ਪੰਜਾਬੀ ਗੀਤਕਾਰੀ ਦਾ ਉੱਚਾ ਬੁਰਜ- ਹਰਦੇਵ ਦਿਲਗੀਰ
ਗੁਰਭਜਨ ਗਿੱਲ
ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲ਼ਾ ਨਾਲ ਮੈਨੂੰ 1973 ਵਿੱਚ ਸ਼ਮਸ਼ੇਰ ਸਿੰਘ ਸੰਧੂ ਨੇ ਮਿਲਾਇਆ। ਉਹ ਅਕਸਰ ਸਾਈਕਲ ਤੇ ਥਰੀਕਿਆਂ ਤੋਂ ਲੁਧਿਆਣੇ ਆਉਂਦਾ। ਘੁਮਾਰ ਮੰਡੀ ਇਲਾਕੇ ਵਿੱਚ ਉਸ ਦੇ ਕਈ ਟਿਕਾਣੇ ਸਨ। ਵੱਡਾ ਟਿਕਾਣਾ ਡਾ. ਦੱਤਾ ਜੀ ਦਾ ਮਾਈ ਨੰਦ ਕੌਰ ਦੇ ਗੁਰਦਵਾਰੇ ਸਾਹਮਣੇ ਕਲਿਨਿਕ ਸੀ। ਦੇਵ ਨਾਲ ਡਾ. ਦੱਤਾ ਦਾ ਬਹੁਤ ਪਿਆਰ ਸੀ। ਇਸੇ ਕਲਿਨਿਕ ਤੇ ਅਕਸਰ ਡਾ. ਸ ਸ ਜੌਹਲ ਤੇ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਵੀ ਜਾਂਦੇ। ਅਸਲ ਵਿੱਚ ਡਾ. ਦੱਤਾ ਕਮਿਊਨਿਸਟ ਵਿਚਾਰਧਾਰਾ ਦਾ ਵਿਸ਼ਵਾਸੀ ਸੀ।

ਉਸੇ ਨੇ ਹੀ ਦੇਵ ਨੂੰ ਗੀਤਕਾਰ ਬਣਾਇਆ। ਪਹਿਲਾਂ ਦੇਵ ਆਪਣੇ ਉਸਤਾਦ ਗਿਆਨੀ ਹਰੀ ਸਿੰਘ ਦਿਲਬਰ ਜੀ ਦੇ ਅਸਰ ਕਾਰਨ ਕਹਾਣੀ ਹੀ ਲਿਖਦਾ ਸੀ। ਦੇਵ ਦਾ ਇੱਕ ਮਿੱਤਰ ਪਰੇਮ ਸ਼ਰਮਾ ਗਾਇਕ ਸੀ। ਇਹ ਦੋਵੇਂ ਇੰਦਰਜੀਤ ਹਸਨਪੁਰੀ ਕੋਲੋਂ ਗੀਤ ਲੈਣ ਲਈ ਕਈ ਵਾਰ ਗਏ ਪਰ ਆਸ ਨੂੰ ਫ਼ਲ ਨਾ ਪਿਆ। ਡਾ. ਦੱਤਾ ਨੇ ਦੇਵ ਨੂੰ ਪ੍ਰੇਰਨਾ ਦਿੱਤੀ ਕਿ ਤੂੰ ਆਪ ਹੀ ਕਿਉਂ ਨਹੀਂ ਗੀਤ ਲਿਖ ਲੈਂਦਾ।
ਦੇਵ ਨੇ ਚਾਰ ਗੀਤ ਲਿਖ ਕੇ ਡਾ. ਦੱਤਾ ਨੂੰ ਪੜ੍ਹਾਏ। ਗੀਤ ਚੰਗੇ ਹੋਣ ਕਾਰਨ ਹਿਜ਼ ਮਾਸਟਰਜ਼ ਵਾਇਸ ਨੇ ਦੇ ਗੀਤ ਰੀਕਾਰਡ ਕਰ ਲਏ। ਇੱਕ ਗੀਤ ਸੀਃ
ਭਾਬੀ ਤੇਰੀ ਧੌਣ ਦੇ ਉੱਤੇ, ਗੁੱਤ ਮੇਲ੍ਹਦੀ ਨਾਗ ਬਣ ਕਾਲਾ।
ਗੀਤ ਲੋਕ ਪ੍ਰਵਾਨਗੀ ਹਾਸਲ ਕਰ ਗਿਆ ਤੇ ਦੇਵ ਗੀਤਕਾਰ ਬਣ ਗਿਆ।
ਉਸ ਦੇ ਗੀਤ ਨਰਿੰਦਰ ਬੀਬਾ ਜੀ ਨੇ ਵੀ 1964-65 ਵਿੱਚ ਗਾਏ।
ਚੜ੍ਹਦੇ ਚੇਤਰ ਗਿਉਂ ਨੌਕਰੀ ਆਇਆਂ ਮਹੀਨਾ ਜੇਠ ਵੇ।
ਤੂੰ ਨੌਕਰ ਕਾਹਦਾ, ਘੋੜਾ ਨਾ ਤੇਰੇ ਕੌਈ ਹੇਠ ਵੇ।
ਪੰਦਰਾਂ ਵਰ੍ਹੇ ਤਾ ਸਾਡੇ ਸੁੱਖ ਦੇ ਬੀਤ ਗਏ,
ਸੋਲਵਾਂ ਵਰ੍ਹਾ ਹੁਣ ਚੜ੍ਹ ਵੇ ਗਿਆ।
ਲੁੱਟੇ ਗਏ ਵੈਰੀਆ, ਨਾਗ ਲੜ ਵੇ ਗਿਆ।
ਕਾਹਨੂੰ ਮਾਰਦੈਂ ਚੰਦਰਿਆ ਛਮਕਾਂ, ਮੈਂ ਕੱਚ ਦੇ ਗਲਾਸ ਵਰਗੀ।
ਫੇਰ ਰੋਵੇਂਗਾ ਢਿੱਲੇ ਜਹੇ ਬੁੱਲ੍ਹ ਕਰਕੇ, ਵੇ ਪੀਤੇ ਤੇਰੀ ਜਦੋਂ ਮਰ ਗਈ।
ਮੁਰਗਾਈ ਵਾਂਗੂੰ ਮੈਂ ਤਰਦੀ ਵੇ ਤੇਰੇ ਮੁੰਡਿਆ ਪਸੰਦ ਨਾ ਆਈ।
ਮਾਝੇ ਦੀ ਮੈਂ ਜੱਟੀ ਬੇਲੀਆਂ ਵੇ
ਮੁੰਡਾ ਮਾਲਵੇ ਦਾ ਜੀਹਦੇ ਲੜ ਲਾਈ।
ਨਰਿੰਦਰ ਬੀਬਾ ਜੀ ਨੇ ਗੀਤ ਵਿੱਚ ਤਬਦੀਲੀ ਕਰਵਾਈ ਤੇ ਆਪਣੇ ਜੀਵਨ ਸਾਥੀ ਜਸਪਾਲ ਸਿੰਘ ਪਾਲੀ ਦਾ ਨਾਮ ਇਸ ਵਿੱਚ ਪਰੋ ਦਿੱਤਾ।
ਰੀਕਾਰਡ ਗੀਤ ਵਿੱਚ” ਪਾਲੀ ਬੀਬਾ ਜਦੋਂ ਮਰ ਗਈ” ਹੈ।
1965 ਦੀ ਭਾਰਤ ਪਾਕਿ ਜੰਗ ਵੇਲੇ ਆਕਾਸ਼ਵਾਣੀ ਜਲੰਧਰ ਦੇ ਸੰਗੀਤ ਇੰਚਾਰਜ ਦੇਵਿੰਦਰ ਸਿੰਘ ਨਬੀਪੁਰ ਨੇ ਗਾਇਆ ਜੋ ਲਗਪਗ ਹਰ ਰੋਜ਼ ਪ੍ਰਸਾਰਿਤ ਹੁੰਦਾ ਸੀ।
ਫੌਜ ਵਿੱਚੋਂ ਛੁੱਟੀ ਆਇਆ ਸਿਪਾਹੀ ਆਪਣੇ ਸਾਥੀ ਦਾ ਸੁਨੇਹਾ ਊਸ ਦੀ ਜੀਵਨ ਸਾਥਣ ਨੂੰ ਦਿੰਦਿਆਂ ਕਹਿੰਦਾ ਹੈ।
ਤੇਰੇ ਢੋਲ ਦਾ ਸੁਨੇਹਾ ਲੈ ਕੇ ਆਇਆ
ਬਹਿ ਕੇ ਰਤਾ ਸੁਣੀਂ ਗੋਰੀਏ।
ਇਹੀ ਦੇਵਿੰਦਰ ਸਿੰਘ ਨਬੀਪੁਰ ਬਾਦ ਵਿੱਚ ਪੰਥ ਪ੍ਰਸਿੱਧ ਰਾਗੀ ਬਣੇ।
ਫਿਰ ਚੱਲ ਸੋ ਚੱਲ ਹੌ ਗਈ।
