ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼ - ਸੰਘਰਸ਼ਾਂ ਦਾ ਅਗਵਾਨੂੰ, ਕਲਮ ਦਾ ਸਾਹ-ਅਸਵਾਰ ਕਾਮਰੇਡ ਰਣਜੀਤ ਲਹਿਰਾ
ਲੇਖਕ ਨਰਾਇਣ ਦੱਤ
ਬੇਹਿੰਮਤੇ ਨੇ ਜਿਹੜੇ ਬਹਿ ਕੇ, ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ
ਬਾਬਾ ਨਜ਼ਮੀ ਦੇ ਇਸ ਸ਼ੇਅਰ ਨੂੰ ਜ਼ਿੰਦਗੀ ਦੀ ਕੈਨਵਸ ਤੇ ਹੂਬਹੂ ਉਤਾਰਨ ਵਾਲੇ ਕਾਮਰੇਡ ਰਣਜੀਤ ਲਹਿਰਾ ਨੇ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਆਈ.ਟੀ.ਆਈ ਬੁਢਲਾਡਾ ਵਿਖੇ ਇਲੈਕਟ੍ਰੀਸ਼ਨ ਟ੍ਰੇਡ ਵਿੱਚ ਦਾਖ਼ਲਾ ਲੈ ਲਿਆ। ਉਸ ਸੰਸਥਾ ਨੇ ਰਣਜੀਤ ਦੇ ਵਿਚਾਰਾਂ ਨੂੰ ਨਿਖ਼ਾਰਦਿਆਂ, ਉਸ ਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ। ਵਿਦਿਆਰਥੀਆਂ ਦੀਆਂ ਮੰਗਾਂ/ਮਸਲਿਆਂ ਨੂੰ ਸਮਝਣ ਅਤੇ ਹੱਲ ਕਰਵਾਉਣ ਲਈ ਲੜਨ ਵਾਲੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੀ 25 ਪੈਸੇ ਦੀ ਪਰਚੀ (ਮੈਂਬਰਸ਼ਿਪ) ਨੇ ਅਜਿਹੀ ਜਾਗ ਲਾਈ ਕਿ ਰੋਸ਼ਨ ਦਿਮਾਗ ਰਣਜੀਤ ਲਹਿਰਾ ਜਲਦੀ ਹੀ ਆਗੂ ਸਫਾਂ ਵਿੱਚ ਸ਼ਾਮਿਲ ਹੋ ਗਿਆ ।
ਉਹ ਪੀਐਸਯੂ ਵਿੱਚ ਸਾਧਾਰਨ ਰੂਪ'ਚ ਨਹੀਂ, ਸਗੋਂ ਚੇਤੰਨ ਕਾਰਕੁਨ ਵਜੋਂ ਵਿਚਰਿਆ। ਵਿਦਿਆਰਥੀ ਸਮੱਸਿਆਵਾਂ ਤੋਂ ਅੱਗੇ ਇਸ ਪੂਰੇ ਪ੍ਰਬੰਧ ਨੂੰ ਸਮਝਣ ਲਈ ਨਿੱਠਕੇ ਫਰੈਡਰਿਕ ਏਂਗਲਜ,ਕਾਰਲ ਮਾਰਕਸ,ਜੋਸਿਫ ਸਟਾਲਿਨ ਅਤੇ ਮਾਓ ਜ਼ੇ ਤੁੰਗ ਦੀਆਂ ਮਹਾਨ ਦੇਣਾਂ ਦਾ ਵਿਗਿਆਨਕ ਨਜ਼ਰੀਏ ਤੋਂ ਅਧਿਐਨ ਕੀਤਾ। ਆਪਣੇ ਮੁਲਕ ਅੰਦਰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗ਼ਦਰ, ਬੱਬਰ ਅਕਾਲੀ ਲਹਿਰ, ਚਾਚਾ ਅਜੀਤ ਸਿੰਘ ਦੀ ਪੱਗੜੀ ਸੰਭਾਲ ਜੱਟਾ ਲਹਿਰ, ਪੈਪਸੂ ਮੁਜ਼ਾਰਾ ਲਹਿਰ ਨੂੰ ਪੜ੍ਹਿਆ/ਜਾਣਿਆ। ਮੁਲਕ ਤੋਂ ਅੱਗੇ ਕੌਮਾਂਤਰੀ ਵਰਤਾਰਿਆਂ ਮਹਾਨ ਰੂਸੀ ਇਨਕਲਾਬ, ਚੀਨ ਦਾ ਸੱਭਿਆਚਾਰਕ ਇਨਕਲਾਬ ਦੇ ਸਬਕਾਂ ਨੂੰ ਗ੍ਰਹਿਣ ਕੀਤਾ। ਪੀਐਸਯੂ ਦਾ ਅਜਿਹਾ ਕੋਈ ਸੰਗਰਾਮ ਨਹੀਂ ਹੋਣਾ ਜਿਸ ਵਿੱਚ ਰਣਜੀਤ ਲਹਿਰਾ ਨੇ ਆਗੂ ਭੂਮਿਕਾ ਨਾਂ ਨਿਭਾਈ ਹੋਵੇ। ਵਿਦਿਆਰਥੀ ਜਥੇਬੰਦੀ ਪੀਐਸਯੂ ਜਿੱਥੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਅੱਖ ਵਿੱਚ ਰੜਕਦਾ ਰੋੜ ਸੀ। ਇਸ ਕਰ ਕੇ ਸਿਆਸੀ ਚੌਧਰੀਆਂ ਦੀ ਪਾਲੀ ਹੋਈ ਗੁੰਡਾ ਢਾਣੀ ਨਾਲ ਵੀ ਅਕਸਰ ਹੀ ਆਢਾ ਲੈਣਾ ਪੈਂਦਾ ਸੀ। ਰਣਜੀਤ ਲਹਿਰਾ ਭਲੇ ਹੀ ਸਰੀਰਕ ਪੱਖੋਂ ਕਮਜ਼ੋਰ ਸੀ ਪਰ ਵਿਚਾਰਧਾਰਕ ਪੱਖੋਂ ਚੇਤੰਨ ਹੋਣ ਕਰਕੇ ਦੁਸ਼ਮਣ ਨੂੰ ਦਲੀਲ ਦੀ ਪੱਧਰ 'ਤੇ ਚਿੱਤ ਕਰਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦਾ ਸੀ। 1983 ਵਿੱਚ ਬਾਦਲ ਹਕੂਮਤ ਵੱਲੋਂ 43 ਪ੍ਰਤੀਸ਼ਤ ਬੱਸ ਕਿਰਾਏ ਵਿੱਚ ਕੀਤੇ ਵਾਧੇ ਵਿਰੁੱਧ ਚੱਲੇ ਸੰਘਰਸ਼ ਵਿੱਚ ਮਿਸਾਲੀ ਅਗਵਾਨੂੰ ਭੂਮਿਕਾ ਨਿਭਾਈ। ਪੀਐਸਯੂ ਵਿੱਚ ਕੰਮ ਕਰਦਿਆਂ ਹੀ ਕੌਮੀ, ਕੌਮਾਂਤਰੀ ਪੱਧਰ ਦੀਆਂ ਸਿਆਸੀ ਹਾਲਤਾਂ ਦੇ ਰੂਬਰੂ ਹੋਣ ਤੋਂ ਅੱਗੇ ਨਵਾਂ ਸਮਾਜ ਸਿਰਜਣ ਲਈ ਅਹੁਲ ਰਹੀਆਂ ਵੱਖ-ਵੱਖ ਵਿਚਾਰਧਾਰਾਵਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਇਨਕਲਾਬੀ ਪਰਚੇ ਪਰਚੰਡ ਦੀ ਸਿਆਸੀ ਸੇਧ ਨਾਲ ਜੁੜਕੇ ਕੰਮ ਕਰਨ ਦੇ ਦੌਰਾਨ ਹੀ ਵਿਚਾਰਧਾਰਕ ਮੱਤਭੇਦਾਂ ਦੇ ਚਲਦਿਆਂ ਤਿੱਖੀ ਪਰ ਉਸਾਰੂ ਬਹਿਸ ਤੋਂ ਬਾਅਦ ਠੀਕ ਦਿਸ਼ਾ ਵਿੱਚ ਕਦਮ ਚੁੱਕਦਿਆਂ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਜੁੜੇ ਰਹਿਣ ਦਾ ਫ਼ੈਸਲਾ ਕੀਤਾ।
ਸਿਆਸੀ ਆਲੋਚਕ, ਰੰਗਮੰਚ ਦੇ ਬਾਬਾ ਬੋਹੜ ਭਾ ਜੀ ਗੁਰਸ਼ਰਨ ਸਿੰਘ ਵੱਲੋਂ ਵੱਖ-ਵੱਖ ਗਰੁੱਪਾਂ ਵਿੱਚ ਕੰਮ ਕਰਦੇ ਸਾਥੀਆਂ ਨੂੰ ਇੱਕ ਮੰਚ ਹੇਠ ਇਕੱਠੇ ਹੋਣ ਲਈ ਅਰੰਭੇ ਯਤਨਾਂ ਤੋਂ ਬਾਅਦ ਹੋਂਦ 'ਚ ਆਏ 'ਇਨਕਲਾਬੀ ਏਕਤਾ ਕੇਂਦਰ' ਵਿੱਚ ਆਗੂ ਸਫਾਂ ਵਿੱਚ ਸ਼ਾਮਿਲ ਹੋ ਗਿਆ। ਇਹ ਸਮਾਂ ਹਕੂਮਤੀ ਅਤੇ ਖ਼ਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਦਾ ਸਮਾਂ ਸੀ। ਲੋਕ ਦੋਵੇਂ ਦਹਿਸ਼ਤਗਰਦੀਆਂ ਦੀ ਚੱਕੀ 'ਚ ਪਿਸ ਰਹੇ ਸਨ। ਇੱਕ ਪਾਸੇ ਖ਼ਾਲਿਸਤਾਨੀ ਦਹਿਸ਼ਤਗਰਦ ਪਾਰਕਾਂ, ਗੱਡੀਆਂ, ਬੱਸਾਂ 'ਚੋਂ ਕੱਢ ਕੱਢ ਕੇ ਲਾਸ਼ਾਂ ਦੇ ਢੇਰ ਲਗਾ ਰਹੇ ਸਨ, ਦੂਜੇ ਪਾਸੇ ਪੁਲਿਸ ਹਕੂਮਤੀ ਇਸ਼ਾਰਿਆਂ 'ਤੇ ਨੱਚਦੀ ਹੋਈ ਸਿੱਖ ਨੌਜ਼ਵਾਨਾਂ ਦੇ ਪੁਲਿਸ ਮੁਕਾਬਲੇ ਬਣਾ ਰਹੀ ਸੀ। ਖ਼ਾਲਿਸਤਾਨੀ ਦਹਿਸ਼ਤਗਰਦਾਂ ਨੇ ਇਨਕਲਾਬੀ ਲਹਿਰ ਦੇ ਬਹੁਤ ਸਾਰੇ ਆਗੂ ਸਾਥੀਆਂ ਜੈਮਲ ਸਿੰਘ ਪੱਡਾ, ਗਿਆਨ ਸਿੰਘ ਸੰਘਾ, ਮਲਕੀਤ ਮੱਲ੍ਹਾ, ਨਰਿੰਦਰ ਨਿੰਦੀ, ਮੇਘ ਰਾਜ ਭਗਤੂਆਣਾ ਆਦਿ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਸ਼ਹੀਦ ਕਰਕੇ ਵੱਡੀ ਚੁਣੌਤੀ ਪੇਸ਼ ਕੀਤੀ ਸੀ। ਇਸ ਸਮੇਂ ਭਾ ਜੀ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਬਣੇ ਇਨਕਲਾਬੀ ਏਕਤਾ ਕੇਂਦਰ ਨੇ ਇਹ ਚੁਣੌਤੀ ਕਬੂਲ ਕਰਕੇ ਮਾਝੇ-ਦੁਆਬੇ ਦੇ ਅਨੇਕਾਂ ਪਿੰਡਾਂ ਵਿੱਚ ਮਾਰਚ ਅਤੇ ਸ਼ਹੀਦ ਭਗਤ ਦੀ ਜਨਮ ਸਥਲ਼ੀ ਖਟਕੜ ਕਲਾਂ ਵਿੱਖੇ ਵੱਡੀ ਰੈਲੀ ਕਰਕੇ ਚੁਣੌਤੀ ਨੂੰ ਕਬੂਲਿਆ ਸੀ। ਸਾਥੀ ਰਣਜੀਤ ਲਹਿਰਾ ਨੇ ਇਸ ਮਾਰਚ ਵਿੱਚ ਅਗਵਾਨੂੰ ਭੂਮਿਕਾ ਨਿਭਾਈ ਸੀ। ਬਦਲਵਾਂ ਲੋਕ ਪੱਖੀ ਨਾਹਰਾ 'ਨਾਂ ਹਿੰਦੂ ਰਾਜ ਨਾਂ ਖਾਲਿਸ਼ਤਾਨ-ਰਾਜ ਕਰੂ ਮਜ਼ਦੂਰ ਕਿਸਾਨ' ਬੁਲੰਦ ਕੀਤਾ ਸੀ। ਪ੍ਰਸਿੱਧ ਫਿਲਮਸਾਜ਼ 'ਅਨੰਦ ਪਟਵਰਧਨ ਵੱਲੋਂ ਇਨ੍ਹਾਂ ਹਾਲਤਾਂ ਨੂੰ ਦਰਸਾਉਂਦੀ ਫਿਲਮ 'ਉਨ੍ਹਾਂ ਮਿੱਤਰਾਂ ਦੀ ਯਾਦ ਪਿਆਰੀ' ਬਣਾਈ ਸੀ। ਇਸ ਫਿਲਮ ਵਿੱਚ ਸਾਥੀ ਰਣਜੀਤ ਲਹਿਰਾ ਦੀ ਗਿਣਨਯੋਗ ਭੂਮਿਕਾ ਸੀ। ਇਨਕਲਾਬੀ ਧਿਰਾਂ ਦੇ ਸਿਆਸੀ ਵਖਰੇਵਿਆਂ ਦੇ ਚਲਦਿਆਂ ਇਨਕਲਾਬੀ ਏਕਤਾ ਕੇਂਦਰ ਲੰਬਾ ਸਮਾਂ ਬਰਕਰਾਰ ਨਾਂ ਰਹਿ ਸਕਿਆ।
1992 ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਇਜਲਾਸ ਵਿੱਚ ਜਨਰਲ ਸਕੱਤਰ ਵਜੋਂ ਚੁਣੇ ਜਾਣ ਤੋਂ ਬਾਅਦ ਲਗਾਤਾਰ 13 ਸਾਲ ਦਾ ਲੰਬਾ ਸਮਾਂ ਇਸ ਅਹਿਮ ਜਿੰਮੇਵਾਰੀ ਨੂੰ ਸੰਭਾਲਿਆ। ਲੰਬੀਆਂ ਵਿਚਾਰਧਾਰਕ ਬਹਿਸਾਂ ਨੇ ਸਾਥੀ ਰਣਜੀਤ ਲਹਿਰਾ ਦੇ ਵਿਚਾਰਧਾਰਕ ਸਿਆਸੀ ਪੱਧਰ ਨੂੰ ਉੱਚਾ ਕੀਤਾ। ਦਿਲ ਵਿੱਚ ਛੇਕ ਹੋਣ ਕਰਕੇ ਸਿਹਤ ਪੂਰੀ ਤਰ੍ਹਾਂ ਠੀਕ ਨਾਂ ਰਹਿਣ ਦੇ ਬਾਵਜੂਦ ਇਨਕਲਾਬੀ ਪੇਪਰ 'ਲਾਲ ਪਰਚਮ' ਦੀ ਅਹਿਮ ਜਿੰਮੇਵਾਰੀ ਲੰਬਾ ਸਮਾਂ ਨਿਭਾਈ। ਹਰ ਅੰਕ ਵਿੱਚ ਉਹਨਾਂ ਦੀਆਂ ਲਿਖੀਆਂ ਸਿਆਸੀ ਟਿੱਪਣੀਆਂ ਪਾਠਕਾਂ ਦੀ ਖਿੱਚ ਦਾ ਕੇਂਦਰ ਬਣਦੀਆਂ। ਹੁਣ ਤੱਕ ਵੀ ਲਾਲ ਪਰਚਮ ਦੇ ਸੰਪਾਦਕੀ ਬੋਰਡ ਦੇ ਮੈਂਬਰ ਵਜੋਂ ਅਹਿਮ ਜਿੰਮੇਵਾਰੀਆਂ ਨਿਭਾਉਂਦਾ ਰਿਹਾ। ਕਾਮਰੇਡ ਰਣਜੀਤ ਲਹਿਰਾ ਨੇ ਬਹੁਤ ਸਾਰੇ ਪੰਜਾਬੀ ਅਖ਼ਬਾਰਾਂ ਵਿੱਚ ਭਖਦੇ ਮਸਲਿਆਂ 'ਤੇ ਲੇਖ ਲਿਖੇ।
1980-82 ਦੀ ਗੱਲ ਹੈ ਕਿ ਸਰਗਮੀਆਂ ਦੌਰਾਨ ਕਾਮਰੇਡ ਰਣਜੀਤ ਲਹਿਰਾ ਦਾ ਸਾਹ ਰੁਕ ਜਾਂਦਾ, ਬੁੱਲ੍ਹ ਨੀਲੇ ਹੋ ਜਾਂਦੇ। ਉਸ ਸਮੇ ਰਣਜੀਤ ਲਹਿਰਾ ਦੇ ਪ੍ਰਚੰਡ ਵਾਲੇ ਸਾਥੀਆਂ ਸੁਖਦੇਵ ਭੁਪਾਲ ਅਤੇ ਲਖਵਿੰਦਰ ਨੇ ਪਹਿਲਾਂ ਰਜਿੰਦਰਾ ਹਸਪਤਾਲ ਪਟਿਆਲਾ ਚੈੱਕ ਕਰਵਾਇਆ ਜਿਨ੍ਹਾਂ ਅੱਗੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਸਾਥੀ ਲਹਿਰਾ ਦੇ ਦਿਲ ਵਿੱਚ ਛੇਕ ਹੋਣਾ ਪਾਇਆ। ਇਸ ਦਾ ਹੱਲ ਗੰਭੀਰ ਓਪਰੇਸ਼ਨ ਜਾਂ ਜਿੰਨੀ ਕੁ ਸਾਵਧਾਨੀ ਵਰਤੀ ਜਾ ਸਕਦੀ ਹੈ, ਵਰਤ ਕੇ 5-7 ਸਾਲ ਦੀ ਉਮਰ ਲੰਘ ਜਾਣ ਬਾਰੇ ਦੱਸਿਆ। ਓਪਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ ਪਰ ਦਿਲ ਵਿੱਚ ਛੇਕ ਬੰਦ ਕਰਨ ਉਪਰੰਤ ਬਾਕੀ ਸਰੀਰ ਦੇ ਨਾੜੀ ਤੰਤਰ ਵੱਲੋਂ ਦਬਾਅ ਨਾਂ ਝੱਲਣ ਕਰਕੇ ਓਪਰੇਸ਼ਨ ਸਫਲ ਨਾਂ ਹੋ ਸਕਿਆ। ਡਾਕਟਰਾਂ ਨੇ ਦੱਸਿਆ ਕਿ ਅਜਿਹੀ ਗੰਭੀਰ ਬਿਮਾਰੀ ਵਾਲੇ ਮਰੀਜ਼ ਦੀ ਉਮਰ 5-7 ਸਾਲ ਤੋਂ ਵੱਧ ਨਹੀਂ ਹੈ, ਐਵੇਂ ਨਾਂ ਇਸ ਦਾ ਵਿਆਹ ਕਰਕੇ ਕਿਸੇ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿਓ। ਡਾਕਟਰਾਂ ਅਨੁਸਾਰ 5-7 ਸਾਲ ਹੀ ਜਿਉਣ ਵਾਲਾ ਰਣਜੀਤ ਲਹਿਰਾ ਮੌਤ ਨੂੰ ਮਖੌਲਾਂ ਕਰਦਾ ਹੋਇਆ 63-64 ਸਾਲ ਦਾ ਕੁੱਲ ਸਫ਼ਰ ਅਤੇ 45 ਸਾਲ ਸਰਗਰਮ ਸਿਆਸੀ ਜ਼ਿੰਦਗੀ ਦਾ ਸ਼ਾਨਾਮੱਤਾ, ਮਾਣਮੱਤਾ ਸਫ਼ਰ ਪੂਰਾ ਕਰਕੇ ਸਰੀਰਕ ਰੂਪ 'ਚ ਵਿਛੋੜਾ ਦੇ ਕੇ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਖੱਪਾ ਛੱਡ ਗਿਆ ਹੈ।
ਪਟਿਆਲਾ ਦੇ ਦੋ ਡਾਕਟਰ ਡਾ ਧਰਮਵੀਰ ਗਾਂਧੀ ਅਤੇ ਡਾ ਗੁਰਪ੍ਰੀਤ ਸਿੰਘ ਸਿੱਧੂ ਰਣਜੀਤ ਲਹਿਰਾ ਦਾ ਇਲਾਜ਼ ਕਰਨ ਵਾਲੇ ਅਤੇ ਜੀਵਨ ਦਾਨ ਦੇਣ ਵਾਲੇ ਡਾਕਟਰ ਹਨ। ਪਰ ਸਾਥੀ ਰਣਜੀਤ ਲਹਿਰਾ ਨੇ ਇਸ ਗੰਭੀਰ ਬਿਮਾਰੀ ਨੂੰ ਇਨਕਲਾਬੀ ਕਾਰਜ਼ ਦੇ ਨਾਲ-ਨਾਲ ਹੀ ਮਾਤ ਦੇਣ ਦਾ ਫ਼ੈਸਲਾ ਕੀਤਾ ਅਤੇ ਡਾਕਟਰਾਂ ਅਤੇ ਮੈਡੀਕਲ ਖੋਜਾਂ ਦੀ ਰਾਇ ਦੇ ਬਿਲਕੁਲ ਉਲਟ 45 ਸਾਲ ਦਾ ਲੰਬਾ ਸਫ਼ਰ ਜਿਉਂਕੇ ਮੈਡੀਕਲ ਵਿਗਿਆਨ ਨੂੰ ਨਵੇਂ ਸਿਰੇ ਤੋਂ ਹੋਰ ਖੋਜ ਕਰਨ ਲਈ ਮਜ਼ਬੂਰ ਕਰ ਦਿੱਤਾ।
ਚਾਰ ਦਹਾਕਿਆਂ ਤੋਂ ਰਣਜੀਤ ਲਹਿਰਾ ਦੀ ਜ਼ਿੰਦਗੀ ਆਕਸੀਜਨ ਦੇ ਸਹਾਰੇ ਸੀ। ਫਿਰ ਵੀ ਜਦ ਹਾਲਤ ਗੰਭੀਰ ਹੋ ਜਾਂਦੀ ਤਾਂ ਹਰ ਵਾਰ ਸਵਾਲੀਆ ਚਿੰਨ੍ਹ ਲੱਗ ਜਾਂਦਾ ਕਿ ਰਣਜੀਤ ਵਾਪਸ ਆਵੇਗਾ ਵੀ ਜਾਂ ਨਹੀਂ। ਪ੍ਰੰਤੂ ਰਣਜੀਤ ਫਿਰ ਤੰਦਰੁਸਤ ਹੋਕੇ ਵਾਪਸ ਆਉਂਦਾ ਅਤੇ ਆਪਣੀ ਕਲਮ ਦੀ ਵਰਤੋਂ ਨੂੰ ਹਥਿਆਰ ਦੇ ਰੂਪ 'ਚ ਜਲਦ ਹੀ ਵਰਤਣਾ ਸ਼ੁਰੂ ਕਰ ਦਿੰਦਾ। ਜਿਵੇਂ ਭਾ ਜੀ ਗੁਰਸ਼ਰਨ ਸਿੰਘ ਬਾਰੇ ਇੱਕ ਕਥਨ ਮਸ਼ਹੂਰ ਹੈ ਕਿ ਜਦ ਵੀ ਕੋਈ ਵੱਡੀ ਘਟਨਾ ਵਾਪਰਦੀ ਤਾਂ ਉਹ ਨਾਲ ਦੀ ਨਾਲ ਨਾਟਕ ਦੀ ਸਕ੍ਰਪਿਟ ਤਿਆਰ ਕਰ ਲੈਂਦੇ। ਇਹੀ ਗੱਲ ਰਣਜੀਤ ਲਹਿਰਾ ਲਈ ਵੀ ਢੁਕਦੀ ਹੈ ਕਿ ਕਈ ਵਾਰ ਲਾਲ ਪਰਚਮ ਛਪਣ ਲਈ ਅੰਤਿਮ ਪੜਾਅ 'ਤੇ ਹੁੰਦਾ ਪਰ ਕੋਈ ਅਹਿਮ ਸਿਆਸੀ ਘਟਨਾ ਵਾਪਰ ਜਾਂਦੀ ਅਤੇ ਸੰਪਾਦਕੀ ਬੋਰਡ ਰਣਜੀਤ ਲਹਿਰਾ ਨੂੰ ਇਸ ਬਾਰੇ ਸੰਖੇਪ ਲਿਖਕੇ ਭੇਜਣ ਲਈ ਡਿਉਟੀ ਲਾਉਂਦਾ ਤਾਂ ਆਖਣਾ," ਦੋ ਕੁ ਘੰਟੇ ਦਿਉ, ਮੈਂ ਪੜ੍ਹ ਲਵਾਂ।" ਬੱਸ ਮਿਥੇ ਸਮੇਂ ਵਿੱਚ ਲਿਖਤ ਹਾਜ਼ਰ ਹੁੰਦੀ। ਕਾਮਰੇਡ ਰਣਜੀਤ ਲਹਿਰਾ ਦੀ ਕਲਮ ਧੁਰ ਅੰਦਰੋਂ ਲਿਖਦੀ। ਪਾਠਕ ਨੂੰ ਨਾਲ-ਨਾਲ ਤੋਰ ਲੈਂਦੀ। ਕਾਮਰੇਡ ਰਣਜੀਤ ਲਹਿਰਾ ਦੀ ਕਲਮ ਤੋਂ ਲਿਖੇ ਹਰਫ਼ ਜਿੱਥੇ ਆਪਣਿਆਂ ਲਈ 'ਫੁੱਲਾਂ ਦੀ ਖੁਸ਼ਬੋ' ਸਮਾਨ ਹੁੰਦੇ, ਉੱਥੇ ਹੀ ਉਹਨਾਂ ਦੀਆਂ ਸਿਆਸੀ ਟਿੱਪਣੀਆਂ ਦੁਸ਼ਮਣ ਖਿਲਾਫ਼ ਰੋਹਲਾ ਸ਼ਬਦ ਬਾਣ ਹੁੰਦੀਆਂ ਅਤੇ ਹਿੱਕ 'ਤੇ ਸੇਹਲਾ ਬਣ ਖੁੱਭਦੀਆਂ।
20 ਕੁ ਸਾਲ ਤੋਂ ਬਕਾਇਦਾ ਰਣਜੀਤ ਲਹਿਰਾ ਦੀ ਨਾਜ਼ੁਕ ਸਰੀਰਕ ਹਾਲਤ ਨੂੰ ਵੇਖਦਿਆਂ ਜਿਆਦਾ ਤੁਰਨ ਫਿਰਨ ਭਾਵ ਸਿੱਧੀਆਂ ਸਰਗਰਮੀਆਂ ਵਿੱਚ ਭਾਗ ਲੈਣ ਤੋਂ ਗੁਰੇਜ਼ ਕਰਨ ਦਾ ਸੁਚੇਤ ਫ਼ੈਸਲਾ ਕਰ ਲਿਆ ਤਾਂ ਕਾਮਰੇਡ ਰਣਜੀਤ ਲਹਿਰਾ ਨੇ ਸੁਚੇਤ ਰੂਪ ਵਿੱਚ ਕਲਮ ਨੂੰ ਹਥਿਆਰ ਵਜੋਂ ਅਪਣਾ ਲਿਆ।
40 ਸਾਲ ਦੇ ਵਿਆਹੁਤਾ ਸਫ਼ਰ ਦਾ ਲੰਬਾ ਸਮਾਂ ਸਾਥੀ ਰਣਜੀਤ ਲਹਿਰਾ ਬਿਮਾਰੀ ਦੀ ਹਾਲਤ ਵਿੱਚੋਂ ਲੰਘਿਆ ਹੈ ਤੇ ਉਸ ਦੀ ਜੀਵਨ ਸਾਥਣ ਰਾਜਪਾਲ ਕੌਰ ਨੇ ਹਰ ਹਾਲਾਤ ਦਾ ਪੂਰੀ ਸਿਦਕਦਿਲੀ ਨਾਲ ਟਾਕਰਾ ਕੀਤਾ ਹੈ। ਜਿਸ ਨੇ ਨਾਂ ਸਿਰਫ਼ ਸਾਂਭ ਸੰਭਾਲ ਹੀ ਕੀਤੀ ਸਗੋਂ ਰਣਜੀਤ ਲਹਿਰਾ ਦੀ ਕਮਿਊਨਿਸਟ ਇਨਕਲਾਬੀ ਜ਼ਿੰਦਗੀ ਜਿਉਣ ਦੇ ਸਫ਼ਰ ਨੂੰ ਆਂਚ ਵੀ ਨਹੀਂ ਆਉਣ ਦਿੱਤੀ। ਕਾਮਰੇਡ ਰਣਜੀਤ ਲਹਿਰਾ ਨੇ ਲਾਲ ਪਰਚਮ ਦੇ ਸੰਪਾਦਕ ਹੁੰਦਿਆਂ ਅਨੇਕਾਂ ਸੰਪਾਦਕੀਆਂ ਅਤੇ ਲੇਖ ਲਿਖੇ। 'ਬੋਫੋਰਜ਼ 'ਚੋਂ ਨਿੱਕਲੇ ਭ੍ਰਿਸ਼ਟਾਚਾਰ ਦੇ ਗੋਲੇ, ਜ਼ਿੰਦਗੀ ਦੇ ਰਾਹਾਂ 'ਤੇ, ਕਲਮ ਦਾ ਇਸ਼ਕ, ਪ੍ਰਸਿੱਧ ਕਿਸਾਨ ਲਹਿਰਾਂ, ਜੂਝੇ ਜੋ ਆਜ਼ਾਦੀ ਲਈ, ਜੈਤੋ ਦਾ ਮੋਰਚਾ, ਨਾਮਦੇਵ ਭੁਟਾਲ ਦੀ ਜੀਵਨੀ' ਕਿਤਾਬਾਂ ਲਿਖੀਆਂ ਅਤੇ ਦੋ ਮਹੱਤਵਪੂਰਨ ਕਿਤਾਬਾਂ 'ਸਟਾਲਿਨ ਯੁੱਗ' ਅਤੇ 'ਅਮਰੀਕਨ' ਕਿਤਾਬਾਂ ਦਾ ਪੰਜਾਬੀ ਅਨੁਵਾਦ ਕੀਤਾ। ਕਾਮਰੇਡ ਰਣਜੀਤ ਲਹਿਰਾ ਦੀ ਕਲਮ ਨੇ ਲਹਿਰਾਗਾਗਾ ਦੇ ਸੀਵਰ ਕਾਮੇ ਸੁਖਵਿੰਦਰ ਦੀ ਸੀਵਰ ਗੈਸ ਚੜ੍ਹਨ ਨਾਲ ਹੋਈ ਦਰਦਨਾਕ ਮੌਤ ਤੋਂ ਲੈਕੇ ਅਮਰੀਕੀ ਸਾਮਰਾਜੀ ਸਰਗਣੇ ਟਰੰਪ ਤੱਕ ਨੂੰ ਆਪਣੀ ਕਲਮ ਦਾ ਹਿੱਸਾ ਬਣਾਇਆ। ਸੱਚੀਂ ਹੀ ਕਾਮਰੇਡ ਰਣਜੀਤ ਲਹਿਰਾ ਕਲਮ ਦਾ ਧਨੀ ਸੀ। ਕਾਮਰੇਡ ਰਣਜੀਤ ਲਹਿਰਾ ਨੇ ਜਨ ਸਿਹਤ ਵਿਭਾਗ ਦੇ ਕਾਮਿਆਂ ਦੀ ਜਥੇਬੰਦੀ ਫੀਲਡ ਅਤੇ ਵਰਕਸ਼ਾਪ ਯੂਨੀਅਨ ਵਿੱਚ ਲੰਬਾ ਸਮਾਂ ਸੂਬਾਈ ਪ੍ਰੈੱਸ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਤਰਾਂ 10 ਫਰਬਰੀ 2026 ਨੂੰ ਹਸੂੰ ਕਹੂੰ ਕਰਦਾ ਕਾਮਰੇਡ ਰਣਜੀਤ ਲਹਿਰਾ ਪਟਿਆਲਾ ਹਾਰਟ ਸੈਂਟਰ ਵਿੱਚ ਆਖਰੀ ਸਾਹ ਲੈ ਸਰੀਰਕ ਰੂਪ ਵਿੱਚ ਰੁਖ਼ਸਤ ਹੋ ਗਿਆ। 11 ਫਰਬਰੀ ਨੂੰ ਕਾਮਰੇਡ ਰਣਜੀਤ ਲਹਿਰਾ ਦਾ ਲਾਲ ਝੰਡੇ ਵਿੱਚ ਲਪੇਟਿਆ ਮ੍ਰਿਤਕ ਸਰੀਰ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਸਾਥੀਆਂ ਨੇ ਪ੍ਰੀਵਾਰ ਦੀ ਸਹਿਮਤੀ ਨਾਲ ਪੂਰੇ ਮਾਣ ਸਤਿਕਾਰ ਨਾਲ ਮੈਡੀਕਲ ਖੋਜਾਂ ਲਈ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਨੂੰ ਭੇਂਟ ਕੀਤਾ। ਕਾਮਰੇਡ ਰਣਜੀਤ ਲਹਿਰਾ ਨੇ ਪ੍ਰੀਵਾਰ ਅੰਦਰ ਵੀ ਲੋਕ ਪੱਖੀ ਕਦਰਾਂ ਕੀਮਤਾਂ ਦੀ ਸਿਰਜਣਾ ਕੀਤੀ ਜਿਸ ਦਾ ਸਿੱਟਾ ਹੀ ਹੈ ਕਿ ਉਸ ਦੀ ਜੀਵਨ ਸਾਥਣ ਰਾਜਪਾਲ ਕੌਰ ਇਨਕਲਾਬੀ ਜਮਹੂਰੀ ਲਹਿਰ ਦੀ ਸਮਰਥਕ ਹੈ ਅਤੇ ਇੱਕੋ ਇੱਕ ਬੇਟੀ ਅਰਸ਼ਦੀਪ (ਅਰਸ਼ੀ) ਨੇ ਦਿੱਲੀ ਦੇ ਬਾਰਡਰਾਂ ਤੇ ਲੜੇ ਗਏ ਇਤਿਹਾਸਕ ਜੇਤੂ ਘੋਲ ਨੂੰ ਮੀਡੀਆ ਲਈ ਕਵਰੇਜ ਕੀਤਾ। ਹੁਣ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਅਰਥਸ਼ਾਸਤਰੀ ਪੀ.