ਹੜ੍ਹਾਂ ਦੀ ਤਰਾਸਦੀ...
ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ / ਬਲਜੀਤ ਬੱਲ
ਮੁੱਢ ਕਦੀਮ ਤੋਂ ਪੰਜਾਬ ਆਪਣੇ ਸਬਰ, ਸੰਜਮ, ਬਹਾਦਰੀ ਤੇ ਸਾਹਸ ਕਰਦੇ ਮੋਢੀ ਰਿਹਾ ਹੈ। ਕੋਈ ਵੀ ਮੁਸੀਬਤ ਆਏਖਿੜੇ ਮੱਥੇ ਸਵੀਕਾਰ ਕਰਦਾ, ਉਸ ਨਾਲ ਛਾਤੀ ਤਾਣਕੇ ਖੜ੍ਹਦਾ ਵੀ ਪੰਜਾਬ ਹੈ। ਅੱਗ ਤੇ ਪਾਣੀ ਕਦੋਂ ਆਫਤ ਬਣਦੇ,ਕਦੋਂ ਵਰਦਾਨ.. ਸਮੇਂ ਦੀਆਂ ਲਕੀਰਾਂ ਦੀ ਇਬਾਰਤ ਹੈ।
ਪਾਣੀ ਦਾ ਉਚਾਈ ਤੋਂ ਨਿਵਾਣ ਵੱਲ ਵਹਿਣ ਦਾ ਸੁਭਾਅ ਤਾਂ ਰੱਖਦਾ ਹੈ ਪਰ ਤੀਬਰਤਾ ਤੋਂ ਬੇਖ਼ਬਰ...।
ਵਹਿਣ ਵਾਲੇ ਪਾਣੀਆਂ ਨੂੰ ਇਹ ਨਹੀਂ ਪਤਾ ਮੈਂ ਕਿੰਨੇ ਘਰਾਂ 'ਚ
ਵੈਣ, ਤੇ ਕਹਿਰ ਲੈ ਕੇ ਆਇਆ... ਝੱਲਣ ਵਾਲੇ ਅੱਖਾਂ ਵਿੱਚ ਭਾਰੇ ਅੱਥਰੂ ਨਾਲ,ਗਾਰਿਆਂ ਵਿੱਚ ਖੁੱਭਦੇ ਪੈਰ.. ਲੱਭਦੇ ਆਪਣਾ ਵਜੂਦ.....।
ਪੰਜਾਬ ਵਿੱਚ ਆਏ ਹਾਲ ਹੀ ਵਿੱਚ ਹੜ੍ਹ ਾ ਦੀ ਸਥਿਤੀ ਚਿੰਤਾਜਨਕ ਹੀ ਨਹੀਂ, ਵਿਨਾਸ਼ਕਾਰੀ ਵੀ ਰਹੀ ਹੈ।ਪੰਜਾਬ ਦੇ 23 ਜਿਲੇ ਪਾਣੀ ਦੀ ਬੁੱਕਲ ਚ ਡੁੱਬ ਗਏ।ਹਾਸਿਆਂ ਦੀ ਫੁਹਾਰ...
ਚੰਗੇ ਦਿਨਾਂ ਦੇ ਉਡੀਕ ਕਰਦਾ..
ਫਿਕਰਾਂ ਦੇ ਵਹਿਣ ਚ ਵਹਿ ਤੁਰਿਆ 1
1988 ਤੋਂ ਬਾਅਦ ਇਹ ਵਿਨਾਸ਼ਕਾਰੀ ਮੰਜ਼ਰ ਸਾਹਮਣੇ ਆਇਆ 2025ਦਾ...