ਹਰ ਲੋਕ ਗਾਇਕ ਲੋਕ ਪ੍ਰਵਾਨਗੀ ਲਈ ਦੇਵ ਦੇ ਗੀਤ ਲੈਣ ਥਰੀ ਕੇ ਆਉਂਦਾ। ਸੰਗੀਤਕਾਰ ਉਸਤਾਦ ਜਸਵੰਤ ਭੰਵਰਾ ਉਸ ਦੇ ਪਲੇਠੇ ਕਦਰਦਾਨ ਸਨ। ਦੇਵ ਆਪਣੇ ਸਹਿਕਰਮੀ ਮਾਸਟਰ ਹਰਦੇਵ ਸਿੰਘ ਗਰੇਵਾਲ (ਪੀਟੀ ਮਾਸਟਰ) ਨਾਲ ਪਹਿਲੀ ਵਾਰ ਸੁਰਿੰਦਰ ਛਿੰਦਾ ਨੂੰ 1972 ਵਿੱਚ ਨੈਸ਼ਨਲ ਮਿਊਜ਼ਿਕ ਕਾਲਿਜ ਚੌਕ ਕ ਘੰਟਾ ਘਰ ਵਿੱਚ ਛੱਡ ਕੇ ਆਇਆ ਸੀ। ਇਹ ਗੱਲ ਛਿੰਦਾ ਨਾਂ ਮੈਨੂੰ ਕਈ ਵਾਰ ਦੱਸੀ ਸੀ।
ਸੁਰਿੰਦਰ ਕੌਰ ਵਰਗੀ ਸਿਰਮੌਰ ਗਾਇਕਾ ਨੇ ਵੀ ਦੇਵ ਦੇ ਅਨੇਕਾਂ ਗੀਤ ਗਾਏ।
ਜਿਵੇਂ
ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ।
ਨੀ ਉੱਠ ਵੇਖ ਨਣਾਨੇ, ਕੌਣ ਪ੍ਰਾਹੁਣਾ ਆਇਆ।
ਟਿੱਲੇ ਵਾਲਿਆ ਮਿਲਾ ਦੇ ਰਾਂਝਾ ਹੀਰ ਨੂੰ,
ਤੇਰਾ ਕਿਹੜਾ ਮੁੱਲ ਲੱਗਦਾ।
ਇਹ ਗੀਤ ਸੁਰਿੰਦਰ ਕੌਰ ਜੀ ਨੇ ਨਵੀਂ ਦਿੱਲੀ ਘਰ ਬੁਲਾ ਕੇ ਕਹਿ ਕੇ ਲਿਖਵਾਇਆ ਸੀ, ਕੁਲਦੀਪ ਮਾਣਕ ਦਾ ਗਾਇਆ ਗੀਤ ਸੁਣ ਕੇ।
ਲੋਕ ਗਾਇਕ ਕਰਮਜੀਤ ਸਿੰਘ ਧੂਰੀ ਤੇ ਸਵਰਨ ਲਤਾ ਜੋੜੀ ਤੋਂ ਇਲਾਵਾ ਕਰਨੈਲ ਗਿੱਲ ਨੇ ਦੇਵ ਦੇ ਗੀਤਾਂ ਨੂੰ ਘਰ ਘਰ ਪਹੁੰਚਾਇਆ।
ਦੋ ਗੀਤ ਚੇਤਿਆਂ ਚ ਪੱਕੇ ਵੱਸੇ ਪਏ ਨਾ ਮੇਰੇ।
ਹੁਕਮ ਤਸੀਲੋਂ ਆ ਗਿਆ, ਘੁੰਡ ਕੱਢ ਕੇ ਫਿਰੇ ਨਾ ਕੌਈ।
ਛੜਿਆਂ ਨੇ ਅਰਜ਼ ਕਰੀ, ਚੰਡੀਗੜ੍ਹੋਂ ਮਨਜ਼ੂਰ ਅੱਜ ਹੋਈ।
ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ।
ਪਾਲੀ ਦੇਤਵਾਲੀਆ ਦਾ ਗਾਇਆ ਗੀਤ
ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ।
ਹਰਦੇਵ ਦਿਲਗੀਰ ਦੀ ਕਮਾਲ ਦੀ ਰਚਨਾ ਹੈ।
ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਨੇ ਦੇਵ ਦੀਆਂ ਲਿਖੀਆਂ ਸਭ ਤੋਂ ਵੱਧ ਲੋਕ ਗਾਥਾਵਾਂ ਤੇ ਕਲੀਆਂ ਗਾਈਆਂ।
ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਦਾ ਦਰਜਾ ਦਵਾਉਣ ਵਾਲ਼ੀ ਕਲੀ,
ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ ਦੇਵ ਦੀ ਹੀ ਤਾਂ ਲਿਖੀ ਹੋਈ ਹੈ।
ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲ਼ਾ ਦਾ ਜਨਮ 19 ਸਤੰਬਰ 1939 ਨੂੰ ਪਿੰਡ ਥਰੀਕੇ, (ਲੁਧਿਆਣਾ ਵਿੱਚ ਹੋਇਆ।
25 ਜਨਵਰੀ 2022 (83 ਸਾਲ) ਨੂੰ ਉਹ ਸਾਥੋਂ ਵਿੱਛੜ ਗਿਆ। ਪਿਤਾ ਰਾਮ ਸਿੰਘ ਦੇ ਘਰ ਵਿੱਚ ਪੈਦਾ ਹੋਏ ਹਰਦੇਵ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹੀ ਹਾਸਲ ਕੀਤੀ, ਜਿੱਥੇ ਉਹਨਾਂ ਸੰਨ 1945 ਵਿੱਚ ਦਾਖ਼ਲਾ ਲਿਆ। ਫਿਰ ਨੇੜਲੇ ਪਿੰਡ ਲਲਤੋਂ ਦੇ ਸਕੂਲ ਵਿਚੋਂ ਉਚੇਰੀ ਤਾਲੀਮ ਹਾਸਲ ਕੀਤੀ। ਇੱਥੇ ਪ੍ਰਸਿੱਧ ਲੇਖਕ ਗਿਆਨੀ ਹਰੀ ਸਿੰਘ ਦਿਲਬਰ ਇਸ ਦੇ ਅਧਿਆਪਕ ਸਨ।

ਪਹਿਲਾਂ-ਪਹਿਲ ਦੇਵ ਕਹਾਣੀਆਂ ਲਿਖਦੇ ਸਨ। ਉਨ੍ਹਾਂ ਦੇ ਕਈ ਕਹਾਣੀ ਸੰਗ੍ਰਹਿ ਛਪੇ। ਬਾਅਦ ਵਿੱਚ ਊਸ ਗੀਤ ਵੀ ਲਿਖਣੇ ਸ਼ੁਰੂ ਕੀਤੇ। ਚਿੱਤਰਕਾਰ ਸੋਭਾ ਸਿੰਘ ਦੀ ਬਣਾਈ ਹੀਰ ਦੀ ਤਸਵੀਰ ਦੇਖ ਕੇ ਹੀਰ ਲਿਖਣ ਦਾ ਖ਼ਿਆਲ ਆਇਆ। ਦੇਵ ਨੇ ਹਰ ਕਿਸਮ ਦੇ ਗੀਤ ਲਿਖੇ ਜਿੰਨ੍ਹਾਂ ਵਿੱਚ ਲੋਕ-ਗਾਥਾਵਾਂ ਅਤੇ ਕਲੀਆਂ ਵੀ ਸ਼ਾਮਲ ਸਨ।

ਦੇਵ ਨੇ ਜਿੱਥੇ ਹੀਰ, ਸੋਹਣੀ ਅਤੇ ਸੱਸੀ ’ਤੇ ਗੀਤ ਲਿਖੇ ਓਥੇ ਪੰਜਾਬ ਦੀਆਂ ਕੁਝ ਅਜਿਹੀਆਂ ਪ੍ਰੀਤ-ਕਹਾਣੀਆਂ ਨੂੰ ਵੀ ਆਪਣੀ ਕਲਮ ਜ਼ਰੀਏ ਪੇਸ਼ ਕੀਤਾ, ਜਿੰਨ੍ਹਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਸਨ, ਇਹਨਾਂ ਵਿਚੋਂ ‘ਬੇਗੋ ਨਾਰ-ਇੰਦਰ ਮੱਲ’ ‘ਪਰਤਾਪੀ ਸੁਨਿਆਰੀ-ਕਾਕਾ ਰੁਪਾਲੋਂ’ ਇਤਿਆਦਿ ਦੇ ਨਾਂ ਆਉਂਦੇ ਹਨ। ਇਸ ਦੇ ਨਾਲ਼ ਹੀ ਪੰਜਾਬ ਤੋਂ ਬਿਨਾਂ ਅਰਬੀ ਪ੍ਰੇਮ-ਕਹਾਣੀਆਂ ਯੂਸਫ਼-ਜ਼ੁਲੈਖ਼ਾ ਅਤੇ ਸ਼ੀਰੀਂ-ਫ਼ਰਹਾਦ ਇਤਿਆਦਿ ਨੂੰ ਵੀ ਆਪਣੀ ਕਲਮ ਦੇ ਜ਼ਰੀਏ ਦੇਵ ਨੇ ਪੰਜਾਬੀਆਂ ਦੇ ਰੂ-ਬ-ਰੂ ਕੀਤਾ।
ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਉਹਨਾਂ ਦੇ ਗੀਤ ਗਾਏ।
ਦੇਵ ਦੇ ਗੀਤਾਂ ਦੀ ਸੂਚੀ ਵਿਚੋਂ ਕੁਝ ਕੁ ਕਾਬਿਲ-ਏ-ਜ਼ਿਕਰ ਗੀਤ ਇਸ ਤਰ੍ਹਾਂ ਨੇ:-
ਕੁਲਦੀਪ ਮਾਣਕ ਦੁਆਰਾ ਗਾਏ ਇਹ ਗੀਤ ਹਨ।
ਵਾਰ ਬੰਦਾ ਸਿੰਘ ਬਹਾਦਰ
ਤੇਰੇ ਟਿੱਲੇ ਤੋਂ (ਰਾਂਝੇ ਦੀ ਕਲੀ)
ਯਾਰਾਂ ਦਾ ਟਰੱਕ ਬੱਲੀਏ (ਫ਼ਿਲਮ: ਲੰਬੜਦਾਰਨੀ)
ਛੰਨਾ ਚੂਰੀ ਦਾ (ਕਲੀ)
ਜੁਗਨੀ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ
ਮਾਂ ਹੁੰਦੀ ਏ ਮਾਂ
ਸਾਹਿਬਾਂ ਬਣੀ ਭਰਾਵਾਂ ਦੀ
ਛੇਤੀ ਕਰ ਸਰਵਣ ਬੱਚਾ
ਜੈਮਲ ਫੱਤਾ
ਜੱਗਾ ਸੂਰਮਾ
ਸੁਰਿੰਦਰ ਸ਼ਿੰਦਾ ਦੁਆਰਾ ਗਾਏ
ਜੱਟ ਜਿਉਣਾ ਮੌੜ
ਪੁੱਤ ਜੱਟਾਂ ਦੇ
ਸੱਸੀ (ਦੋ ਊਠਾਂ ਵਾਲ਼ੇ ਨੀ)
ਕਿਸ਼ਨਾ ਮੌੜ,
ਜੱਗਾ ਡਾਕੂ
ਜਗਮੋਹਣ ਕੌਰ ਦੁਆਰਾ ਗਾਏ ਦੋ ਗੀਤ ਕਮਾਲ ਦੇ ਹਨ।
ਜੱਗਾ
ਤੇ
ਪੂਰਨ (ਪੂਰਨ ਭਗਤ)
ਕੁਲਦੀਪ ਮਾਣਕ ਤੋਂ ਬਾਦ ਉਹ ਗੁਰਮੀਤ ਮੀਤ ਨੂੰ ਬਹੁਤੇ ਗੀਤ ਦੇ ਰਿਹਾ ਸੀ। ਉਹ ਉਸ ਨੂੰ ਯਾਦ ਕਰਕੇ ਅੱਜ ਵੀ ਅੱਥਰੂ ਹੋ ਜਾਂਦਾ ਹੈ। ਲਵ ਮਨਜੋਤ ਨੂੰ ਵੀ ਉਸ ਸੰਗੀਤ ਦੇ ਰਾਹ ਤੋਰਿਆ। ਸਾਨੂੰ ਮਾਣ ਹੈ ਤਿ ਉਹ ਸਾਡਾ ਸਭ ਦਾ ਵੱਡਾ ਵੀਰ ਸੀ। ਮੇਰੇ ਪੁੱਤਰ ਪੁਨੀਤਪਾਲ ਦੇ ਵਿਆ ਵੇਲੇ 