ਗਿਆਨ ਦਾ ਸਮੁੰਦਰ ‘ਫੋਰ-ਇਨ-ਵਨ’ ਲੇਖਕ : ਬੁੱਧ ਸਿੰਘ ਨੀਲੋਂ
ਉਜਾਗਰ ਸਿੰਘ
ਕਈ ਵਾਰੀ ਕਿਸੇ ਵਿਅਕਤੀ ਦੀ ਕਾਬਲੀਅਤ ਉਸਦਾ ਲਾਭ ਕਰਨ ਦੀ ਥਾਂ ਨੁਕਸਾਨ ਕਰ ਜਾਂਦੀ ਹੈ, ਕਿਉਂਕਿ ਉਸਦੀ ਕਾਬਲੀਅਤ ਤੋਂ ਖ਼ਾਰ ਖਾਣ ਵਾਲੇ ਉਸਦੀ ਵਿਦਵਤਾ ਤੇ ਕਾਬਲੀਅਤ ਦੇ ਅਜਿਹੇ ਵਿਰੋਧੀ ਬਣਦੇ ਹਨ ਕਿ ਉਸਦੀਆਂ ਜੜ੍ਹਾਂ ਵਿੱਚ ਤੇਲ ਦੇਣ ਤੋਂ ਗੁਰੇਜ ਨਹੀਂ ਕਰਦੇ। ਵੈਸੇ ਉਸਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਦੁਸ਼ਮਣ ਤਾਂ ਉਸਦੀ ਕਾਬਲੀਅਤ ਹੀ ਬਣੀ ਹੈ। ਬਿਲਕੁਲ ਇਸੇ ਤਰ੍ਹਾਂ ਬੁੱਧ ਸਿੰਘ ਨੀਲੋਂ ਨਾਲ ਹੋਇਆ ਹੈ। ਬੁੱਧ ਸਿੰਘ ਨੀਲੋਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ, ਭਾਵ ਉਸਨੇ ਡਿਗਰੀਆਂ ਨਹੀਂ ਕੀਤੀਆਂ ਹੋਈਆਂ, ਸਿਰਫ ਹਾਇਰ ਸੈਕੰਡਰੀ ਤੱਕ ਪੜ੍ਹਾਈ ਕੀਤੀ ਹੋਈ ਹੈ, ਪ੍ਰੰਤੂ ਉਹ ਗਿਆਨਵਾਨ ਹੀ ਨਹੀਂ ਸਗੋਂ ਉਸ ਕੋਲ ਗਿਆਨ ਦਾ ਭੰਡਾਰ ਹੈ। ਉਹ ਗਿਆਨਵਾਨ ਕਿਵੇਂ ਬਣਿਆਂ ਇਹ ਵੀ ਇੱਕ ਚਮਤਕਾਰੀ ਕਹਾਣੀ ਹੈ। ਉਸਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ, ਪ੍ਰੰਤੂ ਪਰਿਵਾਰ ਦੀ ਗ਼ਰੀਬੀ ਨੇ ਉਸਨੂੰ ਪੜ੍ਹਾਈ ਜ਼ਾਰੀ ਰੱਖਣ ਦੇ ਰਾਹ ਵਿੱਚ ਰੋੜਾ ਬਣਦੀ ਰਹੀ। ਜਦੋਂ ਉਹ ਪੰਜਾਬੀ ਸਾਹਿਤ ਅਕਡਮੀ ਲੁਧਿਆਣਾ ਵਿੱਚ ਨੌਕਰੀ ਕਰਨ ਲੱਗਿਆ ਤਾਂ ਉਸਨੂੰ ਆਪਣੇ ਪੜ੍ਹਨ ਲਿਖਣ ਦੇ ਸ਼ੌਕ ਨੂੰ ਅਮਲੀ ਜਾਮਾ ਪਹਿਨਾਉਣ ਦਾ ਅਵਸਰ ਮਿਲ ਗਿਆ। ਉਸਨੇ ਅਕਾਡਮੀ ਦੀ ਲਾਇਬਰੇਰੀ ਦਾ ਪੂਰਾ ਲਾਹਾ ਲਿਆ। ਉਸਦੀ ਪੁਸਤਕਾਂ ਪੜ੍ਹਨ ਦੀ ਪ੍ਰਵਿਰਤੀ ਨੂੰ ਚਾਰ ਚੰਨ ਲੱਗ ਗਏ। ਗਿਆਨ ਦੀ ਰੌਸ਼ਨੀ ਨੇ ਉਸਦੇ ਦਿਮਾਗ ਦੇ ਕਪਾਟ ਖੋਲ੍ਹ ਦਿੱਤੇ ਤੇ ਬੁੱਧ ਸਿੰਘ ਨੀਲੋਂ ਸੁੱਧ-ਬੁੱਧ ਭੁਲਕੇ ਲਾਇਬਰੇਰੀ ਦੀਆਂ ਪੁਸਤਕਾਂ ਦੇ ਰਖਵਾਲੇ ਦੇ ਨਾਲ ਹੀ ਪੁਸਤਕਾਂ ਦਾ ਰਸੀਆ ਬਣ ਗਿਆ। ਪੀ.ਐਚ.ਡੀ.ਦੇ ਥੀਸਜ਼ ਦੇ ਖਰੜਿਆਂ ਦੀਆਂ ਗ਼ਲਤੀਆਂ ਵੀ ਫੜ੍ਹਨ ਲੱਗ ਪਿਆ। ਇਹ ਸਾਰਾ ਕੁਝ ਉਸਦੇ ਦਿਮਾਗੀ ਤੌਰ ‘ਤੇ ਚੇਤੰਨ ਤੇ ਚਿੰਤਕ ਹੋਣ ਦੀ ਭਾਵਨਾ ਦਾ ਨਤੀਜਾ ਸੀ। ਭਾਵੇਂ ਉਹ ਪੰਜਾਬੀ ਸਾਹਿਤ ਅਕਾਡਮੀ ਦੀ ਨੌਕਰੀ ਤੋਂ ਰੁਖਸਤ ਹੋ ਗਿਆ, ਪ੍ਰੰਤੂ ਪੁਸਤਕਾਂ ਨਾਲ ਉਸਦਾ ਪਿਆਰ ਬਰਕਰਾਰ ਹੈ। ਉਹ ਹਰ ਵਕਤ ਗਿਆਨ ਦੇ ਸਮੁੰਦਰ ਵਿੱਚ ਅਜਿਹੀਆਂ ਤਾਰੀਆਂ ਲਾਉਂਦਾ ਰਹਿੰਦਾ ਹੈ, ਜਿਸਦੀਆਂ ਲਹਿਰਾਂ ਸਾਹਿਤਕ ਖੇਤਰ ਵਿੱਚ ਜਵਾਰ ਭਾਟੇ ਵਰਗੀਆਂ ਛੱਲਾਂ ਪੈਦਾ ਕਰ ਦਿੰਦੀਆਂ ਹਨ। ਸਾਹਿਤਕ ਖੇਤਰ ਵਿੱਚ ਤਰਥੱਲੀ ਮੱਚ ਜਾਂਦੀ ਹੈ, ਹਲਚਲ ਪੈਦਾ ਹੋ ਜਾਂਦੀ ਹੈ। ਕਈ ਵਿਦਵਾਨ ਸਾਹਿਤਕਾਰ ਭਮੱਤਰ ਕੇ ਅਸਹਿਜ ਹੋ ਜਾਂਦੇ ਹਨ। ਉਸਦੀਆਂ ਲਿਖਤਾਂ ਨਾਲ ਅਖੌਤੀ ਸਾਹਿਤਕਾਰਾਂ ਦੀ ਨੀਂਦ ਉਡ ਜਾਂਦੀ ਹੈ। ਉਹ ਬਹੁਤ ਹੀ ਬੇਬਾਕੀ ਅਤੇ ਦਲੇਰੀ ਨਾਲ ਲਿਖਦਾ ਹੈ, ਜਿਸਦਾ ਕਈ ਵਾਰ ਤਿੱਖਾ ਵਿਅੰਗ ਅਖੌਤੀ ਸਾਹਿਤਕਾਰਾਂ/ਬੁੱਧੀਜੀਵੀਆਂ ਨੂੰ ਬਰਦਾਸ਼ਤ ਕਰਨਾ ਅਸੰਭਵ ਹੋ ਜਾਂਦਾ ਹੈ। ਉਸਦੀ ਸ਼ਬਦਾਂ ਦੀ ਚੋਣ ਵੀ ਸਮਾਂ, ਸਥਾਨ, ਸਥਿਤੀ ਅਤੇ ਵਾਕ ਦੀ ਬਣਤਰ ਵਿਸ਼ੇ ਅਨੁਸਾਰ ਢੁਕਵੀਂ ਹੁੰਦੀ ਹੈ। ਇਹ ਕੁਦਰਤੀ ਹੈ ਕਿ ਸਚਾਈ ਹਮੇਸ਼ਾ ਕੌੜੀ ਲੱਗਦੀ ਹੈ। ਉਹ ਹੱਕ ਸੱਚ ਦਾ ਪਹਿਰੇਦਾਰ ਬਣਕੇ ਵਿਚਰਦਾ ਹੈ। ਉਹ ਚਿਕਣੀਆਂ ਚੋਪੜੀਆਂ ਹੋਈਆਂ ਮਿੱਠੀਆਂ ਗੱਲਾਂ ਕਰਨ ਵਿੱਚ ਵਿਸ਼ਵਾਸ਼ ਨਹੀਂ ਰੱਖਦਾ, ਜਿਹੜੀਆਂ ਗ਼ਲਤ ਕਦਰਾਂ ਕੀਮਤਾਂ ਦੀ ਸਿੱਧੇ/ਅਸਿੱਧੇ ਢੰਗ ਨਾਲ ਸਪੋਰਟ ਕਰਦੀਆਂ ਹੋਣ। ਪੀ.ਐਚ.ਡੀ.ਦੇ ਥੀਸਜ਼ਾਂ ਵਿੱਚ ਨਕਲ ਦੀ ਪ੍ਰਵਿਰਤੀ ਦੇ ਉਸਨੇ ਤੱਥਾਂ ਨਾਲ ਪਰਦੇ ਫਾਸ਼ ਕੀਤੇ ਹਨ। ਇੱਥੋਂ ਤੱਕ ਕਿ ਉਮੀਦਵਾਰਾਂ ਦੇ ਗਾਈਡ ਪ੍ਰੋਫ਼ੈਸਰਾਂ ਨੂੰ ਵੀ ਵਾਹਣੇ ਪਾ ਦਿੰਦਾ ਹੈ। ਇਕੱਲੀ-ਇਕੱਲੀ ਲਾਈਨ, ਪੈਰਿਆਂ ਅਤੇ ਪੰਨਿਆਂ ਦੀ ਨਕਲ ਦੇ ਸਬੂਤ ਦਿੰਦਾ ਹੈ, ਸਬੂਤਾਂ ਤੋਂ ਬਿਨਾ ਗੱਲ ਨਹੀਂ ਕਰਦਾ। ਯਥਾਰਥਵਾਦੀ ਪਹੁੰਚ ਦਾ ਮਾਲਕ ਹੈ। ਉਹ ਸੱਚੋ-ਸੱਚ ਲਿਖਕੇ ਮੂੰਹ ਤੇ ਕਹਿਣ ਦੀ ਜ਼ੁਅਰਤ ਰੱਖਦਾ ਹੈ, ਪ੍ਰੰਤੂ ਕਈ ਵਾਰ ਭਾਵਨਾਵਾਂ ਦੇ ਵੇਗ ਵਿੱਚ ਵਹਿ ਕੇ ਲਕਸ਼ਮਣ ਰੇਖਾ ਵੀ ਪਾਰ ਕਰ ਜਾਂਦਾ ਹੈ। ਅਜਿਹੀਆਂ ਗੱਲਾਂ ਲਿਖਣ ਕਰਕੇ ਉਸਨੂੰ ਧਮਕੀਆਂ ਵੀ ਮਿਲੀਆਂ ਹਨ, ਪ੍ਰੰਤੂ ਉਹ ਡਰ ਭੈ ਤੋਂ ਕੋਹਾਂ ਦੂਰ ਹੈ। ਰਾਜਨੀਤਕ, ਸਾਹਿਤਕ, ਸਮਾਜਿਕ, ਆਰਥਿਕ ਅਤੇ ਸਭਿਅਚਾਰਕ ਖੇਤਰ ਵਿੱਚ ਆ ਰਹੀਆਂ ਗਿਰਾਵਟਾਂ ਉਸਦੇ ਲੇਖਾਂ ਦੇ ਮੁੱਖ ਵਿਸ਼ੇ ਹੁੰਦੇ ਹਨ। ਉਸਦੀ ਇੱਕ ਖ਼ੂਬੀ ਹੈ ਕਿ ਉਹ ਕਿਸੇ ਦੀ ਵੀ ਗ਼ਲਤੀ ਨੂੰ ਬਖ਼ਸ਼ਦਾ ਨਹੀਂ, ਭਾਵੇਂ ਕੋਈ ਕਿਤਨਾ ਵੱਡਾ ਵਿਅਕਤੀ ਹੋਵੇ। ਸਮਾਜਿਕ ਵਿਸੰਗਤੀਆਂ ਨੂੰ ਵੇਖਣ ਪਰਖਣ ਦੇ ਉਸਦੇ ਆਪਣੇ ਹੀ ਮਾਪ-ਦੰਡ ਹਨ, ਜਿਹੜਾ ਉਨ੍ਹਾਂ ਮਾਪ-ਦੰਡਾਂ ‘ਤੇ ਖ਼ਰਾ ਨਹੀਂ ਉਤਰਦਾ, ਉਸਨੂੰ ਉਹ ਆੜੇ ਹੱਥੀਂ ਲੈਂਦਾ ਹੈ। ਉਹ ਸ਼ਬਦਾਵਲੀ ਵੀ ਥੋੜ੍ਹੀ ਸਖ਼ਤ ਤੇ ਚੁੱਭਵੀਂ ਵਰਤਦਾ ਹੈ, ਪ੍ਰੰਤੂ ਸਾਹਿਤਕ ਪਾਣ ਚਾੜ੍ਹਕੇ ਲਿਖਦਾ ਹੈ ਤਾਂ ਜੋ ਸਹਿਣਯੋਗ ਤਕਲੀਫ਼ ਹੋਵੇ। ਇਸ ਕਰਕੇ ਉਸ ਦੀਆਂ ਫੇਸ ਬੁੱਕ ਅਤੇ ਸ਼ੋਸ਼ਲ ਮੀਡੀਆ ‘ਤੇ ਪਾਈਆਂ ਪੋਸਟਾਂ ਨੂੰ ਬੇਥਾਹ ਪਸੰਦ ਕੀਤਾ ਜਾਂਦਾ ਹੈ। ਫੇਸ ਬੁੱਕ ‘ਤੇ ਉਸਦੇ ਕਾਲਮ ‘ਬੁੱਧ ਬੋਲ’, ‘ਬੁੱਧ ਬਾਣ’, ‘ਤਾਇਆ ਬਿਸ਼ਨਾ’, ‘ਪਿਆਜ ਦੇ ਛਿਲਕੇ’, ‘ਇਲਤੀਨਾਮਾ’, ‘ਬੁੱਧ ਚਿੰਤਨ’, ‘ਬੁੱਕਲ ਦੇ ਸੱਪ’, ‘ਲੋਕਾਂ ਨੂੰ ਲੱਗੀਆਂ ਜੋਕਾਂ’, ਆਦਿ ਬਹੁਤ ਹਰਮਨ ਪਿਆਰੇ ਹਨ। ਇਨ੍ਹਾਂ ਕਾਲਮਾਂ ਅਧੀਨ ਜਿਹੜੇ ਲੇਖ ਲਿਖਦਾ ਹੈ, ਉਨ੍ਹਾਂ ਲੇਖਾਂ ਦੇ ਸਿਰਲੇਖ ਵੀ ਪਾਠਕਾਂ ਨੂੰ ਟੁੰਬਦੇ ਹੋਏ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ। ਪਾਠਕ ਉਸਦੇ ਇਨ੍ਹਾਂ ਕਾਲਮਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਉਸਦੀ ਇਹ ਵੀ ਕਮਾਲ ਹੈ ਕਿ ਹਰ ਰੋਜ਼ ਨਵੇਂ ਵਿਸ਼ੇ ‘ਤੇ ਲਿਖਦਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਉਹ ਲਗਾਤਾਰ ਇਤਨਾ ਕਿਵੇਂ ਲਿਖ ਲੈਂਦਾ ਹੈ? ਕਈ ਵਾਰ ਉਸਦੇ ਸਾਹਿਤਕ ਤੁਣਕੇ ਦਾ ਤੀਰ ਇਤਨਾ ਤਿੱਖਾ ਹੁੰਦਾ ਹੈ ਕਿ ਉਸਦੇ ਜ਼ਖ਼ਮਾਂ ਦੀ ਚੀਸ ਸੰਬੰਧਤ ਲੋਕਾਂ ਨੂੰ ਤੜਪਾਉਂਦੀ ਰਹਿੰਦੀ ਹੈ। ਕੁਝ ਲੋਕ ਉਸਨੂੰ ਬਾਗ਼ੀ ਵੀ ਕਹਿੰਦੇ ਹਨ। ਅਸਲ ਵਿੱਚ ਹਾਲਾਤ ਹੀ ਅਜਿਹੇ ਹੁੰਦੇ ਹਨ, ਜਿਹੜੇ ਇਨਸਾਨ ਨੂੰ ਬਗ਼ਾਬਤ ਦੇ ਰਸਤੇ ਤੋਰ ਦਿੰਦੇ ਹਨ।
ਅਜੋਕੇ ਸੂਚਨਾ ਦੇ ਯੁਗ ਵਿੱਚ ਲੋਕ ਸੂਚਨਾ ਨੂੰ ਹੀ ਗਿਆਨ ਸਮਝ ਬੈਠਦੇ ਹਨ, ਪ੍ਰੰਤੂ ਸੂਚਨਾ ਅਤੇ ਗਿਆਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਪੜ੍ਹਿਆ ਲਿਖਿਆ ਇਨਸਾਨ ਅੱਜ ਕਲ੍ਹ ਸੂਚਨਾ ਦੇਣ ਦਾ ਮਾਹਿਰ ਬਣ ਗਿਆ ਹੈ। ਲੋਕ ਸੂਚਨਾ ਦੇਣ ਵਾਲੇ ਨੂੰ ਹੀ ਪੜ੍ਹਿਆ ਲਿਖਿਆ ਸਮਝਦੇ ਹਨ। ਡਿਗਰੀਆਂ ਵਾਲੇ ਵਿਅਕਤੀਆਂ ਨੂੰ ਪੜ੍ਹਿਆ ਲਿਖਿਆ ਗਿਣਿਆਂ ਜਾਂਦਾ ਹੈ। ਜਦੋਂ ਕਿ ਇਹ ਜ਼ਰੂਰੀ ਨਹੀਂ ਕਿ ਹਰ ਪੜ੍ਹਿਆ ਲਿਖਿਆ ਵਿਅਕਤੀ ਗਿਆਨਵਾਨ ਹੋਵੇ, ਪ੍ਰੰਤੂ ਡਿਗਰੀਆਂ ਤੋਂ ਬਿਨਾ ਵਿਅਕਤੀ ਗਿਆਨਵਾਨ ਹੋ ਸਕਦਾ ਹੈ। ਬੁੱਧ ਸਿੰਘ ਨੀਲੋਂ ਜਿਹੜਾ ਬਹੁਤਾ ਪੜ੍ਹ ਲਿਖ ਨਹੀਂ ਸਕਿਆ, ਪ੍ਰੰਤੂ ਗਿਆਨਵਾਨ ਉਹ ਡਿਗਰੀਆਂ ਵਾਲਿਆਂ, ਇੱਥੋਂ ਤੱਕ ਕਿ ਪੀ.