2000 ਪਿੰਡ ਡੁੱਬ ਗਏ,4 ਲੱਖ ਲੋਕ ਪ੍ਰਭਾਵਿਤ ਹੋਏ, ਸਾਢੇ ਚਾਰ ਲੱਖ ਏਕੜ ਫਸਲ ਤਬਾਹ ਹੋਈ.।
ਸਤੰਬਰ ਦੇ ਅੱਧ ਤੱਕ 55 ਤੋਂ 56 ਮੌਤਾਂ,2200 ਦੇ ਕਰੀਬ ਪਿੰਡ,ਚਾਰ ਲਖ90ਹਜਾ਼ਰ ਏਕੜ ਖੇਤੀ ਵਾਲੀ ਜਮੀਨ ਤਬਾਹ... ਬਿਜਲੀ ਤੇ ਪਾਣੀ ਤੋਂ ਵਾਂਝੇ ਹੋਏ ਪਿੰਡ...
ਪਸ਼ੂਆਂ ਦਾ ਨੁਕਸਾਨ ਨਿਕਲਦੀ ਹੈ..ਧੂਹ ਚੀਕ ਸੀਨੇ ਦੇ ਆਰ ਪਾਰ...।
ਨੀਲੀ ਛੱਤ ਹੇਠਾਂ ਬੈਠਾ ਘਰ ਦੀ ਛੱਤ ਤੋਂ ਕਿਸਾਨ ਕਹਿ ਰਿਹਾ. ਹੈ "ਮੈਂ ਤਾਂ ਜਿਆਦਾ ਪੈਸੇ ਬੀਜਾਂ ਤੇ ਖਾਦਾਂ ਤੇ ਲਾਏ ਮੈਂ ਤਾਂ ਖਤਮ ਹੋ ਗਿਆ..." ਜਿਸ ਦੀ ਫਸਲ ਮਰ ਜਾਏ ਘਰ ਉਜੜ ਜਾਏ ਉਸਦੇ ਦਿਲ ਚ ਮਾਤਮ ਹੀ ਹੋਵੇਗਾ ਹੋਰ ਕੀ...?
ਕਹਿੰਦੇ ਨੇ ਮੌਨਸੂਨ ਭਾਗ ਵਾਲੇ ਵਾਤਾਵਰਨ ਨਾਲ ਸਿੰਜਣ ਵਾਲੇ ਗਲੋਬਲ ਵਾਰਮਿੰਗ,ਬੁਨਿਆਦੀ ਢਾਂਚੇ ਦੀ ਤਬਦੀਲੀ.. ਨਾਲ ਇਹ ਵਰਤਾਰਾ ਵਰਤਿਆ ਸੋਚਣ ਦੀ ਗੱਲ ਇਹ ਤਬਦੀਲੀ ਕੀਤੀ ਕਿਹਨੇ......
ਧਰਤੀ ਦੀ ਤਪਸ਼ ਨਾਲ ਬਾਰਸ਼ਾਂ ਛੋਟੀਆਂ ਤੇ ਭਾਰੀਆਂ ਹੋਣਗੀਆਂ,ਤੇ ਵਧਦੀਆਂ ਜਾਣਗੀਆਂ ਹਫਤਿਆਂ ਦੀ ਭਾਰੀ ਵਰਖਾ ਭਰ ਦੇਵੀ ਦਰਿਆਵਾਂ ਨੂੰ, ਨਦੀਆਂ ਨੂੰ ਕੰਢਿਆਂ ਤੋਂ ਉਛਾਲ ਦੇਵੇ...
ਲ ਹਿੰਦੇ ਤੇ ਚੜਦੇ ਪੰਜਾਬ ਦੀ ਬੋਲੀ ਇੱਕੋ,ਰੰਗ ਇਕੋ,ਬਣਤਰ ਇੱਕੋ ਤੇ ਪਾਣੀਆਂ ਦੀ ਮਾਰ ਵੀ ਦੋਵੇਂ ਹੀ ਝੱਲ ਰਹੇ ਨੇ....
ਸਤਲੁਜ ਬਿਆਸ ਤੇ ਰਾਵੀ.... ਮਿਲਾ ਰਹੇ ਨੇ... ਦੋਵਾਂ ਮੁਲਕਾਂ ਦੇ ਆਪਸੀ ਕਿਰਦਾਰ ਨੂੰ...
