ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਵਾਤਾਵਰਨ ਪ੍ਰਤੀ ਜਾਗਰੂਕਤਾ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਭਗਤਾ ਭਾਈ, 27 ਫਰਵਰੀ 2026: ‘ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜੋ ਵਿੱਦਿਅਕ ਪੱਖ ਦੇ ਨਾਲ-ਨਾਲ ਹੋਰ ਅਜਿਹੀਆਂ ਗਤੀਵਿਧੀਆਂ ਦਾ ਹਿੱਸਾ ਵੀ ਬਣਦੀ ਹੈ ਜੋ ਸਮਾਜ ਦੇ ਉਦਾਰ ਲਈ ਲਾਹੇਵੰਦ ਸਾਬਿਤ ਹੁੰਦੀਆਂ ਹਨ। ਇਸੇ ਲੜੀ ਤਹਿਤ ‘ਭਾਈ ਘਨ੍ਹੱਈਆ ਕੈਂਸਰ ਰੋੋਕ ਸੇਵਾ ਸੁਸਾਇਟੀ, ਫਰੀਦਕੋਟ ਨੇ ਆਕਸਫ਼ੋਰਡ ਵਿਖੇ ਸਿਹਤ ਸਿੱਖਿਆ, ਵਾਤਾਵਰਨ, ਟੈ੍ਰਫਿਕ ਸਮਾਜਿਕ ਕੁਰੀਤੀਆਂ ਦੇ ਖਾਤਮੇ, ਨੈਤਿਕ ਕਦਰਾਂ-ਕੀਮਤਾਂ ਅਤੇ ਸਿਹਤਮੰਦ ਪੰਜਾਬ ਬਾਰੇ ਵਾਤਾਵਰਨ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਦੇ ਮੁੱਖ ਮਹਿਮਾਨ ਅਮਰਜੀਤ ਸਿੰਘ ਬਰਾੜ, ਯੂ.ਐਸ.ਏ ਸਨ ਜਦੋਂ ਕਿ ਮੁੱਖ ਬੁਲਾਰੇ ਸਮਾਜ ਸੇਵੀ ਅਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਸਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸਭਨਾ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।
ਮੁੱਖ ਬੁਲਾਰੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਿਦਿਆਰਥੀਆਂ ਤੋਂ ਵਾਤਾਵਰਨ ਸਾਫ਼ ਰੱਖਣ ਅਤੇ ਸਾਫ਼ ਹਵਾ ਦੀ ਮਿਕਦਾਰ ਵਧਾਉਣ ਲਈ ਪਟਾਕੇ ਨਾ ਚਲਾਉਣ ਦਾ ਵਾਅਦਾ ਲਿਆ।ਉਹਨਾਂ ਨੇ ਵਿਦਿਆਰਥੀਆਂ ਨੁੰ ਸੱਭਿਅਕ ਢੰਗ ਦੇ ਕੱਪੜੇ ਪਾਉਣ ਦਾ ਵੀ ਸੁਨੇਹਾ ਦਿੱਤਾ।ਉਹਨਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਜੋ ਵਿਦਿਆਰਥੀ ਵਾਤਾਵਰਨ ਦੀ ਸੰਭਾਲ ਕਰਦੇ ਹੋਏ ਉੱਚੇ ਅਹੁਦੇ ਤੇ ਪਹੁੰਚੇਗਾ, ਉਸਨੂੰ ਉਹਨਾਂ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼੍ਰੀ ਮਹਿੰਦੀਰੱਤਾ ਨੇ ਕਿਹਾ ਕਿ ਸਿਹਤ ਸੁਰੱਖਿਆ ਭਾਵ ਸਿਹਤ ਦੇ ਧੰਨ ਦੀ ਸੰਭਾਲ ਕਰਕੇ, ਵਾਤਾਵਰਨ ਨੂੰ ਸਾਫ-ਸੁਥਰਾ ਰੱਖ ਕੇ, ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਹੋ ਕੇ ਹੀ ਇੱਕ ਸਿਹਤਮੰਦ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ। ਇਸ ਮੌਕੇ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਕਤਾ ਸਾਹਿਤ ਵੀ ਵੰਡਿਆ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਆਕਸਫੋਰਡ ਸਕੂਲ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਸਾਫ ਸੁਥਰੇ ਵਾਤਾਵਰਨ ਦੀ ਮਹੱਤਤਾ, ਟੈ੍ਰਫਿਕ ਨਿਯਮਾਂ ਦੀ ਪਾਲਣਾ ਅਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਦੀ ਲੋੜ 'ਤੇ ਦਿੱਤਾ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇੱਕ ਸਿਹਤਮੰਦ ਪੰਜਾਬ ਦੇ ਸਿਰਜਕ ਬਣਨ ਲਈ ਸਾਨੂੰ ਖੁਦ ਨੂੰ ਜਾਗੁਰੂਕ ਹੋਣਾ ਪਵੇਗਾ ਅਤੇ ਆਲੇ-ਦੁਆਲੇ ਨੂੰ ਵੀ ਜਾਗ੍ਰਿਤ ਕਰਨਾ ਪਵੇਗਾ।
ਅੰਤ ਵਿੱਚ ਉਹਨਾਂ ਨੇ ‘ਭਾਈ ਘਨ੍ਹੱਈਆ ਕੈਂਸਰ ਰੋੋਕ ਸੇਵਾ ਸੁਸਾਇਟੀ ਫਰੀਦਕੋਟ ਅਤੇ ਕੋਟਕਪੂਰਾ ਗਰੁੱਪ ਆਫ਼ ਫੈਮਲੀਜ਼ ਬਰੈੰਪਟਨ(ਕਨੈਡਾ), ਮੁੱਖ ਮਹਿਮਾਨ ਸ. ਗੁਰਿੰਦਰ ਸਿੰਘ, ਪ੍ਰੈੱਸ ਸਕੱਤਰ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) ,ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ), ਕੋਆਰਡੀਨੇਟਰਜ਼ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।