2009 ਵਿੱਚ ਉਸ ਨੇ ਇੰਦਰਜੀਤ ਹਸਨਪੁਰੀ, ਗਿੱਲ ਸੁਰਜੀਤ, ਸ਼ਮਸ਼ੇਰ ਸਿੰਘ ਸੰਧੂ, ਪੰਮੀ ਬਾਈ, ਜਸਮੇਰ ਸਿੰਘ ਢੱਟ, ਨਵਦੀਪ ਸਿੰਘ ਗਿੱਲ ਜਗਦੀਸ਼ ਪਾਲ ਗਰੇਵਾਲ,ਹਰਮੋਹਨ ਸਿੰਘ ਗੁੱਡੂ ਤੇ ਮੰਨਾ ਢਿੱਲੋਂ ਨਾਲ ਮਿਲ ਕੇ ਹਰਭਜਨ ਮਾਨ ਦੇ ਗੀਤਾਂ ਤੇ ਭੰਗੜਾ ਪਾਇਆ ਸੀ। ਸੁਰਜੀਤ ਪਾਤਰ ਜੀ ਵੀ ਦੇਵ ਦੇ ਬਹੁਤ ਕਦਰਦਾਨ ਸਨ। 1975-76 ਵਿੱਚ ਦੋ ਵਾਰ ਅਸੀਂ ਦੇਵ ਨੂੰ ਮਿਲਣ ਥਰੀਕੇ ਗਏ ਸਾਂ ਪਾਤਰ ਸਾਹਿਬ ਦੇ ਸਕੂਟਰ ਪੀ ਯੂ ਐੱਲ 4130 ਤੇ ਸਵਾਰ ਹੌ ਕੇ।

ਦੇਵ ਇੱਕੋ ਇੱਕ ਗੀਤਕਾਰ ਹੈ ਜਿਸ ਦੇ ਜਿਉਂਦੇ ਜੀ ਸੁਖਦੇਵ ਸਿੰਘ ਅਟਵਾਲ (ਸੋਖਾ ਉਦੋਪੁਰੀਆ)ਨੇ ਦੇਵ ਥਰੀਕੇ ਵਾਲਾ ਐਪਰੀਸੀਏਸ਼ਨ ਸੋਸਾਇਟੀ ਡਰਬੀ(ਯੂ ਕੇ) ਬਣਾ ਕੇ ਲੋੜਵੰਦ ਲੇਖਕਾਂ ਕਲਾਕਾਰਾਂ ਦੀ ਮਦਦ ਕੀਤੀ। ਡਾ. ਨਿਰਮਲ ਜੌੜਾ ਤੋਂ ਦੇਵ ਬਾਰੇ ਪੁਸਤਕ ਸੰਪਾਦਿਤ ਕਰਵਾ ਕੇ ਛਾਪੀ। ਹਰਦੇਵ ਦਿਲਗੀਰ, ਨਿਰਮਲ ਜੌੜਾ, ਪਾਲੀ ਦੇਤਵਾਲੀਆ,ਜਸਮੇਰ ਢੱਟ ਤੇ ਮੇਰੇ ਸਮੇਤ ਕਈ ਜਣੇ ਸ਼ਰੀਫ਼ ਈਦੂ ਨੂੰ ਬੀਮਾਰੀ ਵੇਲੇ ਇਕਵੰਜਾ ਹਜ਼ਾਰ ਦਾ ਪੁਰਸਕਾਰ ਮਨੀਮਾਜਰਾ ਜਾ ਕੇ ਦਿੱਤਾ। ਸਿਰਜਣ ਧਾਰਾ ਵੱਲੋਂ ਅੱਜ ਪੰਜਾਬੀ ਭਵਨ ਵਿੱਚ ਹਰਦੇਵ ਦਿਲਗੀਰ ਦੇ 86ਵੇਂਜਨਮ ਦਿਨ ਤੇ ਅਮਰਜੀਤ ਸ਼ੇਰਪੁਰੀ ਦੀ ਹਿੰਮਤ ਸਦਕਾ ਵਿਸ਼ਾਲ ਇਕੱਠ ਹੋ ਰਿਹਾ ਹੈ। ਪੁਰਖਿਆਂ ਨੂੰ ਯਾਦ ਕਰਕੇ ਹੀ ਅਸੀਂ ਅੱਗੇ ਤੁਰ ਸਕਦੇ ਹਾਂ।

-
ਗੁਰਭਜਨ ਗਿੱਲ, Editor (Literature and Culture)
gurbhajangill@gmail.com
+91 98726-31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.