ਮਨੁੱਖ ਵੱਲੋਂ ਵੀ ਕੁਝ ਘੱਟ ਨਹੀਂ ਕੀਤਾ ਗਿਆ ਅਸੀਂ ਵੀ ਇਹਨਾਂ ਵਹਿਣਾ ਨੂੰ ਰੋਕਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ।ਕੱਟ ਦਿੱਤੇ ਨੇ ਜੰਗਲ, ਕੁਦਰਤ ਦੀਆਂ ਨਿਕਾਸ ਪ੍ਰਣਾਲੀਆਂ..ਤੋਂ ਬਾਅਦ ਆਫਤਾਂ ਆਵੇਗੀ ਹੀ.
ਕੰਕਰੀਟ ਨਾਲ ਭਰ ਦਿੱਤੀ ਹੈ ਧਰਤੀ ਸੜਕਾਂ ਦਾ ਜਾਲ ਉੱਚੀਆਂ ਇਮਾਰਤਾਂ.. ਧਰਤੀ ਤਾਂ ਬੰਜਰ ਹੋ ਗਈ ਇੰਨੀ ਤਬਾਹੀ ਦੀ ਗੱਲ ਕਰਦਿਆਂ...
ਯਾਦ ਆਉਂਦਾ ਹੈ....ਡਾ. ਸਾਹਿਬ ਸਿੰਘ ਦਾ ਨਾਟਕ "ਸੰਮਾ ਵਾਲੀ ਡਾਂਗ "ਵਾਲਾ ਬਖਤਾਵਰ ਸਿਉ ਜਿਸ ਨੇ ਮੱਧ ਵਰਗੀ ਕਿਰਸਾਨੀ ਵਿੱਚ ਧਰਤੀ ਨੂੰ ਕਦੀ ਮਾਂ ਕਿਹਾ,ਕਦੀ ਜਹਿਰਾਂ ਦੀ ਨਪੇੜ ਵਿੱਚ ਆਈ ਵਿਧਵਾ,...ਤੇ ਕਿਵੇਂ ਤੋਰੀ ਸੀ... ਉਹਨੇ ਆਪਣੇ ਧੀ...ਜਦੋਂ ਇੱਕ ਪਾਸੇ ਕਰੰਟ ਲੱਗਣ ਨਾਲ ਹੋ ਗਈ ਸੀ ਪੁੱਤ ਦੀ ਮੌਤ....ਤੇ ਦੂਜੇ ਪਾਸੇ ਜਵਾਨ ਧੀ ਦੀ ਡੋਲੀ... ਕੱਚਿਆਂ ਢਾਰਿਆਂ ਦੀ ਕਹਾਣੀ... ਵਰ੍ਹਦੇ ਮੀਂਹ ਵਿੱਚ...ਬਿਆਨ ਕਰਦਾ ਇਹ ਨਾਟਕ ਸਾਡੇ ਸੀਨਿਆਂ ਦੇ ਵਿੱਚ ਇੱਕ ਚੀਸ ਪੈਦਾ ਕਰਦਾ ਤੇ ਇੱਕ ਹੂਕ......!ਹੁਣ ਕਿੰਨਿਆਂ ਘਰਾਂ ਦੀ ਦਾਸਤਾਂ ਬਣ ਗਈ..
ਕਿੰਨੇ ਚਾਅ, ਕਿੰਨੇ ਘਰਾਂ ਦੀਆਂ ਛੱਤਾਂ, ਰੱਖਣੇ.. ਸੁਫ਼ਨੇ... ਰੁੜਦੇ ਹੋਣਗੇ.. ਜਦੋਂ ਪਾਣੀ.. ਛੱਡ ਗਿਆ.. ਬਦਬੂ ਦਾਰ ਗਾਰ.. ਸ਼ਹਿਰਾਂ ਦਾ ਗੰਦੇ ਪਾਣੀ ਦਾ ਮਿਲਣ ਵੀ ਹੋਵੇਗਾ ਇਹਨਾਂ ਪਾਣੀਆਂ ਵਿੱਚ... ਅਸੀਂ ਕਹਿ ਰਹੇ ਹਾਂ ਪਾਣੀ ਉਤਰ ਗਿਆ ਹਾਂ ਉਤਰ ਗਿਆ ਖੇਤਾਂ ਦਾ ਪਾਣੀ ਪਰ ਕਿਸਾਨਾਂ ਦੀਆਂ, ਮਜ਼ਦੂਰ ਦੀਆਂ ਅੱਖਾਂ ਦਾ ਨਹੀਂ। ਡਿੱਗੀ ਛੱਤ ਦਾ ਸੇਕ...
ਮੋਰਨੀਆਂ ਵਾਲੇ ਰੱਖਣੇ ਤੇ ਸੱਜਰ ਸੂਈ ਮੱਝ ਸਾਰੇ ਹੀ ਉਤਰੇ ਪਾਣੀ ਚ ਡਿੱਗ ਪਏ ਨੇ...
ਉਹ ਆਏ ਸੀ
ਉਹ ਆਉਣਗੇ
ਕੁਰਸੀਆਂ ਵਾਲੇ ਹਾਕਮ
ਸਾਡੀ ਉਜੜੀਆਂ ਫਸਲਾਂ....ਤੇ ਸੇਕਣਗੇ ਰੋਟੀਆਂ
ਸਾਡੇ ਫਿਕਰ ਘਟੇ ਨਹੀਂ ਸਾਡੇ ਸੀਨੇ ਵਿੱਚ ਉਬਲਦਾ ਹੈ ਸੋਚਾਂ ਵਾਲਾ ਪਤੀਲਾ... ਜਿਸ ਤੇ ਪਹਿਲਾਂ ਹਾਕਮਾਂ ਨੇ ਮਹਿਲ ਬਣਾਏ ਹੁਣ "ਜਿਸ ਖੇਤ ਉਸਦੀ ਰੇਤ" ਕਹਿ ਸਾਨੂੰ ਇਹ ਮੁਸ਼ਕ ਦੇ ਬੁਝਾਰਤ ਪਾ ਤੁਰਦੇ ਨੇ.। ਹੱਸਦਾ ਨਹੀਂ,ਹਉਕੇ ਲੈਂਦਾ ਹਾਂ,ਸਾਹ ਨਹੀਂ ਆਉਂਦਾ...ਪਰ ਖੜਾ ਹੋ ਜਾਂਦਾ ਹਾਂ।ਚੜਦੀ ਕਲਾ ਦੀ ਅਰਦਾਸ ਕਰ,ਸਾਫੇ ਨਾਲ ਮੂੰਹ ਪੂੰਝਦਾ..ਤੇ ਮੁੱਛ ਨੂੰ ਤਾਅ ਦੇ ਆਖਦਾ "ਤੇਰਾ ਭਾਣਾ ਮੀਠਾ ਲਾਗੇ...."??
ਖੇਤ ਦੇ ਬੰਨੇ ਤੇ ਬੈਠ ਸੋਚਦਾ ਹੈ ਮੈਂ ਤਾਂ ਕਰਨਾ ਸੀ ਕਰਜ਼ੇ ਦਾ ਭਾਰ ਹੌਲਾ...
ਡੁੱਬਦਿਆਂ ਨੂੰ ਵੇਖ ਕਹਿ ਤੁਰ ਗਿਆ ਹਾਕਮ ਕਰਾਂਗੇ ਭਰਪਾਈ....
75% ਤੋਂ 100 % ਤੱਕ ਦੇ ਨੁਕਸਾਨ ਨੂੰ ਦੇਵਾਂਗੇ.. 20,000/ ਪ੍ਰਤੀ ਏਕੜ..
ਡਿਗੀ ਛੱਤ ਦਾ 40.000/-
ਮਾਲ, ਡੰਗਰ ਦਾ 37500/-
ਪ੍ਰਧਾਨ ਮੰਤਰੀ ਆਏ.. ਹਵਾਈ ਸਰਵੇਖਣ ਕਰ.. ਬੋਲੇ..
