ਸੁਭਾਸ਼ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰਾਸ਼ਨ ਕਿੱਟਾਂ ਵੰਡੀਆਂ
ਸਰਕਾਰ ਵੱਲੋਂ ਹਰ ਸੰਭਵ ਮਦਦ ਦਿਵਾਉਣ ਦਾ ਭਰੋਸਾ
ਮਲਕੀਤ ਸਿੰਘ ਮਲਕਪੁਰ
ਲਾਲੜੂ 12 ਸਤੰਬਰ 2025: ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਤੇ ਸੀਨੀਅਰ ਆਪ ਆਗੂ ਸਵੀਟੀ ਸ਼ਰਮਾ ਵੱਲੋਂ ਆਪਣੀ ਟੀਮ ਨਾਲ ਲਾਲੜੂ ਖੇਤਰ ਦੇ ਹੜ੍ਹ ਪ੍ਰਭਾਵਿਤ ਚਾਰ ਪਿੰਡਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਪਿੰਡ ਸਾਧਾਂਪੁਰ, ਡੰਗਡਹਿਰਾ, ਬਾਜ਼ੀਗਰ ਬਸਤੀ ਤੇ ਸਿਤਾਰਪੁਰ 'ਚ ਲੋੜਵੰਦਾਂ ਨੂੰ ਕਰੀਬ ਢਾਈ ਸੌ ਕਿੱਟਾਂ ਵੰਡਦਿਆਂ ਸ੍ਰੀ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੜ੍ਹ ਪੀੜਤਾਂ ਦੇ ਦਰਮਿਆਨ ਵਿਚਰ ਰਹੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਤਰਨਤਾਰਨ ਦੇ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ ਗਿਆ ਸੀ ਤੇ ਹੁਣ ਉਹ ਆਪਣੇ ਲੋਕਾਂ ਨਾਲ ਵੀ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਕਤ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਨੇ ਵੱਡੀ ਮਾਰ ਕੀਤੀ ਹੈ ਤੇ ਇਸ ਲਈ ਉਕਤ ਪੀੜਤਾਂ ਦੀ ਹਰ ਸੰਭਵ ਮਦਦ ਕਰਨਾ ਸਾਡਾ ਫਰਜ਼ ਹੈ । ਸ੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਲਈ ਕੀਤੇ ਐਲਾਨਾਂ ਨੂੰ ਪੂਰਾ ਕਰਨ ਹਿੱਤ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਜਲਦ ਹੀ ਗਿਰਦਾਵਰੀ ਵਗੈਰਾ ਸ਼ੁਰੂ ਹੋ ਕੇ ਸਭਨਾਂ ਨੂੰ ਉਚਿਤ ਮੁਆਵਜ਼ਾ ਮਿਲੇਗਾ। ਉਨ੍ਹਾਂ ਕੇਂਦਰ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਦਿੱਤਾ ਗਿਆ ਮੁਆਵਜ਼ਾ ਥੋੜ੍ਹਾ ਹੈ ਪਰ ਜੋ ਦਿੱਤਾ ਗਿਆ ਹੈ ,ਉਹ ਜਲਦ ਜਾਰੀ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਕੇਂਦਰ ਸਰਕਾਰ ਜਲਦ ਤੋਂ ਜਲਦ ਪੰਜਾਬ ਦਾ ਜੀਐਸਟੀ ਵਾਲਾ ਬਕਾਇਆ ਦੇਵੇ ਤਾਂ ਜੋ ਇਸ ਸਮੇਂ ਸੰਕਟ ਵਿਚੋਂ ਲੰਘ ਰਹੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਲਾਲੜੂ ਦੇ ਚੇਅਰਮੈਨ ਬਲਵਿੰਦਰ ਸਿੰਘ ਆਲਮਗੀਰ ਸਮੇਤ ਵੱਖ-ਵੱਖ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ ।