ਅਮਰੀਕੀ-ਇਜ਼ਰਾਈਲੀ ਧਾੜਵੀਆਂ ਵੱਲੋਂ ਇਰਾਨ ਖਿਲਾਫ਼ ਥੋਪੀ ਨਿਹੱਕੀ ਜ਼ੰਗ ਵੱਡੇ ਖ਼ਤਰੇ ਦਾ ਸੂਚਕ -- ਨਰਾਇਣ ਦੱਤ
27 ਫਰਬਰੀ ਨੂੰ ਸਾਮਰਾਜੀ ਧਾੜਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ
ਅਤੇ ਜਿਉਣਵਾਦੀ ਇਜ਼ਰਾਈਲ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵੱਲੋਂ
ਗੁਪਤ ਨਾਮ ਇਜ਼ਰਾਈਲ ਦੁਆਰਾ ਰੋਅਰਿੰਗ ਲਾਇਨ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਆਪ੍ਰੇਸ਼ਨ ਐਪਿਕ ਫਿਊਰੀ ਰਾਹੀਂ ਇਰਾਨ ਉੱਪਰ ਭਿਆਨਕ ਹਮਲਾ ਕਰ ਦਿੱਤਾ ਹੈ। ਮੁੱਢਲੇ ਹਮਲੇ ਦੌਰਾਨ ਹੀ ਇਰਾਨ ਦੇ ਦਰਜਣਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ ਦੌਰਾਨ ਸੈਂਕੜੇ ਇਰਾਨੀ ਲੋਕਾਂ ਨੂੰ ਮਾਰ ਮੁਕਾਇਆ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਜ਼ਖਮੀ ਕਰ ਦਿੱਤਾ ਹੈ। ਕੁੜੀਆਂ ਦੇ ਇੱਕ ਸਕੂਲ ਨੂੰ ਹਮਲੇ ਦਾ ਨਿਸ਼ਾਨਾ ਬਣਾਕੇ 53 ਛੋਟੇ ਬੱਚੇ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅਮਰੀਕਾ-ਇਜਰਾਈਲ ਨੇ ਇਰਾਨ ਨੂੰ ਨਿਸ਼ਾਨਾ ਉਸ ਸਮੇਂ ਬਣਾਇਆ ਹੈ ਜਦੋਂ ਉਮਾਨ ਦੀ ਵਿਚੋਲਗੀ ਨਾਲ ਮਸਲੇ ਦਾ ਹੱਲ ਕਰਨ ਲਈ ਚੌਥੇ ਗੱਲਬਾਤ ਦਾ ਗੇੜ ਚਲਾਉਣ ਦਾ ਢੌਂਗ ਰਚ ਰਿਹਾ ਸੀ। ਇਹ ਹਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਦੇ ਠੀਕ ਇੱਕ ਬਾਅਦ ਹੋਣਾ ਮਹਿਜ਼ ਸਾਧਾਰਨ ਘਟਨਾ ਨਹੀਂ ਸਗੋਂ ਖੁਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਮੁਤਾਬਕ ਹੀ ਲੰਬੇ ਸਮੇਂ ਦੀ ਯੋਜਨਾਬੱਧ ਰਣਨੀਤੀ ਦਾ ਹਿੱਸਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਉੱਤੇ ਹਮਲਾ ਕਰਨ ਦੇ ਕਾਰਨ ਉਸ ਕੋਲ ਪ੍ਰਮਾਣੂ ਊਰਜਾ ਦਾ ਹੋਣਾ ਦੱਸਿਆ ਹੈ। ਜੂਨ 2025 ਵਿੱਚ ਜਦੋਂ ਅਮਰੀਕਾ ਨੇ ਇਰਾਨ ਉੱਤੇ ਹਮਲਾ ਕੀਤਾ ਸੀ ਤਦ ਵੀ ਉਸ ਕੋਲ ਪ੍ਰਮਾਣੂ ਹਥਿਆਰਾਂ ਦਾ ਹੋਣਾ ਕਿਹਾ ਸੀ, ਹਮਲਾ ਕਰਕੇ ਇਰਾਨ ਦੇ ਪਰਮਾਣੂ ਹਥਿਆਰਾਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਜਦ ਕਿ ਕੌਮਾਂਤਰੀ ਪ੍ਰਮਾਣ ਊਰਜਾ ਜਾਂਚ ਏਜੰਸੀ ਨੇ ਆਪਣੀ ਜਾਂਚ ਰਿਪੋਰਟ ਵਿੱਚ ਇਰਾਨ ਕੋਲ਼ ਪ੍ਰਮਾਣੂ ਹਥਿਆਰ ਨਾਂ ਹੋਣ ਦੀ ਪੁਸ਼ਟੀ ਕੀਤੀ ਸੀ।
ਇਰਾਨ-ਇਜ਼ਰਾਇਲ ਟਕਰਾਅ ਦਹਾਕਿਆਂ ਪੁਰਾਣਾ ਹੈ। ਇਰਾਨ ਖਿਲਾਫ਼ ਡੋਨਾਲਡ ਟਰੰਪ ਅਤੇ ਬੇਂਜਾਮਿਨ ਨੇਤਨਯਾਹੂ ਦਾ ਸਾਂਝਾ ਹਮਲਾ
ਅਮਰੀਕਾ ਵੱਲੋਂ ਇਰਾਨ 'ਤੇ ਇਸ ਕਰਕੇ ਹਮਲਾ ਕੀਤਾ ਗਿਆ ਹੈ ਕਿਉਂਕਿ ਇਰਾਨ ਦਹਾਕਿਆਂ ਤੋਂ ਮੱਧ ਪੂਰਬ ਅੰਦਰ ਅਮਰੀਕੀ ਧੌਂਸ ਤੋਂ ਨਾਬਰ ਤੁਰਿਆ ਆ ਰਿਹਾ ਹੈ। 1979 ਦੇ 'ਇਸਲਾਮਿਕ ਇਨਕਲਾਬ' ਵੇਲੇ ਤੋਂ ਹੀ ਉਹ ਅਮਰੀਕੀ ਸਾਮਰਾਜੀਆਂ ਦੀ ਈਨ ਮੰਨਣ ਤੋਂ ਇਨਕਾਰੀ ਹੈ। ਇਜ਼ਰਾਇਲੀ ਰਾਜ ਮੱਧ ਪੂਰਬ ਅੰਦਰ ਪੱਕੀ ਅਮਰੀਕੀ ਫੌਜੀ ਚੌਂਕੀ ਹੈ ਤੇ ਇਸ ਖਿੱਤੇ ਦੇ ਮੁਲਕਾਂ 'ਤੇ ਦਾਬਾ ਪਾਉਣ ਰਾਹੀਂ ਅਮਰੀਕੀ ਚੌਧਰ ਬਣਾਈ ਰੱਖਣ ਦਾ ਸਾਧਨ ਹੈ।
ਫ਼ਲਸਤੀਨ ਮੁੱਦੇ 'ਤੇ ਇਰਾਨੀ ਰਾਜ ਫ਼ਲਸਤੀਨੀ ਲੋਕਾਂ ਦੇ ਸੰਘਰਸ਼ ਦੀ ਹਮਾਇਤ ਕਰਦਾ ਹੈ। ਫ਼ਲਸਤੀਨੀ ਕੌਮੀ ਟਾਕਰਾ ਸ਼ਕਤੀਆਂ ਨੂੰ ਸਹਾਇਤਾ ਦਿੰਦਾ ਹੈ। ਯਮਨ ਦੇ ਹਾਊਤੀ ਵਿਦਰੋਹੀ, ਹਿਜ਼ਬੁੱਲਾ, ਹਮਾਸ ਵਰਗੀਆਂ ਅਮਰੀਕੀ ਸਾਮਰਾਜ ਵਿਰੋਧੀ ਟਾਕਰਾ ਸ਼ਕਤੀਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਅਮਰੀਕੀ ਸਾਮਰਾਜ ਤੇ ਇਜ਼ਰਾਇਲ ਦੇ ਖ਼ਿਲਾਫ਼ ਜੂਝਦੀਆਂ ਅਰਬ ਜਗਤ ਦੀਆਂ ਟਾਕਰਾ ਸ਼ਕਤੀਆਂ ਲਈ ਇਰਾਨੀ ਰਾਜ ਇੱਕ ਪ੍ਰਮੁੱਖ ਢੋਈ ਹੈ। ਇਸ ਲਈ ਇਰਾਨ ਅਮਰੀਕਾ ਤੇ ਇਜ਼ਰਾਇਲ ਦੇ ਨਿਸ਼ਾਨੇ 'ਤੇ ਹੈ। ਅਕਤੂਬਰ 2023 'ਚ ਇਜ਼ਰਾਇਲ ਵੱਲੋਂ ਗਾਜ਼ਾ 'ਤੇ ਬੋਲੇ ਹੋਏ ਭਿਆਨਕ ਹੱਲੇ ਮਗਰੋਂ ਇਹ ਟਕਰਾਅ ਹੋਰ ਵੀ ਤਿੱਖਾ ਹੋਇਆ ਹੈ ਤੇ ਦੋਹਾਂ ਮੁਲਕਾਂ 'ਚ ਕਈ ਝੜਪਾਂ ਪਹਿਲਾਂ ਵੀ ਹੋਈਆਂ ਹਨ। ਪਿਛਲੇ ਸਾਲ ਵੀ ਜੂਨ ਮਹੀਨੇ ਅੰਦਰ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ 'ਤੇ ਬੰਬ ਵਰ੍ਹਾ ਕੇ ਉਸਦੇ ਪਰਮਾਣ ਟਿਕਾਣਿਆਂ ਨੂੰ ਤਬਾਹ ਕਰਨ ਦੇ ਦਾਅਵੇ ਕੀਤੇ ਸਨ ਪਰ ਇਹ ਦਾਅਵੇ ਫੋਕੇ ਸਾਬਤ ਹੋਏ ਸਨ। ਉਸਤੋਂ ਮਗਰੋਂ ਵੀ ਅਮਰੀਕਾ ਤੇ ਇਜ਼ਰਾਇਲ ਲਗਾਤਾਰ ਇਰਾਨ ਖ਼ਿਲਾਫ਼ ਹਮਲਾਵਰ ਰਹਿ ਰਹੇ ਹਨ ਤੇ ਉਸਨੂੰ ਗੋਡਿਆਂ ਪਰਨੇ ਕਰਕੇ ਮੱਧ ਪੂਰਬ ਵਿੱਚੋਂ ਇਰਾਨੀ ਵਿਰੋਧ ਦੀ ਚੁਣੌਤੀ ਖ਼ਤਮ ਕਰਨੀ ਚਾਹੁੰਦੇ ਹਨ। ਡੋਨਾਲਡ ਟਰੰਪ ਇਸੇ ਸਾਲ ਜਨਵਰੀ ਮਹੀਨੇ ਸੰਸਾਰ ਦੇ ਸਭ ਤੋਂ ਵੱਧ ਤੇਲ ਭੰਡਾਰਾਂ ਨਾਲ ਭਰਪੂਰ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਸ ਦੀ ਪਤਨੀ ਨੂੰ ਹਮਲੇ ਰਾਹੀਂ ਜ਼ਬਰੀ ਕਬਜ਼ੇ ਹੇਠ ਕਰ ਲਿਆ ਹੈ।
ਦੂਜਾ ਅਹਿਮ ਪੱਖ ਅਮਰੀਕਾ ਵੱਲੋਂ ਉਸ ਦੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਨਾ ਵੀ ਹੈ।
ਅਮਰੀਕੀ ਧੌਂਸ ਨੂੰ ਵੰਗਾਰਦਿਆਂ ਇਰਾਨ ਨੇ ਅਪ੍ਰੇਸ਼ਨ 'ਦਹਾੜਦਾ ਹੋਇਆ ਸ਼ੇਰ' ਦਾ ਨਾਂ ਦੇਕੇ ਇਜ਼ਰਾਈਲ ਸਮੇਤ ਅਮਰੀਕੀ-ਇਜਰਾਈਲੀ ਹਮਲੇ ਦੀ ਹਮਾਇਤ ਕਰਨ ਵਾਲੇ ਮੱਧ ਪੂਰਬ ਦੇ 8 ਅਰਬ ਦੇਸ਼ਾਂ ਵਿੱਚ ਤਾਇਨਾਤ ਅਮਰੀਕਾ ਬੇੜਿਆਂ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਕੇ ਭਾਰੀ ਤਬਾਹੀ ਮਚਾਕੇ ਕੰਬਣੀਆਂ ਛੇੜੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਉੱਤੇ ਹਮਲਾ ਕਰਨ ਨੂੰ ਖੁਮਾਇਨੀ ਦੀ ਸਤਾ ਤਬਦੀਲ ਕਰਨ ਦਾ ਮਕਸਦ ਦੱਸਿਆ ਹੈ। ਇਸ ਹਮਲੇ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਲੀ ਖਮਨੇਈ ਨੂੰ ਕਤਲ ਕਰਨ ਦੀਆਂ ਖ਼ਬਰਾਂ ਹਨ। ਡੋਨਾਲਡ ਟਰੰਪ ਇਰਾਨ ਅੰਦਰ ਆਪਣੀ ਪਿੱਠੂ ਹਕੂਮਤ ਸਾਥਾਪਤ ਕਰਨ ਲਈ ਸਤਾ ਤਬਦੀਲ ਕਰਨ ਦਾ ਖੁੱਲੇਆਮ ਸੱਦਾ ਦੇ ਰਿਹਾ ਹੈ। ਅਮਰੀਕੀ ਸਾਮਰਾਜੀਆਂ ਦਾ ਇਹ ਕੋਈ ਪਹਿਲਾ ਹਮਲਾ ਨਹੀਂ। ਇਰਾਕ, ਲਿਬੀਆ ਤੋਂ ਬਾਅਦ ਵੇਨੇਜ਼ੁਏਲਾ ਇਸ ਦੀ ਤਾਜ਼ਾ ਉਦਾਹਰਣ ਹੈ। ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਉੱਤੇ ਬੋਲੇ ਇਸ ਹਮਲੇ ਦਾ ਘੇਰਾ ਵਿਆਪਕ ਹੋਣ
ਦੀਆਂ ਸੰਭਾਵਨਾਵਾਂ ਹਨ।
ਦੁਨੀਆਂ ਭਰ ਦੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਲਈ ਇਹ ਵਡੇਰੀ ਚੁਣੌਤੀ ਹੈ। ਇਸ ਲਈ ਸਾਮਰਾਜੀ ਜੰਗਬਾਜ਼ ਤਾਕਤਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਰਾਨ ਖਿਲਾਫ਼ ਵਿੱਢੀ ਨਿਹੱਕੀ ਜ਼ੰਗ ਬੰਦ ਕਰਨ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਹ ਮੰਗ ਵੀ ਉਭਾਰਨੀ ਚਾਹੀਦੀ ਹੈ ਕਿ ਭਾਰਤੀ ਹਾਕਮ ਅਮਰੀਕਾ-ਇਜ਼ਰਾਈਲ ਨਾਲ ਹਰ ਪੱਧਰ ਦੇ ਆਰਥਿਕ-ਸਿਆਸੀ ਰਿਸ਼ਤੇ ਅਤੇ ਸੰਧੀਆਂ ਖ਼ਤਮ ਕਰਨ।
ਨਰਾਇਣ ਦੱਤ
ਬਰਨਾਲਾ
Narayan Dutt <ndutt2011@gmail.com>
.jpg)
-
ਨਰਾਇਣ ਦੱਤ, writer
ndutt2011@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.