ਨੁਕਸਾਨ ਤੋਂ ਬਹੁਤ ਹੂਆ ਹੈ... ਦੇ ਗਏ 1600 ਕਰੋੜ..
ਸਾਡੇ ਇੱਕ ਹਓਕੇ ਦਾ ਮੁੱਲ ਨਹੀਂ...
ਸਾਡੇ ਤਾਂ ਤਿੱਥ ਤਿਉਹਾਰ ਹੀ ਸਾਡੀ ਫਸਲ ਹੈ... ਵਿਸਾਖੀ.. ਦੁਸਿਹਰਾ...
ਬਨੇਰੇ ਨਾ ਰਹੇ.. ਕਿੱਥੇ ਬਾਲਾਗੇ... ਦੀਵੇ.. ਹੋਵੇਗੀ ਮੱਸਿਆ ਦੀ ਰਾਤ.. ਹਨੇਰੀ...
ਕੌਣ ਕਿਵੇਂ ਆਇਆ.....
ਆਏ ਤਾਂ ਸਾਰੇ.. ਚਿੱਟੇ ਕੱਪੜੇ, ਰੰਗ ਦਾਰ.. ਝੰਡੇ.., ਫੋਟੋ.. ਕਰਵਾ.. ਟਰੈਕਟਰ ਤੇ ਬੈਠ.. ਵਾਸਤੇ ਪਾ ਕਰ ਦੇਵਾਂਗੇ.. ਸਾਰੇ ਬੰਨ ਪੱਕੇ.. ਆ ਜਾਣ ਦਿਓ.. ਆਪਣੀਆਂ ਰੋਟੀਆਂ ਸੇਕ ਤੁਰਦੇ ਨੇ.. ਸਾਡੇ ਤਾਂ ਚੁਲਿਆ ਦਾ ਸੇਕ ਦੀ ਸਾਰ ਇਹਨਾਂ ਦੇ ਕਿਲਿਆਂ ਦੀਆਂ ਝੀਤਾਂ ਵਿੱਚੋ ਵੀ ਨਹੀਂ ਦਿੱਸਦੀ... ਤੜਫਦਾ ਹੈ ਸੱਚ.. ਹਲਾਤਾਂ ਦੇ ਸ਼ਬਦਾਂ ਤੋਂ ਆਰ ਪਾਰ.. ਅਖ਼ੇ...
"ਮਰ ਮਰ ਬੁਢੜੀ ਗੀਤੜੇ ਗਾਵੈ.. ਲੋਕੀਂ ਕਹਿਣ ਵਿਆਹ "
ਸਵੈ ਸੇਵਕ ਜਥੇਬੰਦੀਆਂ ਨੇ ਵੀ ਪੂਰਾ ਵਾਹ ਲਾਇਆ.. 111 ਕੈਂਪ ਵਿੱਚ ਜਾ ਕੇ ਰਾਸ਼ਨ.. ਦਵਾਈ.. ਲੋੜ ਦੀਆਂ ਚੀਜ਼ਾਂ ਮੁਹੱਈਆਂ ਕਰਵਾਈਆਂ... ਫੋਟੋਆਂ ਸੋਸ਼ਲ ਮੀਡੀਆ ਤੇ ਵਾਹ ਵਾਹ ਕਰਵਾਈ...
ਤੁਰਦੇ ਹਾਂ ਤੱਥਾਂ ਦੀ ਵਰਣਮਾਲਾ ਵੱਲ.. ਸਾਰੇ ਅਦਾਰੇ, ਸਰਕਾਰਾਂ ਪੜ੍ਹ ਰਹੇ ਨੇ ਪੈਤੀ ਅੱਖਰੀ.. ਜ਼ਰਾ ਸੱਚ ਦੀ ਪੌੜੀ ਚੜ੍ਹ ਗੱਲ ਕਰਦੇ ਹਾਂ....
ਸਾਡੀਆਂ ਜ਼ਮੀਨਾਂ ਦੀ ਕੀਮਤ ਐਨੀ ਕੁ ਹੈ.. ਜ਼ਰਾ ਜ਼ਮੀਰ ਨਾਲ ਸੋਚੋ...
ਮੁੱਖ ਮੰਤਰੀ ਹੋਰਾਂ ਜ਼ੋਰ ਦੇ ਕੇ ਆਖਿਆ..
"ਇਹ ਕੰਜੂਸ ਹੋਣ ਦਾ ਵੇਲਾ ਨਹੀਂ ਹੈ.. "
ਸਹਾਇਤਾ 5 ਗੁਣਾ ਵਧਾਓ... ਸਰਕਾਰ ਨੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਕਵਰ ਕਰਨ ਦਾ ਵੀ ਵਾਅਦਾ ਕੀਤਾ ਟਰਾਂਸਫਾਰਮਰ ਟਿਊਬਲ ਕਮਰੇ ਵਾਹਨ ਅਤੇ ਘਰੇਲੂ ਸਮਾਨ ਜੋ ਪਾਣੀਆਂ ਵਿੱਚ ਡੁੱਬਣ ਨਾਲ ਗਵਾਚ ਗਿਆ ਸਭ ਕੁਝ ਪੂਰਾ ਕਰਨ ਦਾ ਵਾਅਦਾ ਕੀਤਾ...
ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਕੀਤੀ ਬੋਰਵਾਲ ਤੇ ਪੰਪ ਵੀ ਬਰਬਾਦ ਹੋ ਗਏ...
ਇਹ 20 ਹਜਾਰ ਨਾਲ ਕਵਰ ਨਹੀਂ ਹੋਣੇ.। ਇਸ ਤੋਂ ਇਲਾਵਾ "ਜਿਸ ਦਾ ਖੇਤ ਉਸ ਦੀ ਰੇਤ" ਨਾਲ ਇਕ ਉਪਾਅ ਦੀ ਆਗਿਆ ਦਿੱਤੀ.।
ਕੇਂਦਰ ਸਰਕਾਰ ਨੇ 1600 ਕਰੋੜ ਦੇ ਰਾਹਤ ਪੈਕਜ ਦਾ ਐਲਾਨ ਕੀਤਾ ਇਸ ਵਿੱਚ ਭਾਰਤ ਦੇ ਰਾਜ ਆਫਤ ਪ੍ਰਤੀਕਿਰਿਆ ਫੰਡ(SDRF) ਦੀ ਅਗਾਉਂ ਰਿਲੀਜ਼, ਐਕਸ ਗਰੇਸ਼ੀਆ ਭੁਗਤਾਨ ਅਤੇ ਏਜੰਸੀਆਂ ਨੂੰ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਮਦਦ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।
ਮ੍ਰਿਤਕ ਪਰਿਵਾਰਾਂ ਨੂੰ 2 ਲੱਖ,ਗੰਭੀਰ ਜਖਮੀਆਂ ਨੂੰ 50 ਹਜਾਰ,ਅਨਾਥ ਬੱਚਿਆਂ ਨੂੰ ਪੀਐਮ ਕੇਅਰ ਫੰਡ ਰਾਹੀਂ ਸਹਾਇਤਾ ਦਿੱਤੀ ਜਾਵੇਗੀ।ਨਿਰਧਾਰਤ ਕੀਤੇ ਗਏ ਨੁਕਸਾਨੇ ਗਏ ਪੰਪਾਂ ਨੂੰ ਸੋਲਰ ਨਾਲ ਜੋੜਨ ਦੀ ਤਜਵੀਜ,ਪੀਐਮ ਆਵਾਸ ਅਧੀਨ ਮੁੜ ਨਿਰਮਾਣ
, ਸਮੱਗਰਾ ਸਿੱਖਿਆ ਅਧੀਨ ਸਕੂਲਾਂ ਦੀ ਮੁਰੰਮਤ,
ਹਾਈਵੇ ਨੂੰ ਬਹਾਲ ਕਰਨਾ,
ਪੀਐਮ ਕਿਸਾਨ ਕਿਸਤਾਂ ਅਗਾਹੂ ਰਿਲੀਜ ਕਰਾਵੇ ਸ਼ਾਮਲ ਹੈ।
ਪਰ ਇੱਕ ਤੋਖਲਾ ਉਭਰਦਾ ਨਜ਼ਰ ਆ ਰਿਹਾ ਹੈ ਪਿਛਲੇ ਹੜ੍ਹਾ ਵਿੱਚ ਸਿਰਫ ਪੰਜ ਏਕੜ ਤੱਕ ਹੀ ਮੁਆਵਜ਼ਾ ਦਿੱਤਾ ਗਿਆ ਸੀ। ਭਾਵੇਂ ਮਾਲਕੀ ਕੁਝ ਵੀ ਹੋਵੇ ਹੁਣ ਵੀ ਸੀਮਾਵਾਂ ਦਾ ਡਰ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਪ੍ਰਤੀ ਏਕੜ ਇਕ ਲੱਖ ਦੀ ਮਨਜ਼ੂਰੀ ਦੀ ਮੰਗ ਕੀਤੀ ਹੈ।
ਕਿਸਾਨ ਮਜ਼ਦੂਰ ਮੋਰਚਿਆਂ ਨੇ 70 ਹਜਾਰ
ਜੋ ਕਿ ਸਰਕਾਰ ਦੀ ਪੇਸ਼ਕਸ਼ ਤੋਂ ਕਿਤੇ ਵੱਧ ਹੈ
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੜਾਂ ਦੇ ਮੁੜ ਵਸੇਬੇ ਲਈ 20 ਹਜਾਰ ਕਰੋੜ ਦੀ ਮੰਗ ਕੀਤੀ ਹੈ.।
ਭਗਵੰਤ ਸਿੰਘ ਮਾਨ ਸਰਕਾਰ ਅਤੇ ਉਸਦੇ ਮੰਤਰੀਆਂ ਨੇ ਅਦਾਇਗੀਆਂ ਦਾ ਵਾਅਦਾ ਤੇਜ਼ੀ ਨਾਲ ਕਰਨ ਦਾ ਕੀਤਾ ਹੈ ਲੋੜ ਹੈ ਬਿਮਾਰੀਆਂ ਦੇ ਫੈਲਣ ਤੋਂ ਬਚਾਅ ਦੀ ਪਸ਼ੂਆਂ ਜਾਨਵਰਾਂ ਦੇ ਟੀਕਾਕਰਣ
ਦੀ ਤੇ ਵਾਹਿਯੋਗ ਖੇਤੀ ਨੂੰ ਬਚਾਉਣ ਦੀ
ਸਿਹਤ ਮੰਤਰੀ ਬਲਬੀਰ ਸਿੰਘ ਨੇ ਨਿਜੀ ਤੌਰ ਤੇ 50-50 ਹਜਾਰ ਦੇ ਚੈੱਕ ਵੰਡੇ ਹਨ।
ਮੁੱਖ ਮੰਤਰੀ ਰਾਹਤ ਫੰਡ ਵਿੱਚ 48 ਕਰੋੜ ਇਕੱਠੇ ਹੋ ਚੁੱਕੇ ਹਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ SDRF ਤੋਂ ਸਿਰਫ 1582 ਕਰੋੜ ਮਿਲੇ ਜਿਸ ਵਿੱਚੋਂ 649 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਵਿਰੋਧੀ ਧਿਰਾਂ ਆਪਣੀ ਕੁਰਸੀ ਤੇ ਕੱਪੜਾ ਫੇਰ ਰਹੀਆਂ ਹਨ ਅਤੇ ਕੱਪੜੇ ਪ੍ਰੈਸ ਕਰਵਾ ਮੋਤਬਰ ਬਣ ਸਿਆਸੀ ਇਕੱਠ ਕਰ ਰਹੀਆਂ ਹਨ। ਜਾਣਕਾਰੀ ਤੋਂ ਬਿਨਾਂ ਹੀ ਸੋਸ਼ਲ ਮੀਡੀਆ ਆਪਣਾ ਮਨ ਪਰਚਾਵਾ ਕਰ ਰਿਹਾ ਹੈ।