ਸਾਈਂ ਨਾਥ ਹੁਰਾਂ ਦੀ ਆਰਕਾਈਵ ਪਾਰੀ ਵਿੱਚ ਕੰਮ ਕਰ ਰਹੀ ਹੈ। 4 ਫਰਬਰੀ 2026 ਨੂੰ ਕਾਮਰੇਡ ਰਣਜੀਤ ਲਹਿਰਾ ਨੂੰ ਦੌਰਾ ਪੈਣ ਮੌਕੇ ਅਰਸ਼ੀ ਘਰ ਆ ਗਈ। ਇਹ ਉਹ ਸਮਾਂ ਸੀ ਜਦੋਂ ਕਾਮਰੇਡ ਰਣਜੀਤ ਲਹਿਰਾ ਜ਼ਿੰਦਗੀ ਮੌਤ ਦੀ ਆਖਰੀ ਲੜ੍ਹਾਈ ਲੜ੍ਹ ਰਿਹਾ ਸੀ। ਇਸ ਸਮੇਂ ਲੋਕਾਂ ਦੀ ਇੱਕ ਕਲਮ ਜਾ ਰਹੀ ਸੀ ਪਰ ਉਸ ਦੀ ਵਾਰਸ ਦੂਜੀ ਕਲਮ ਅਰਸ਼ਦੀਪ (ਅਰਸ਼ੀ)ਆਪਣੇ ਵਿਰਸੇ ਨੂੰ ਅੱਗੇ ਤੋਰਦਿਆਂ 'ਮਾਂ ਖੇਡ ਕਬੱਡੀ ਨੂੰ ਇਤਿਹਾਸਕ ਕਿਸਾਨ ਘੋਲ' ਨਾਲ ਜੋੜਕੇ ਨਵੀਆਂ ਪੈੜਾਂ ਸਿਰਜ ਰਹੀ ਸੀ। ਉਮੀਦ ਹੈ ਕਿ ਉਹ ਰਣਜੀਤ ਲਹਿਰਾ ਦੇ ਪਦਚਿੰਨ੍ਹਾਂ ਤੇ ਕਦਮ-ਬ-ਕਦਮ ਅੱਗੇ ਵਧੇ।
ਕਾਮਰੇਡ ਰਣਜੀਤ ਲਹਿਰਾ ਸਰੀਰਕ ਤੌਰ 'ਤੇ ਲੋਕ ਪੱਖੀ ਜੁਝਾਰੂ ਕਾਫ਼ਲੇ ਨਾਲੋਂ ਬੇਵਕਤੀ ਵਿੱਛੜ ਗਿਆ ਹੈ। 'ਪਰਬਤੋਂ ਭਾਰੀ ਮੌਤ' ਦਾ ਰੁਤਬਾ ਹਾਸਲ ਕਰਨ ਵਾਲੇ ਕਾਮਰੇਡ ਰਣਜੀਤ ਲਹਿਰਾ ਦੀ ਵਿਗਿਆਨਕ ਵਿਚਾਰਧਾਰਾ ਨਵੇਂ ਸਮਾਜ ਲਈ ਜੂਝਣ ਵਾਲੇ ਕਾਫ਼ਲਿਆਂ ਲਈ ਪ੍ਰੇਰਿਤ ਸ੍ਰੋਤ ਬਣੀ ਰਹੇਗੀ। 24 ਫਰਵਰੀ 2026 ਨੂੰ ਜੀਪੀਐਫ ਕੰਪਲੈਕਸ ਲਹਿਰਾਗਾਗਾ ਵਿਖੇ ਕਾਮਰੇਡ ਰਣਜੀਤ ਲਹਿਰਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਇਨਕਲਾਬੀ ਜਮਹੂਰੀ ਲਹਿਰ ਦੀਆਂ ਸ਼ਖ਼ਸੀਅਤਾਂ, ਲੇਖਕ, ਬੁੱਧੀਜੀਵੀ, ਸਮਾਜਿਕ ਕਾਰਕੁਨ ਆਪਣੇ ਸਿਆਸੀ ਚੇਤੰਨ ਜੁਝਾਰੂ ਆਗੂ, ਲੇਖਕ, ਅਨੁਵਾਦਕ ਨੂੰ ਸ਼ਰਧਾਂਜਲੀ ਭੇਟ ਕਰਕੇ ਉਸ ਦੇ ਨਵਾਂ ਸਮਾਜ ਸਿਰਜਣ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਦਾ ਅਹਿਦ ਕਰਨਗੇ।
ਕਾਮਰੇਡ ਰਣਜੀਤ ਲਹਿਰਾ ਦੇ ਜੀਵੇ ਮਾਣ ਮੱਤੇ ਸੰਗਰਾਮੀ ਸਫ਼ਰ ਨੂੰ ਸਲਾਮ!!
ਨਰਾਇਣ ਦੱਤ
ਬਰਨਾਲਾ
ਵਟਸਐਪ 9646010770
.jpg)
-
ਨਰਾਇਣ ਦੱਤ , writer
dads
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.