂ ਦੀ ਪੜ੍ਹਾਈ ਨੂੰ ਸਮੇਂ ਦੀ ਬਰਬਾਦੀ ਦੱਸਦੇ ਹਨ। ਉਹ ਕੋਚਿੰਗ ਕੇਂਦਰਾਂ ਅਤੇ ਘਰ ਵਿੱਚ ਸੈਲਫ ਸਟੱਡੀ ਉੱਪਰ 14 ਤੋਂ 18 ਘੰਟੇ ਤੱਕ ਬਤੀਤ ਕਰਦੇ ਹਨ । ਪ੍ਰੈਕਟੀਕਲ ਅਤੇ ਸਕਿਲ ਅਧਾਰਤ ਪੜਾਈ ਦੀ ਥਾਂ ਤੇ ਰੱਟੇਬਾਜ਼ੀ ਤੇ ਜ਼ੋਰ ਦਿੱਤਾ ਜਾਂਦਾ ਹੈ। ਦੇਸ਼ ਦੀ ਕੋਚਿੰਗ ਹੱਬ ਵਜੋਂ ਜਾਣੇ ਜਾਂਦੇ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਉਜਵੱਲ ਭਵਿੱਖ ਦੀ ਕਾਮਨਾ ਲੈ ਕੇ ਹਰ ਸਾਲ 02 ਲੱਖ ਤੋਂ ਵੱਧ ਵਿਦਿਆਰਥੀ ਪਹੁੰਚਦੇ ਹਨ । ਜਿਨ੍ਹਾਂ ਵਿੱਚੋਂ ਕੁਝ ਪ੍ਰਤੀਸ਼ਤ ਹੀ ਸਫਲਤਾ ਹਾਸਲ ਕਰਕੇ ਮੁੜਦੇ ਹਨ। ਕੁਝ ਵਿਦਿਆਰਥੀ ਤਾਂ ਮਿਹਨਤ ਕਰਨ ਦੇ ਬਾਵਜੂਦ ,ਘਰ ਤੋਂ ਦੂਰ ਰਹਿ ਕੇ ਲੱਖਾਂ ਰੁਪਏ ਲਗਾ ਕੇ ਵੀ ਸਫਲ ਨਹੀਂ ਹੁੰਦੇ ਜਾ ਪੜ੍ਹਾਈ ਦੋਰਾਨ ਕੜੇ ਮੁਕਾਬਲੇ ਦਾ ਸਾਹਮਣਾ ਨਹੀਂ ਕਰ ਪਾਉਂਦੇ ਤਾਂ ਉਹ ਆਪਣੀ ਜੀਵਨ ਲੀਲਾ ਤੱਕ ਸਮਾਪਤ ਕਰਨ ਵਰਗਾ ਗੰਭੀਰ ਕਦਮ ਚੁੱਕ ਲੈਂਦੇ ਹਨ। ਜਿਸ ਸਿੱਖਿਆ ਨੂੰ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਕਿਹਾ ਜਾਂਦਾ ਹੈ, ਉਸ ਸਿੱਖਿਆ ਨੂੰ ਗ੍ਰਹਿਣ ਕਰਦੇ ਵਿਦਿਆਰਥੀ ਤਨਾਅ ਵਿੱਚ ਪਹੁੰਚ ਕੇ ਜੀਵਨ ਖਤਮ ਕਰਨ ਬਾਰੇ ਸੋਚ ਲੈਂਦੇ ਹਨ। ਇਸ ਗੰਭੀਰ ਸਮੱਸਿਆ ਪ੍ਰਤੀ ਸੰਜੀਦਗੀ ਨਾਲ ਸੋਚਣ ਦਾ ਸਮਾਂ ਹੈ।
ਇਹ ਸਮੱਸਿਆ ਕਾਲਜਾਂ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਦੇ ਵਿਦਿਆਰਥੀਆਂ ਵਿੱਚ ਵੀ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਦੇਸ਼ ਦੇ ਸਭ ਤੋਂ ਕਠਿਨ ਪ੍ਰੀਖਿਆ ਵੱਜੋਂ ਜਾਣੀ ਜਾਂਦੀ ਯੂ ਪੀ ਐਸ ਸੀ ਲਈ ਆਈ ਏ ਐਸ ਅਤੇ ਆਈ ਪੀ ਐਸ ਬਨਣ ਦੇ ਚਾਹਵਾਨ 9.50 ਲੱਖ ਦੇ ਕਰੀਬ ਨੌਜਵਾਨ ਅਪਲਾਈ ਕਰਦੇ ਹਨ , ਜਦਕਿ ਚੋਣ ਸਿਰਫ 900 ਤੋਂ 1000 ਤੱਕ ਦੀ ਹੀ ਹੁੰਦੀ ਹੈ । ਦੇਸ਼ ਵਿੱਚ ਇਸ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਵਪਾਰ ਸਲਾਨਾ 3000 ਕਰੋੜ ਤੋਂ ਉੱਪਰ ਪਹੁੰਚ ਚੁੱਕਿਆ ਹੈ।
ਦੇਸ਼ ਵਿੱਚ ਆਈ ਡਿਜੀਟਲ ਕ੍ਰਾਂਤੀ ਦੇ ਕਾਰਨ ਵੀ ਵਿਦਿਆਰਥੀਆਂ ਦਾ ਧਿਆਨ ਭੰਗ ਹੋ ਰਿਹਾ ਹੈ । ਜਿਸ ਡਿਜੀਟਲ ਕ੍ਰਾਂਤੀ ਨੇ ਵਿਦਿਆਰਥੀ ਵਰਗ ਲਈ ਵਰਦਾਨ ਬਣਨਾ ਸੀ, ਉਹ ਸਰਾਪ ਬਣ ਰਹੀ ਹੈ । ਮੋਬਾਇਲ ਫੋਨ ਦੀ ਬੇਲੋੜੀ ਵਰਤੋ ,ਸੋਸ਼ਲ ਮੀਡੀਆ, ਆਨਲਾਈਨ ਗੇਮ, ਆਨਲਾਈਨ ਚੈਟਿੰਗ ਅਤੇ ਅਨੇਕਾਂ ਇੰਟਰਨੈੱਟ ਐਪ ਵਿਦਿਆਰਥੀ ਦਾ ਕਾਫੀ ਸਮਾਂ ਖਾ ਰਹੇ ਹਨ। ਜਿਸ ਕਾਰਨ ਉਹ ਪੜ੍ਹਾਈ ਅਤੇ ਕਲਾਸਾਂ ਤੋਂ ਦੂਰ ਹੋ ਰਹੇ ਹਨ।
ਮਾਪਿਆਂ ਵੱਲੋਂ ਘੱਟਦੀ ਨਿਗਰਾਨੀ ਅਤੇ ਬੱਚਿਆਂ ਨੂੰ ਦਿੱਤੀ ਜਾਂਦੀ ਖੁੱਲ ਅਤੇ ਵੱਧ ਪੈਸਾ ਵੀ ਇਸ ਸਮੱਸਿਆ ਵਿੱਚ ਵਾਧਾ ਕਰ ਰਹੇ ਹਨ।
ਸਿੱਖਿਆ ਦਾ ਵਪਾਰੀਕਰਨ ਵੱਧਣ ਦੇ ਕਾਰਨ ਕੁਝ ਵਿਦਿਅਕ ਸੰਸਥਾਵਾਂ ਵੀ ਇਸ ਸਮੱਸਿਆ ਨੂੰ ਗੰਭੀਰ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਇਹਨਾਂ ਸੰਸਥਾਵਾਂ ਵਿੱਚ ਸਿੱਖਿਆ ਦੀ ਗੁਣਵੱਤਾ ਦੀ ਘਾਟ , ਰੈਗੂਲਰ ਜਮਾਤਾਂ ਦਾ ਨਾਂ ਲੱਗਣਾ, ਅਨੁਸ਼ਾਸਨ ਦੀ ਕਮੀ ਅਤੇ ਯੋਗ ਸਟਾਫ ਦਾ ਨਾ ਹੋਣਾ ਵਿਦਿਆਰਥੀਆਂ ਨੂੰ ਕੋਚਿੰਗ ਸੈਂਟਰਾਂ ਵੱਲ ਜਾਣ ਲਈ ਮਜਬੂਰ ਕਰਦਾ ਹੈ।
ਵਿਦਿਆਰਥੀ ਵਰਗ ਨੂੰ ਵਿਦਿਅਕ ਸੰਸਥਾਵਾਂ ਨਾਲ ਜੋੜਨ ਲਈ ਸਭ ਤੋਂ ਪਹਿਲਾਂ ਤਾਂ ਪੜ੍ਹਾਈ ਨੂੰ ਰੋਚਕ ਬਣਾਉਣਾ ਹੋਵੇਗਾ, ਵਿਦਿਆਰਥੀਆਂ ਦੀ ਰੁਚੀ ਅਨੁਸਾਰ ਸਹਿਪਾਠੀ ਗਤੀਵਿਧੀਆਂ ਸੁਚੱਜੇ ਢੰਗ ਨਾਲ ਆਯੋਜਿਤ ਕੀਤੀਆਂ ਜਾਣ,ਸਿੱਖਿਆ ਲਈ ਉਚਿਤ ਅਤੇ ਸੁਚੱਜਾ ਵਾਤਾਵਰਨ ਪੈਦਾ ਕਰਨਾ ਹੋਵੇਗਾ। ਵਿਦਿਆਰਥੀਆਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਕਦਮ ਚੁੱਕਣੇ ਪੈਣਗੇ ,ਅਧਿਆਪਕ ਨੂੰ ਵਿਦਿਆਰਥੀ ਨਾਲ ਦੋਸਤਾਨਾ ਅਤੇ ਮਾਰਗ ਦਰਸ਼ਕ ਵਾਲਾ ਵਤੀਰਾ ਰੱਖਣਾ ਹੋਵੇਗਾ, ਕੋਚਿੰਗ ਸੈਂਟਰਾਂ ਅਤੇ ਸਕੂਲਾਂ ਅਤੇ ਕਾਲਜਾਂ ਦੀ ਪੜ੍ਹਾਈ ਵਿੱਚ ਸੰਤੁਲਨ ਬਣਾਉਣਾ ਬੇਹੱਦ ਜਰੂਰੀ ਹੈ।
ਆਨਲਾਈਨ ਸਿੱਖਿਆ ਕਦੇ ਵੀ ਅਧਿਆਪਕ ਦਾ ਬਦਲ ਨਹੀਂ ਹੋ ਸਕਦੀ।
ਵੱਖ-ਵੱਖ ਸਿੱਖਿਆ ਬੋਰਡਾਂ ਵੱਲੋਂ 75 ਪ੍ਰਤੀਸ਼ਤ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਦੇ ਨਿਯਮ ਨੂੰ ਸਖਤੀ ਨਾਲ ਲਾਗੂ ਕਰਨਾ ਪਵੇਗਾ।
ਇਸ ਗੰਭੀਰ ਸਮੱਸਿਆ ਦੇ ਹੱਲ ਲਈ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਰਕਾਰ ਸਭ ਨੂੰ ਮਿਲ ਕੇ ਯਤਨ ਕਰਨੇ ਪੈਣਗੇ । ਜੇ ਅਸੀਂ ਸਮੇਂ ਸਿਰ ਇਸ ਸਮੱਸਿਆ ਨੂੰ ਨਹੀਂ ਲੱਭਿਆ ਤਾਂ ਇਹ ਸਾਡੀ ਸਿੱਖਿਆ ਪ੍ਰਣਾਲੀ ਅਤੇ ਭਵਿੱਖੀ ਪੀੜੀ ਲਈ ਘਾਤਕ ਸਾਬਤ ਹੋ ਸਕਦੀ ਹੈ।
ਡਾ ਸਤਿੰਦਰ ਸਿੰਘ
ਸਟੇਟ ਅਤੇ ਨੈਸ਼ਨਲ ਅਵਾਰਡੀ
ਧਵਨ ਕਲੋਨੀ, ਫਿਰੋਜ਼ਪੁਰ ਸ਼ਹਿਰ
9815427554

-
ਡਾ ਸਤਿੰਦਰ ਸਿੰਘ , ਸਟੇਟ ਅਤੇ ਨੈਸ਼ਨਲ ਅਵਾਰਡੀ
dr.satinder.fzr@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.