ਮਾਸਟਰ ਰਾਜਿੰਦਰ ਸਿੰਘ ਗੋਨਿਆਣਾ ਚੰਡੀਗੜ੍ਹ ਵਿਖੇ ਐਕਸੀਲੈਂਟ ਟੀਚਰ ਅਵਾਰਡ ਨਾਲ ਸਨਮਾਨਿਤ
ਅਸ਼ੋਕ ਵਰਮਾ
ਗੋਨਿਆਣਾ, 12 ਸਤੰਬਰ 2025: ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਵਿਲੱਖਣ ਪ੍ਰਾਪਤੀਆਂ ਨੂੰ ਲੈ ਕੇ ਕੌਮੀ ਪੱਧਰ ਤੇ ਗੋਨਿਆਣਾ ਮੰਡੀ ਅਤੇ ਜ਼ਿਲ੍ਹਾ ਬਠਿੰਡਾ ਦਾ ਨਾਮ ਚਮਕਾਉਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਾਜਿੰਦਰ ਸਿੰਘ ਨੂੰ ਚੰਡੀਗੜ੍ਹ ਵਿਖੇ ਰਾਜ ਸਭਾ ਮੈਂਬਰ ਅਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਐਕਸੀਲੈਂਟ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਮਾਨਵ ਮੰਗਲ ਗਰੁੱਪ ਆਫ ਸਕੂਲ ਸੈਕਟਰ 88 ਦੇ ਆਡੀਟੋਰੀਅਮ ਵਿਖੇ ਅਧਿਆਪਕ ਦਿਵਸ ਦੇ ਸੰਬੰਧ ਵਿੱਚ ਰੱਖੇ ਗਏ ਵਿਸ਼ੇਸ਼ ਸਮਾਗਮ ਮੌਕੇ ਟਰਸਟੀ ਮਅੰਕ ਮਿਸ਼ਰਾ ਨੇ ਦੱਸਿਆ ਕਿ ਅਧਿਆਪਕ ਰਾਜਿੰਦਰ ਸਿੰਘ ਜੋ ਕਿ ਬਠਿੰਡਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਅਧਿਆਪਨ ਦੀ ਅਲਖ ਜਗਾ ਰਿਹਾ ਹੈ ਉਸਨੇ ਆਪਣੇ ਵਿਲੱਖਣ ਅਧਿਆਪਨ ਰਾਹੀ ਨਾ ਸਿਰਫ ਬਠਿੰਡਾ ਜ਼ਿਲ੍ਹੇ ਦੇ ਚਾਰ ਸਕੂਲਾਂ ਨੂੰ ਚਮਕਾਇਆ ਹੈ ਸਗੋਂ ਪੂਰੇ ਇਲਾਕੇ ਵਿੱਚ ਸਿੱਖਿਆ ਦੀ ਅਲਖ ਜਗਾਉਂਦਿਆਂ ਪੰਜਾਬ ਅਤੇ ਦੇਸ਼ ਪੱਧਰ ਤੇ ਵੀ ਕੀਰਤੀਮਾਨ ਸਥਾਪਿਤ ਕੀਤੇ ਹਨ।
ਇਸ ਮੌਕੇ ਪੰਜਾਬ ਅਤੇ ਹਰਿਆਣਾ ਦੇ 10 ਹੋਰਨਾਂ ਅਧਿਆਪਕਾਂ, ਪ੍ਰੋਫੈਸਰਾਂ ਅਤੇ ਲੈਕਚਰਾਰਾਂ ਨੂੰ ਵੀ ਰਾਜਸਭਾ ਮੈਂਬਰ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸਤਿਨਾਮ ਸਿੰਘ ਸੰਧੂ ਵੱਲੋਂ ਸਨਮਾਨ ਪੱਤਰ ਦੇਖ ਕੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ.ਸਤਨਾਮ ਸਿੰਘ ਸੰਧੂ ਅਤੇ ਡਾ.ਐਸ ਕੇ ਮਿਸ਼ਰਾ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਹਮੇਸ਼ਾ ਆਦਰ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਸਫਲਤਾ ਦੇ ਪਿੱਛੇ ਉਸਦੇ ਅਧਿਆਪਕ ਦਾ ਹੱਥ ਹੀ ਹੁੰਦਾ ਹੈ।
ਇਸ ਮੌਕੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਵਾਈਸ ਚਾਂਸਲਰ ਡਾਕਟਰ ਐਸ ਕੇ ਮਿਸ਼ਰਾ ਮਾਨਵ ਮੰਗਲ ਗਰੁੱਪ ਆਫ ਸਕੂਲ ਦੇ ਡਾਇਰੈਕਟਰ ਸੰਜੇ ਸਰਦਾਨਾ, ਅੰਜਲੀ ਸਰਦਾਨਾ, ਡਾਕਟਰ ਜੀਸੀ ਮਿਸ਼ਰਾ ਅਤੇ ਮੈਨੇਜਿੰਗ ਟਰਸਟੀ ਮਯੰਕ ਮਿਸ਼ਰਾ ਵੀ ਹਾਜ਼ਰ ਸਨ।