ਸੁਨੀਲ ਜਾਖੜ ਨੇ ਸਾਂਝੀ ਕੀਤੀ ਕੈਗ ਰਿਪੋਰਟ, ਦਾਅਵਾ ਕੀਤਾ ਕਿ ਐਸ ਡੀ ਆਰ ਐਫ ਦੇ 31 ਮਾਰਚ 2023 ਤੱਕ 9041.74 ਕਰੋੜ ਰੁਪਏ ਆਏ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 13 ਸਤੰਬਰ, 2025: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਗ ਰਿਪੋਰਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ 31 ਮਾਰਚ 2023 ਤੱਕ ਪੰਜਾਬ ਨੂੰ 9041.74 ਕਰੋੜ ਰੁਪਏ ਐਸ ਡੀ ਆਰ ਐਫ ਦੇ ਮਿਲੇ ਸਨ ਤੇ ਅਗਲੇ ਤਿੰਨ ਸਾਲਾਂ ਦੇ ਪੈਸੇ ਮਿਲਾ ਕੇ ਕੁੱਲ 12,000 ਕਰੋੜ ਰੁਪਏ ਪੰਜਾਬ ਨੂੰ ਮਿਲੇ ਹਨ।
ਉਹਨਾਂ ਟਵੀਟ ਕੀਤਾ ਹੈ, ’’ਭਗਵੰਤ ਸਿੰਘ ਮਾਨ ਜੀ ਆਹ ਰਹੇ ਐਸ ਡੀ ਆਰ ਐਫ ਦੇ ਪੈਸੇ।
ਇਹ ਕੈਗ ਦੀ ਰਿਪੋਰਟ ਹੈ ਜਿਸ ਵਿੱਚ ਬੜੀ ਸਪਸ਼ਟਤਾ ਨਾਲ ਦਰਜ ਹੈ ਕਿ ਪੰਜਾਬ ਕੋਲ 31 ਮਾਰਚ 2023 ਨੂੰ ਐਸਡੀ ਆਰ ਐਫ ਦੇ 9041.74 ਕਰੋੜ ਰੁਪਏ ਪਏ ਸਨ ਅਤੇ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਦੇ ਨਿਯਮਾਂ ਦਾ ਉਲੰਘਣ ਕਰਦਿਆਂ ਸੂਬਾ ਸਰਕਾਰ ਨੇ ਇਸ ਨੂੰ ਉਚਿਤ ਨਿਵੇਸ਼ ਵੀ ਨਹੀਂ ਕੀਤਾ ਸੀ
ਇਸ ਤੋਂ ਬਾਅਦ ਵੀ ਸਾਲ 23 -24, 24-25 ਅਤੇ 25 -26 ਦੇ ਫੰਡ ਆਏ ਹਨ ਜਿਸ ਨੂੰ ਮਿਲਾ ਕੇ ਕੁੱਲ ਰਕਮ 12 ਹਜਾਰ ਕਰੋੜ ਬਣਦੀ ਹੈ। ਮੁੱਖ ਮੰਤਰੀ ਸਾਹਿਬ ਤੁਹਾਡੇ ਮੁੱਖ ਸਕੱਤਰ ਨੇ ਵੀ ਤੁਹਾਡੀ ਹਾਜ਼ਰੀ ਵਿੱਚ ਦੱਬੀ ਜੁਬਾਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਸਵੀਕਾਰ ਕੀਤਾ ਸੀ ਤੇ ਤੁਹਾਡੇ ਮੰਤਰੀ ਵੀ ਇਹ ਮੰਨ ਚੁੱਕੇ ਹਨ। ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਨੂੰ ਗੁੰਮਰਾਹ ਕਰਨ ਲਈ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲਵੋ ਅਤੇ ਇਸ ਰਕਮ ਦਾ ਢੁਕਵਾਂ ਇਸਤੇਮਾਲ ਲੋਕਾਂ ਨੂੰ ਰਾਹਤ ਦੇਣ ਤੇ ਕਰੋ।’’