ਐਚ.ਡੀ.ਵਾਲਿਆਂ ਨਾਲੋਂ ਵੀ ਜ਼ਿਆਦਾ ਹੋ ਗਿਆ ਹੈ। ਉਹ ਬਹੁਤ ਹੀ ਵਿਦਵਤਾ ਭਰਪੂਰ ਗਿਆਨ ਵਾਲੀਆਂ ਰਚਨਾਵਾਂ ਲਿਖਦਾ ਹੈ, ਜਿਨ੍ਹਾਂ ਨੂੰ ਪੜ੍ਹਕੇ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਪ੍ਰਾ. ਅਧਿਆਪਕ ਨੇ ਲਿਖੀਆਂ ਹੋਣ। ਆਧੁਨਿਕ ਜ਼ਮਾਨੇ ਵਿੱਚ ਲੇਖਕਾਂ ਦਾ ਜਮਘਟਾ ਛਾਇਆ ਹੋਇਆ ਹੈ। ਬਹੁਤ ਸਾਰੇ ਕਥਿਤ ਵਿਦਵਾਨ ਸਾਹਿਤਕਾਰ ਧੜਾ-ਧੜ ਪੁਸਤਕਾਂ ਪ੍ਰਕਾਸ਼ਤ ਕਰਵਾ ਰਹੇ ਹਨ। ਬਹੁਤੀਆਂ ਪੁਸਤਕਾਂ ਕਵਿਤਾ ਦੀਆਂ ਪ੍ਰਕਾਸ਼ਤ ਹੋ ਰਹੀਆਂ ਹਨ। ਪੁਸਤਕਾਂ ਪ੍ਰਕਾਸ਼ਤ ਕਰਵਾਉਣਾ ਕੋਈ ਗ਼ਲਤ ਗੱਲ ਨਹੀਂ, ਸਗੋਂ ਸਾਹਿਤਕਾਰਾਂ ਨੂੰ ਸਾਰਥਿਕ ਸਾਹਿਤ ਪ੍ਰਕਾਸ਼ਤ ਕਰਵਾਉਣਾ ਚਾਹੀਦਾ ਹੈ, ਜਿਹੜਾ ਸਮਾਜ ਨੂੰ ਕੋਈ ਸੇਧ ਦੇ ਸਕੇ। ਆਮ ਤੌਰ ‘ਤੇ ਰੁਮਾਂਟਿਕ ਸਾਹਿਤ ਰਚਿਆ ਜਾ ਰਿਹਾ ਹੈ, ਜਿਹੜਾ ਪੜ੍ਹਨ ਲਈ ਦਿਲਚਸਪ ਤੇ ਰਸਦਾਇਕ ਤਾਂ ਹੋ ਸਕਦਾ ਹੈ, ਪ੍ਰੰਤੂ ਉਸਦਾ ਆਮ ਲੋਕਾਂ ਨੂੰ ਬਹੁਤਾ ਲਾਭ ਨਹੀਂ ਹੁੰਦਾ, ਪੜ੍ਹਿਆ ਉਹ ਹੀ ਜ਼ਿਆਦਾ ਜਾਂਦਾ ਹੈ। ਹੁਣ ਕਿੱਸਿਆਂ ਦਾ ਯੁਗ ਖ਼ਤਮ ਹੋ ਗਿਆ ਹੈ। ਅਸਲ ਵਿੱਚ ਸਾਹਿਤ ਦਾ ਮੰਤਵ ਸਮਾਜ ਲਈ ਪ੍ਰੇਰਨਾਦਾਇਕ ਹੋਣਾ ਹੁੰਦਾ ਹੈ, ਪ੍ਰੰਤੂ ਅਜਿਹੇ ਸਾਹਿਤ ਵਿੱਚ ਦਿਲਚਸਪੀ ਪੈਦਾ ਕਰਨ ਲਈ ਰੁਮਾਂਸਵਾਦ ਦੀ ਪਾਣ ਚੜ੍ਹਾ ਦਿੱਤੀ ਜਾਂਦੀ ਹੈ। ਰੁਮਾਂਸਵਾਦ ਦੇ ਤੜਕੇ ‘ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਪ੍ਰੰਤੂ ਉਹ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਨਹੀਂ ਦਿੰਦਾ। ਬੁੱਧ ਸਿੰਘ ਨੀਲੋਂ ਰੁਮਾਂਟਿਕ ਸਾਹਿਤ ਨਹੀਂ ਲਿਖਦਾ, ਪ੍ਰੰਤੂ ਉਸਦਾ ਲਿਖਿਆ ਸਮਾਜ ਦੀਆਂ ਵਿਸੰਗਤੀਆਂ ਦਾ ਪਰਦਾ ਫਾਸ਼ ਕਰਨ ਵਾਲਾ ਹੁੰਦਾ ਹੈ। ਸਮਾਜ ਵਿੱਚ ਇਸ ਆਧੁਨਿਕਤਾ ਦੇ ਦੌਰ ਵਿੱਚ ਬਹੁਤ ਕੁਝ ਅਜਿਹਾ ਲਿਖਿਆ ਜਾ ਰਿਹਾ ਹੈ, ਜਿਸਦਾ ਸਮਾਜਿਕ ਤਾਣੇ-ਬਾਣੇ ਦੀ ਬਿਹਤਰੀ ਨਾਲ ਸੰਬੰਧ ਨਹੀਂ ਹੁੰਦਾ, ਸਗੋਂ ਦਿਲਚਸਪੀ ਪੈਦਾ ਕਰਨ ਲਈ ਕਈ ਕਾਲਪਨਿਕ ਘਟਨਾਵਾਂ ਸ਼ਾਮਲ ਕਰ ਲਈਆਂ ਜਾਂਦੀਆਂ ਹਨ। ਬੁੱਧ ਸਿੰਘ ਨੀਲੋਂ ਹਰ ਰੋਜ਼ ਲਗਾਤਾਰ ਕਿਸੇ ਨਾ ਕਿਸੇ ਨਵੇਂ ਸਮਾਜਿਕ ਸਰੋਕਾਰਾਂ ਵਾਲੇ ਵਿਸ਼ੇ ਬਾਰੇ ਆਪਣੇ ਸਾਰਥਿਕ ਵਿਚਾਰ ਲਿਖਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹ ਗ਼ਰੀਬ ਲਿਖਾਰੀ ਹੈ, ਇਸ ਕਰਕੇ ਪੁਸਤਕਾਂ ਨਹੀਂ ਛਪਵਾ ਸਕਿਆ, ਕਿਉਂਕਿ ਆਪਣੇ ਕੋਲੋਂ ਪੈਸੇ ਖ਼ਰਚਕੇ ਪੁਸਤਕ ਪ੍ਰਕਾਸ਼ਤ ਕਰਵਾਉਣੀ ਉਸਦੇ ਵਸ ਦੀ ਗੱਲ ਨਹੀਂ। ਉਸਨੂੰ ਤਾਂ ਪਰਿਵਾਰ ਪਾਲਣ ਦੇ ਲਾਲੇ ਪਏ ਹੋਏ ਹਨ। ਹੈਰਾਨੀ ਇਸ ਗੱਲ ਦੀ ਹੈ, ਅਜਿਹੇ ਹਾਲਾਤ ਵਿੱਚ ਵੀ ਉਹ ਲਿਖੀ ਜਾ ਰਿਹਾ ਹੈ। ਲਿਖਣਾ ਉਸ ਲਈ ਇੱਕ ਨਸ਼ਾ ਹੈ। ਬੁੱਧ ਸਿੰਘ ਨੀਲੋਂ ਫੋਰ-ਇਨ-ਵਨ ਹੈ। ਉਹ ਪੱਤਰਕਾਰ, ਕਾਲਮ ਨਵੀਸ, ਅਨੁਵਾਦਕ ਅਤੇ ਸਾਹਿਤਕਾਰ ਹੈ। ਉਸਦੀ ਸੰਪਾਦਤ ਕੀਤੀ ਪੁਸਤਕ ‘ਕਲਾਮ ਬਾਬੂ ਰਜਬ ਅਲੀ’ 2009 ਵਿੱਚ ਪ੍ਰਕਾਸ਼ਤ ਹੋਈ ਸੀ, ਜਿਸ ਦੀਆਂ ਹੁਣ ਤੱਕ ਪੰਜ ਐਡੀਸ਼ਨਾ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਨੇ ਸੱਤ ਪੁਸਤਕਾਂ ਅਨੁਵਾਦ ਵੀ ਕੀਤੀਆਂ ਹਨ। ਉਸਦੀ ਇੱਕ ਪੁਸਤਕ ‘ਪੰਜਾਬੀ ਸਾਹਿਤ ਦਾ ਮਾਫ਼ੀਆ’ ਜਲਦੀ ਹੀ ਪ੍ਰਕਾਸ਼ਤ ਹੋ ਰਹੀ ਹੈ, ਜਿਸਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ। ਇਸ ਪੁਸਤਕ ਦੇ ਪ੍ਰਕਾਸ਼ਤ ਹੋਣ ਨਾਲ ਅਖੌਤੀ ਵਿਦਵਾਨਾ/ਸਾਹਿਤਕਾਰਾਂ/ਬੁੱਧੀਜੀਵਆਂ ਨੂੰ ਲੈਣੇ ਦੇ ਦੇਣੇ ਪੈ ਜਾਣੇ ਹਨ, ਕਿਉਂਕਿ ਨਕਲ ਨਾਲ ਲਈਆਂ ਪੀ.ਐਚ.ਡੀ.ਦੀਆਂ ਡਿਗਰੀਆਂ ਚਰਚਾ ਦਾ ਵਿਸ਼ਾ ਬਣਨਗੀਆਂ। ਬੁੱਧ ਸਿੰਘ ਨੀਲੋਂ ਪਰਿਵਾਰ ਦੇ ਗੁਜ਼ਾਰੇ ਲਈ ਪੰਜਾਬੀ ਦੇ ਅਖਬਾਰਾਂ ਦੇ ਸੰਪਾਦਕੀ ਮੰਡਲਾਂ ਵਿੱਚ ਕੰਮ ਕਰਦਾ ਰਿਹਾ ਹੈ। ਇਸ ਸਮ੍ਰੇਂ ਉਹ ‘ਪ੍ਰਾਈਮ ਉਦੈ‘ ਅਖ਼ਬਾਰ ਦਾ ਸੰਪਾਦਕ ਹੈ। ਉਸਦਾ ਬਲਜੀਤ ਕੌਰ ਨਾਲ ਵਿਆਹ ਹੋਇਆ ਹੈ ਤੇ ਉਸਦਾ ਇੱਕ ਲੜਕਾ ਗੌਰਵਦੀਪ ਸਿੰਘ ਹੈ। ਉਸਦਾ ਜੱਦੀ ਪਿੰਡ ਨੀਲੋਂ ਜਿਲ੍ਹਾ ਲੁਧਿਆਣਾ ਵਿੱਚ ਹੈ। ਇਸ ਸਮੇਂ ਉਹ ਸਾਹਨੇਵਾਲ ਰਹਿ ਰਿਹਾ ਹੈ।
ਤਸਵੀਰ ਤੇ ਸੰਪਰਕ : ਬੁੱਧ ਸਿੰਘ ਨੀਲੋਂ :9464370823
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.