ਪੰਜਾਬ ਦਾ ਇੱਕ ਅਜਿਹਾ ਨਾਮਵਰ ਵਿਦਿਅਕ ਅਦਾਰਾ, ਜਿੱਥੇ ਵਿਦਿਆਰਥਣਾਂ ਅਧਿਆਪਕ ਵੀ ਹਨ ਅਤੇ ਇਮਤਿਹਾਨਾਂ ਵੇਲੇ ਨਿਗਰਾਨ ਵੀ
ਰੋਹਿਤ ਗੁਪਤਾ , ਗੁਰਦਾਸਪੁਰ
ਪੰਜਾਬ ਵਿੱਚ ਸ਼ਾਇਦ ਕੋਈ ਅਜਿਹਾ ਹੀ ਵਿਦਿਆਕ ਅਦਾਰਾ ਹੋਵੇ ਜਿੱਥੇ ਸਿੱਖਿਆ ਲੈ ਰਹੀਆਂ ਵਿਦਿਆਰਥਣਾਂ ਖੁਦ ਹੀ ਅਧਿਆਪਕ ਵਾਂਗ ਪੜਾਉਣ।ਮਾਝੇ ਦਾ ਨਾਮਵਰ ਵਿਦਿਆਕ ਅਦਾਰਾ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਬੱਚਿਆਂ ਨੂੰ ਸਾਫ ਸੁਥਰਾ ਤੇ ਮਿਹਨਤੀ ਜੀਵਨ ਤਰਾਸ਼ ਕੇ ਭਵਿੱਖ ਦੀਆਂ ਮੰਜ਼ਿਲਾਂ ਵੱਲ ਤੋਰ ਰਿਹਾ ਹੈ। ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੀਆਂ ਵਿਦਿਆਰਥਨਾ ਇਮਤਿਹਾਨਾਂ ਵੇਲੇ ਖੁਦ ਹੀ ਨਿਗਰਾਨ ਵਜੋਂ ਡਿਊਟੀ ਨਿਭਾਉਂਦੀਆਂ ਹਨ ਅਤੇ ਨਕਲ ਰਹਿਤ ਵਾਤਾਵਰਨ ਦੇ ਨਾਲ ਨਾਲ ਵਿਲੱਖਣ ਇਤਿਹਾਸ ਵੀ ਸਿਰਜ ਰਹੀਆਂ ਹਨ। ਵੱਡੀਆਂ ਕਲਾਸਾਂ ਦੀਆਂ ਵਿਦਿਆਰਥਨਾਂ ਛੋਟੀਆਂ ਕਲਾਸਾਂ ਦੀਆਂ ਵਿਦਿਆਰਥਨਾਂ ਨੂੰ ਪੜਾਉਂਦੀਆਂ ਹਨ।ਸੰਸਥਾ ਦੇ ਪ੍ਰਬੰਧਕ ਪ੍ਰਿੰਸੀਪਲ ਸਵਰਨ ਸਿੰਘ ਬੱਚਿਆਂ ਦਾ ਜੀਵਨ ਉੱਚਾ ਤੇ ਸੁੱਚਾ ਬਣਾਉਣ, ਵਿੱਦਿਆ ਸਸਤੀ ਤੋਂ ਸਸਤੀ ਦੇਣ ,ਬੱਚਿਆਂ ਦਾ ਸਰਵ ਪੱਖੀ ਵਿਕਾਸ , ਸੁਭਾਅ ਮਿਹਨਤੀ ਬਣਾਉਣ, ਨਕਲ ਵਰਗੇ ਕੋਹੜ ਤੋਂ ਦੂਰ ਰਹਿਣ, ਨੈਤਿਕ ਕਦਰਾਂ ਕੀਮਤਾਂ ਦਾ ਪਸਾਰਾ , ਘੱਟ ਖਰਚ ਨਾਲ ਲੋਕਤੰਤਰੀ ਜੀਵਨ ਜਿਉਂਦਿਆਂ, ਆਪਣੀ ਮਦਦ ਆਪ ਕਰਦਿਆਂ ਆਤਮ ਨਿਰਭਰ ਤੇ ਆਤਮ ਵਿਸ਼ਵਾਸ ਪੈਦਾ ਕਰਨ ਦਾ ਸੰਕਲਪ ਲੈ ਕੇ ਤੁਰੇ ਹੋਏ ਹਨ।