ਹਰਗੋਬਿੰਦ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਘਟੀਆ ਸਮਾਨ ਭੇਜ ਕੇ ਜਾਨ ਨਾਲ ਖਿਲਵਾੜ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ,19 ਸਤੰਬਰ 2025:ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਕੇਂਦਰ ਵਿੱਚ ਜੋ ਰਾਸ਼ਨ ਬੱਚਿਆਂ ਅਤੇ ਮਾਵਾਂ ਦੇ ਖਾਣ ਲਈ ਭੇਜਿਆ ਜਾ ਰਿਹਾ ਹੈ ਉਸਦੀ ਕੁਆਲਿਟੀ ਬੇਹੱਦ ਘਟੀਆ ਹੈ, ਉਸ ਵਿੱਚੋਂ ਮਰੇ ਹੋਏ ਡੱਡੂ, ਕਿਰਲੀਆਂ, ਕੌਕਰੇਜ ਅਤੇ ਹੋਰ ਕੀੜੇ ਮਕੌੜੇ ਨਿਕਲ ਰਹੇ ਹਨ। ਸਾਫ਼ ਸਫ਼ਾਈ ਦਾ ਕੋਈ ਧਿਅਨ ਨਹੀਂ ਰੱਖਿਆ ਜਾ ਰਿਹਾ, ਜੋ ਰਾਸ਼ਨ ਆਂਗਣਵਾੜੀ ਸੈਂਟਰ ’ਚ ਆ ਰਿਹਾ ਹੈ ਦੇ ਪੈਕਟਾਂ ਨੂੰ ਉੱਲੀ ਲੱਗੀ ਹੁੰਦੀ ਹੈ। ਪਿਛਲੇ ਦਿਨੀਂ ਤਰਨਤਾਰਨ ਜ਼ਿਲ੍ਹੇ ਦੇ ਇਕ ਆਂਗਣਵਾੜੀ ਸੈਂਟਰ ’ਚ ਮੁਰਮਰਿਆਂ ਦੇ ਪੈਕਟ ਵਿੱਚੋਂ ਰੋਸਟਰ ਹੋਇਆ ਡੱਡੂ ਨਿਕਲਿਆ ਕਿਉਂਕਿ ਮੁਰਮਰਿਆਂ ਨੂੰ ਰੋਸਟਰ ਕੀਤਾ ਜਾਂਦਾ ਹੈ ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਆਂਗਣਵਾੜੀ ਵਰਕਰ ਅਜਿਹਾ ਮੁੱਦਾ ਚੁੱਕਦੀ ਹੈ ਤਾਂ ਉਸਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਜਾਂਦਾ ਹੈ। ਸ੍ਰੀਮਤੀ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਕਰੇ, ਕਿਸੇ ਦਿਨ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਇਸ ਲਈ ਆਂਗਣਵਾੜੀ ਕੇਂਦਰ ’ਚ ਆ ਰਿਹਾ ਰਾਸ਼ਨ ਪੈਕਟਾਂ ਵਿੱਚ ਦੇਣ ਦੀ ਥਾਂ ਤੇ ਆਂਗਣਵਾੜੀ ਵਰਕਰਾਂ ਨੂੰ ਸਿੱਧਾ ਸਪਲਾਈ ਕੀਤਾ ਜਾਵੇ ਤਾਂ ਜੋ ਤਾਜਾ ਖਾਣਾ ਬੱਚਿਆਂ ਨੂੰ ਪਕਾ ਕੇ ਖੁਆ ਸਕਣ। ਉਨ੍ਹਾਂ ਕਿਹਾ ਕਿ ਕਿਉਂਕਿ ਆਂਗਣਵਾੜੀ ਵਰਕਰਾਂ ਨੂੰ ਜੋ ਸਮਾਨ ਦੇਣਾ ਹੁੰਦਾ ਹੈ ਉਹ ਉਨ੍ਹਾਂ ਨੂੰ ਦੇ ਕੇ ਦਸਤਖ਼ਤ ਲੈਣੇ ਹੁੰਦੇ ਹਨ ਕਿ ਅਸੀਂ ਐਨਾਂ ਖਾਣਾ ਦਿੱਤਾ ਪਰ ਜੇਕਰ ਸਮਾਨ ਬਾਹਰੋਂ ਬਣਵਾਉਂਦੇ ਹਨ ਕੰਪਨੀ ਨੂੰ ਦਿੰਦੇ ਹਨ ਤਾਂ ਉਸ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੁੰਦਾ ਹੈ। ਉਨ੍ਹਾਂ ਨੂੰ ਕਣਕ ਤੇ ਚੌਲ ਮੁਫ਼ਤ ਸਪਲਾਈ ਕਰਦੇ ਹਨ ਤੇ ਬਾਅਦ ਵਿੱਚ ਉਹ ਕੰਪਨੀ ਬਣਾ ਕੇ ਆਪਣਾ ਪੂਰੇ ਮੁੱਲ ’ਤੇ ਮਹਿਕਮੇ ਨੂੰ ਵੇਚਦੀ ਹੈ ਜਿਸ ਕਰਕੇ ਬਹੁਤ ਵੱਡਾ ਘਪਲਾ ਚੱਲ ਰਿਹਾ ਹੈ ਤੇ ਸਰਕਾਰ ਆਂਗਣਵਾੜੀ ਕੇਂਦਰਾਂ ’ਚ ਕੱਚਾ ਰਾਸ਼ਨ ਦੇਣ ਦੀ ਥਾਂ ਤੇ ਪੱਕਿਆ ਪਕਾਇਆ ਦੇ ਰਹੀ ਹੈ ਜੋ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੈ ਜੋ ਬਿਲਕੁਲ ਵੀ ਸਹੀ ਨਹੀਂ ਤੇ ਲੋਕ ਇਸ ਰਾਸ਼ਨ ਨੂੰ ਲੈਣ ਲਈ ਤਿਆਰ ਨਹੀ।