ਸਾਡੀ ਤਾਂ ਆਪ ਉਪਜਾਉ ਧਰਤੀ
ਜਿਸ ਨੂੰ ਕਦੀ ਮਾਂ ਕਿਹਾ ਜਾਂਦਾ ਸੀ ਕਦੇ ਜਹਿਰਾਂ ਦੀ ਲਪੇਟ ਚ, ਕਦੇ ਮਾਰੂ ਪਾਣੀਆਂ ਦੀ ਰੋੜ..ਚ ਸਿਰੋਂ ਨੰਗੀ ਹੋ ਚੁੱਕੀ ਹੈ। ਇੱਕ ਵਿਸ਼ਾ ਹੋਰ ਵੀ ਚੱਲ ਰਿਹਾ ਹੈ
"ਸਾਡਾ ਪਿੰਡ ਵਿਕਾਊ ਹੈ।"
ਸਾਨੂੰ ਚਿੱਟੇ ਨੇ ਆਪਣੀ ਲਪੇਟ ਵਿੱਚ ਲੈ ਲਿਆ.। ਲੋੜ ਹੈ ਨੈਤਿਕ ਪੱਧਰ ਤੇ ਜਿੰਮੇਵਾਰੀ ਨੂੰ ਸਮਝਦੇ ਹੋਏ ਨਸ਼ਾ ਮੁਕਤ ਪੰਜਾਬ ਬਣਾਉਣ ਤੇ ਸਿਆਸੀ ਲਾਹੇ ਤੋਂ ਬਿਨਾਂ ਰਾਜਨੀਤਿਕ ਪੱਧਰ ਤੇ ਨਿਜ ਨੂੰ ਲਾਂਭੇ ਰੱਖ ਕੇ ਪੰਜਾਬ ਨੂੰ ਬਚਾਉਣ ਦੀ.. ਟੁੱਟੀਆਂ ਸੜਕਾਂ ਬਣਾਉਣ ਦੀ,ਪੰਜਾਬ ਦੀ ਪੱਗ ਬਚਾਉਣ ਦੀ ਆਪਣੇ ਰੰਗ ਵਟਾਉਣ ਦੀ..ਬਿਪਤਾ ਜੇ ਪੰਜਾਬ ਦੀ ਹੈ,ਕਿਸਾਨਾਂ ਦੀ,ਖੇਤ ਮਜ਼ਦੂਰਾਂ ਦੀ,ਆਰਥਿਕ ਤੰਗੀ ਦੀ,ਹੰਬਲਾ ਮਾਰੋ ਮੁੜ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰੋ ਨਸ਼ਾ ਮੁਕਤ ਕਰੋ ਤੇ ਆਉਣ ਵਾਲੇ ਸੁਨਹਿਰੀ ਦਿਨਾਂ ਲਈ ਚੰਗੇ ਪੰਜਾਬ ਦੀ ਸਿਰਜਣਾ ਕਰੋ.. ""
ਸਿਆਸਤ ਬਹੁਤ ਹੋ ਗਈ...ਵਿਪਾਸਨਾ ਦਾ ਸਮਾਂ ਨਹੀਂ.. ਧਰਮ.. ਮਹੱਜ਼ਬ.. ਜਾਤ ਪਾਤ.. ਛੱਡ ਮਨੁੱਖਤਾ.. ਦਾ ਭਲਾ ਕਰੀਏ...

-
ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ / ਬਲਜੀਤ ਬੱਲ, ਸਕੂਲ ਆਫ ਬਿਜ਼ਨਸ ਮੇਨਜਮੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ
pushpindergill63@gmail.com
9814145045, 9914100088
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.