ਅੱਪਰਬਾਰੀ ਦੁਆਬ ਨਹਿਰ ਦੇ ਕੰਢੇ 'ਤੇ ਇਹ ਸ਼ਾਨਦਾਰ ਸੰਸਥਾ ਕਾਦੀਆਂ ਤੋਂ 6ਕਿਲੋਮੀਟਰ ਪੂਰਬ ਤੇ ਕਾਹਨੂੰਵਾਨ ਤੋਂ 10 ਕਿਲੋਮੀਟਰ ਪੱਛਮ - ਦੱਖਣ ਵੱਲ ਸ੍ਰੀ ਹਰਗੋਬਿੰਦਪੁਰ ਸਾਹਿਬ -ਗੁਰਦਾਸਪੁਰ ਰੋਡ ਉਪਰ ਸਥਿਤ ਹੈ। ਗੁਰਦਾਸਪੁਰ ਦੇ ਰਿਆੜਕੀ ਇਲਾਕੇ ਦੇ ਮਹਾਪੁਰਖ ਬਾਬਾ ਆਇਆ ਸਿੰਘ ਨੇ ਔਰਤਾਂ ਦੀ ਉੱਚ ਵਿਦਿਆ ਲਈ ਇਹ ਸੁਪਨਾ ਲਿਆ ਸੀ, ਜਿਸ ਦੀ ਸ਼ੁਰੂਆਤ ਉਨਾਂ ਨੇ 1925 ਵਿੱਚ "ਪੁਤਰੀ ਪਾਠਸ਼ਾਲਾ" ਦੇ ਰੂਪ ਵਿੱਚ ਕੀਤੀ, ਜੋ ਬਾਅਦ ਵਿੱਚ ਖਾਲਸਾ ਹਾਈ ਸਕੂਲ ਦਾ ਰੂਪ ਧਾਰਨ ਕਰ ਗਈ। 23 ਅਪ੍ਰੈਲ 1968 ਨੂੰ ਬਾਬਾ ਜੀ ਦੇ ਸਵਰਗਵਾਸ ਹੋ ਜਾਣ ਨਾਲ ਉਹਨਾਂ ਦਾ ਔਰਤਾਂ ਦੀ ਉੱਚ ਵਿੱਦਿਆ ਦਾ ਸੁਪਨਾ ਜਿਵੇਂ ਤਿੜਕ ਗਿਆ। ਫਿਰ 1976 ਵਿਚ ਕਾਮਰੇਡ ਸਰਦਾਰ ਚੰਨਣ ਸਿੰਘ ਦੀ ਪ੍ਰਧਾਨਗੀ ਹੇਠ ਤੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਵਿਰਕ ਦੀ ਰਹਿਨੁਮਾਈ ਹੇਠ "ਅੰਤਰਰਾਸ਼ਟਰੀ ਮਹਿਲਾ ਦਿਵਸ" ਦੇ ਮੌਕੇ ਤੇ ਬਾਬਾ ਆਇਆ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਕਾਲਜ ਗਰੀਬੀ ਕਾਰਨ ਪੜ੍ਹਨ ਦੀ ਆਸ ਛੱਡ ਚੁੱਕੀਆਂ 14 ਵਿਦਿਆਰਥਣਾਂ ਨਾਲ ਸ਼ੁਰੂ ਹੋਇਆ ਤੇ ਪਰਉਪਕਾਰ ਦੇ ਇਸ ਬੂਟੇ ਨੂੰ ਇੰਨਾਂ ਜਿਆਦਾ ਫਲ ਪਿਆ ਕਿ ਅੱਜ ਇੱਥੋਂ ਹਜ਼ਾਰਾਂ ਵਿਦਿਆਰਥੀ ਪੜ੍ਹ ਕੇ ਸਰਕਾਰੀ ਉੱਚ ਅਧਿਕਾਰੀ, ਜੱਜ,ਆਈਆਰਐਸ, ਏਈਓ, ਏਡੀਓ,ਐਸਡੀਓ ,ਜੇਈ, ਡਾਕਟਰ, ਪ੍ਰਿੰਸੀਪਲ, ਵੱਖ-ਵੱਖ ਯੂਨੀਵਰਸਿਟੀਆਂ ਦੇ ਡਿਪਾਰਟਮੇਂਟ ਦੇ ਹੈਡ, ਡਾਇਰੈਕਟਰ, ਪ੍ਰੋਫੈਸਰ, ਲੈਕਚਰਾਰ ਆਦਿ ਹੋਰ ਅਨੇਕਾਂ ਮਹਿਕਮਿਆਂ ਚ ਮੱਲਾਂ ਮਾਰ ਰਹੇ ਹਨ। ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੀ ਜਾਂਦੀ ਇਸ ਸੰਸਥਾ ਵਿੱਚ ਬੀਏ, ਬੀਸੀਏ ਤੇ ਐਮਏ ਦੀ ਪੜਾਈ ਬਿਲਕੁਲ ਮੁਫ਼ਤ ਹੈ।