ਪਿੰਡ ਰਾਮਣਵਾਸ ਵਿਖੇ ਫਸਲਾਂ ਦੀ ਰਹਿੰਦ-ਖੂਹੰਦ ਸਬੰਧੀ ਲਾਇਆ ਕਿਸਾਨ ਜਾਗਰੂਕਤਾ ਕੈਂਪ
ਅਸ਼ੋਕ ਵਰਮਾ
ਬਠਿੰਡਾ, 12 ਸਤੰਬਰ 2025 : ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਜਗਦੀਸ਼ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਭਾਰਤ ਭੂਸ਼ਣ ਬਲਾਕ ਖੇਤੀਬਾੜੀ ਅਫਸਰ, ਰਾਮਪੁਰਾ ਦੀ ਅਗਵਾਈ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਰਾਮਪੁਰਾ ਵੱਲੋਂ ਪਿੰਡ ਰਾਮਣਵਾਸ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਕਿਸਾਨਾਂ ਨੂੰ ਸਾਉਣੀ, ਝੋਨੇ ਦੇ ਪਰਾਲੀ ਪ੍ਰਬੰਧਨ ਅਤੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਡਾ. ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਵਿੱਚ ਮੌਜੂਦਾ ਸਮੇਂ ਵਿੱਚ ਆ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ-ਸਿਰ ਸਿਫਾਰਸ਼ਸ਼ੁਦਾ ਉੱਲੀਨਾਸ਼ਕ ਸਪਰੇਅ ਕਰਨ ਦੀ ਸਲਾਹ ਦਿੱਤੀ।
ਨਰਮੇਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 13:00:45 ਦੀਆਂ ਸਪਰੇਆਂ ਕਰਨ ਦੀ ਅਤੇ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਦੀ ਸਲਾਹ ਦਿੱਤੀ। ਉਹਨਾ ਦੱਸਿਆ ਕਿ ਜੇਕਰ ਨਰਮੇਂ ਦੀ ਫਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਤਾਂ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਸਪਰੇਅ ਕਰਨ। ਸ਼੍ਰੀ ਕੰਵਲਜੀਤ ਸਿੰਘ ਬੀ.ਟੀ.ਐਮ ਨੇ ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਝੋਨੇ ਦੇ ਪਰਾਲੀ ਪ੍ਰਬੰਧਨ ਦੀਆਂ ਵੱਖ ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਕਿਉਂਕਿ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ ਸੁਵੰਨਤਾ ਤੇ ਖੇਤੀ ਨਿਰਭਰ ਹੈ ਅਤੇ ਫਸਲਾਂ ਦੀ ਰਹਿੰਦ ਖੂਹੰਦ ਇੱਕ ਅਣਮੁੱਲਾ ਜੈਵਿਕ ਪਦਾਰਥ ਹੈ। ਇਸ ਨਾਲ ਧਰਤੀ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਧਰਤੀ ਵਿੱਚ ਵਾਪਸ ਆ ਜਾਂਦੇ ਹਨ ਅਤੇ ਰਸਾਇਣਿਕ ਖਾਦਾਂ ਤੇ ਨਿਰਭਰਤਾ ਘੱਟੇਗੀ।
ਇਸ ਤੋਂ ਇਲਾਵਾ ਉਹਨਾਂ ਨੇ ਆਤਮਾ ਸਕੀਮ ਅਧੀਨ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ। ਸ਼੍ਰੀ ਇਕੱਤਰ ਸਿੰਘ ਏ.ਟੀ.ਐਮ ਨੇ ਕਿਸਾਨਾਂ ਨੂੰ ਮਿੱਟੀ ਪਾਣੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਹੀ ਕਰਨ ਤਾਂ ਜੋ ਖੇਤੀ ਖਰਚੇ ਘਟਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਸ ਸਬੰਧੀ ਮੌਕੇ ਤੇ ਕਿਸਾਨਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਕੈਂਪ ਉਪਰੰਤ ਵੱਖ ਵੱਖ ਫਸਲਾਂ ਨਾਲ ਸਬੰਧਤ ਸਾਹਿਤ ਦੀ ਵੀ ਵੰਡ ਕੀਤੀ ਅਤੇ ਸਾਉਣੀ ਮੱਕੀ ਵਾਲੇ ਖੇਤਾਂ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਮੌਕੇ ਪਰਗਟ ਸਿੰਘ ਨੰਬਰਦਾਰ, ਨੈਬ ਸਿੰਘ, ਲਾਡੀ ਸਿੰਘ, ਬੀਹਲਾ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।