ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਯਾਦ ਕਰਦਿਆਂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਰੋਜ਼ਾ ਸੈਮੀਨਾਰ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 27 ਫ਼ਰਵਰੀ 2026:- ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਪਹਿਲੀ ਓਪਨ ਯੂਨੀਵਰਸਿਟੀ ਹੈ ਜੋ ਕਿ 2019 ਦੇ ਵਿਚ ਸਟੇਟ ਲੈਜੀਸਲਿਟੇਵ ਐਕਟ 19 ਦੇ ਤਹਿਤ ਪਟਿਆਲਾ ਜਿਲ੍ਹੇ ਵਿਚ ਸਥਾਪਿਤ ਕੀਤੀ ਗਈ ਸੀ। ਇਹ ਯੂਨੀਵਰਸਿਟੀ ਓਪਨ ਅਤੇ ਡਿਸ਼ਟੈਂਸ ਸਿਖਿੱਆ ਰਾਹੀਂ ਨੌਕਰੀਪੇਸ਼ਾ, ਕੰਮ ਕਾਜੀ, ਪੜ੍ਹਾਈ ਛੱਡ ਚੁੱਕੇ, ਅੰਗਹੀਣ, ਜੇਲ੍ਹਾਂ ਦੇ ਕੈਦੀ ਅਤੇ ਭੂਗੋਲਿਕ ਤੌਰ ਤੇ ਦੂਰ-ਦੁਰਾਡੇ ਖੇਤਰਾਂ ਦੇ ਵਿਦਿਆਰਥੀਆਂ, ਖਾਸ ਕਰਕੇ ਔਰਤਾਂ ਅਤੇ ਗ੍ਰਾਮੀਣ ਖੇਤਰਾਂ ਵਿਚ ਓਪਨ ਵਿਧੀ ਰਾਹੀਂ ਪੜ੍ਹਾ ਰਹੀ ਹੈ। ਇਸੇ ਸੰਬੰਧਿਤ ਇਸ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਤੇ ਸਾਹਿਤ ਸਮਾਜ ਨਾਲ ਜੁੜੇ ਉਪਰਾਲੇ ਕੀਤੇ ਜਾਂਦੇ ਹਨ। ਇਸੇ ਕਾਰਜ ਤਹਿਤ ਯੂਨੀਵਰਸਿਟੀ ਵੱਲੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਇੱਕ ਰੋਜ਼ਾ ਸੈਮੀਨਾਰ ਉਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਡਾ.ਰਵੀਦਿੱਤ ਸਿੰਘ ਜੀ ਨੇ ਦੱਸਿਆ ਕਿ ਇਹ ਇੱਕ ਰੋਜ਼ਾ ਸੈਮੀਨਾਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਇਤਿਹਾਸ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਪੰਜਾਬ ਦੇ ਸਹਿਯੋਗ ਨਾਲ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ ਵਿਖੇ 9 ਮਾਰਚ 2026 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਡਾ ਮਹਿੰਦਰ ਸਿੰਘ ਰੰਧਾਵਾ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ
ਮਹਾਨ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਸਫਲਤਾ ਅਤੇ ਪ੍ਰੇਰਣਾ ਦਾ ਸਦੀਵੀ ਮਾਰਗ ਤਿਆਰ ਕਰਦੇ ਹਨ। ਡਾ. ਰੰਧਾਵਾ ਪੰਜਾਬ ਦੀ ਨੀਂਹ ਵਿੱਚ ਉਹ ਇੱਟ ਹਨ ਜਿਸਨੂੰ ਜੇਕਰ ਵੱਖ ਕੀਤਾ ਜਾਵੇ ਤਾਂ ਪੂਰੀ ਇਮਾਰਤ ਢਹਿ ਜਾਵੇਗੀ। ਡਾ. ਰੰਧਾਵਾ 20ਵੀਂ ਸਦੀ ਦੇ ਇੱਕ ਅਜਿਹੇ ਵਿਅਕਤੀ ਸਨ, ਜਿਨ੍ਹਾਂ ਦਾ ਪੰਜਾਬ ਅਤੇ ਪੰਜਾਬੀਅਤ ਵਿੱਚ ਯੋਗਦਾਨ ਬੇਮਿਸਾਲ ਹੈ। ਡਾ. ਐਮ.ਐਸ. ਰੰਧਾਵਾ ਫੁੱਲਾਂ ਨੂੰ ਉਨ੍ਹਾਂ ਦੇ ਰੰਗ ਅਤੇ ਸਮਰੂਪਤਾ ਕਾਰਨ ਪਿਆਰ ਕਰਦੇ ਸਨ। ਉਹ ਕਵੀਆਂ, ਕਲਾਕਾਰਾਂ ਅਤੇ ਲੇਖਕਾਂ ਨੂੰ ਉਨ੍ਹਾਂ ਦੀ ਕਲਾ ਕਾਰਨ ਪਿਆਰ ਕਰਦੇ ਸਨ। ਉਨ੍ਹਾਂ ਦੀ ਸੁਹਜ ਭਾਵਨਾ ਨੇ ਵਧੀਆ ਪੇਂਟਿੰਗਾਂ, ਸ਼ਾਨਦਾਰ ਲਿਖਤ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਖੋਜ ਕੀਤੀ। ਉਨ੍ਹਾਂ ਨੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਲਾਇਬ੍ਰੇਰੀ ਲਹਿਰ ਦੀ ਸ਼ੁਰੂਆਤ ਕੀਤੀ। ਸ਼ਹਿਰਾਂ ਵਿੱਚ, ਉਹ ਲਾਇਬ੍ਰੇਰੀਆਂ ਤੋਂ ਇਲਾਵਾ ਆਰਟ ਗੈਲਰੀਆਂ ਅਤੇ 'ਅਕਾਦਮੀਆਂ' ਦੇ ਹੱਕ ਵਿੱਚ ਸਨ, ਜਿਸਦੀ ਇੱਕ ਉਦਾਹਰਣ ਚੰਡੀਗੜ੍ਹ ਹੈ।
ਡਾ. ਐਮ.ਐਸ. ਰੰਧਾਵਾ ਨੇ ਪੰਜਾਬੀ ਵਿੱਚ ਕਿਤਾਬਾਂ ਲਿਖੀਆਂ, ਸੰਪਾਦਿਤ ਕੀਤੀਆਂ ਅਤੇ ਸੰਕਲਿਤ ਕੀਤੀਆਂ ਹਨ, ਉਨ੍ਹਾਂ ਨੇ ਪੰਜਾਬੀ ਲੇਖਕਾਂ ਅਤੇ ਕਲਾਕਾਰਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਕੇ ਸੇਵਾ ਵੀ ਕੀਤੀ ਹੈ। ਕਈ ਨੌਜਵਾਨ ਲੇਖਕ ਉਨ੍ਹਾਂ ਦੀ ਸਲਾਹ ਅਤੇ ਉਤਸ਼ਾਹ ਲਈ ਵਿਸ਼ੇਸ਼ ਤੌਰ 'ਤੇ ਰਿਣੀ ਹਨ। ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਮੋਹਰੀ ਰਹੇ ਵਿਦਵਾਨਾਂ ਵਿੱਚੋਂ ਡਾ. ਰੰਧਾਵਾ ਅਜਿਹਾ ਇਕਲੌਤਾ ਵਿਅਕਤੀ ਹੈ, ਜਿਸਨੇ ਨੌਜਵਾਨ ਲੇਖਕਾਂ ਨੂੰ ਸਭ ਤੋਂ ਵੱਧ ਉਤਸਾਹਿਤ ਕੀਤਾ ਹੈ।
ਮਾਨਯੋਗ ਸ਼ਖਸ਼ੀਅਤਾਂ ਵੱਲੋਂ ਪ੍ਰਸ਼ੰਸਾ ਦੇ ਗੁਲਦਸਤੇ ਇਕੱਠੇ ਕਰ ਲਏ ਜਾਂਦੇ ਹਨ। ਜਿਸ ਕਰਕੇ ਉਹ ਪ੍ਰਸੰਸਾ ਲਈ ਹੋਰ ਜਗ੍ਹਾ ਨਹੀਂ ਬਚਦੀ। ਡਾ. ਰੰਧਾਵਾ ਦਾ ਜੀਵਨ ਆਪਣੇ ਆਪ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਅਤੇ ਇਸਦੀ ਮਿਠਾਸ ਦਾ ਚਿੰਤਨ ਅਤੇ ਪ੍ਰਤੀਬਿੰਬ ਸੀ। ਉਹਨਾਂ ਦੇ ਯੋਗਦਾਨ ਦਾ ਪ੍ਰਭਾਵ ਇੰਨਾ ਜਿਆਦਾ ਮਹੱਤਵਪੂਰਨ ਤੇ ਮਜਬੂਤ ਸੀ ਕਿ ਅਸੀਂ ਉਨਾਂ ਦੇ ਇਸ ਦੁਨੀਆਂ ਤੋਂ ਰੁਖਸਤ ਹੋਣ ਤੋਂ ਬਾਅਦ ਵੀ ਉਹਨਾਂ ਵਲੋਂ ਕੀਤੇ ਗਏ ਕੰਮਾਂ ਦਾ ਲਾਭ ਅੱਜ ਵੀ ਪ੍ਰਾਪਤ ਕਰ ਰਹੇ ਹਾਂ। ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਵੇਖਣ ਤੋਂ ਬਾਅਦ, ਉਨ੍ਹਾਂ ਨੂੰ ‘ਪੰਜਾਬ ਦਾ ਸਿਰਜਣਹਾਰਾ’ ਕਹਿਣਾ ਗਲਤ ਨਹੀਂ ਹੋਵੇਗਾ।