ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਡੋਨਾਲਡ ਟਰੰਪ ਦੀ ਗੁੰਡਾਗਰਦੀ ਨੀਤੀ ਦਾ ਸਖ਼ਤ ਵਿਰੋਧ
ਹਰਦਮ ਮਾਨ
ਸਰੀ, 18 ਜਨਵਰੀ 2026-ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰਕੇ ਅਮਰੀਕਾ ਲਿਆਂਦੇ ਜਾਣ ਦੀ ਘਟਨਾ ਦੀ ਤਿੱਖੀ ਨਿੰਦਿਆ ਕੀਤੀ ਹੈ। ਸੁਸਾਇਟੀ ਨੇ ਇਸ ਕਦਮ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਕਰਾਰ ਦਿੱਤਾ ਹੈ।
ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਰਪ੍ਰਸਤ ਅਵਤਾਰ ਬਾਈ, ਪ੍ਰਧਾਨ ਬਲਦੇਵ ਰੈਹਿਪਾ, ਜਨਰਲ ਸਕੱਤਰ ਬੀਰਬਲ ਭਦੌੜ, ਮੀਤ ਪ੍ਰਧਾਨ ਬਲਵਿੰਦਰ ਬਰਨਾਲਾ, ਮੀਡੀਆ ਸਕੱਤਰ ਸੁਰਿੰਦਰ ਚਾਹਲ ਅਤੇ ਖ਼ਜ਼ਾਨਚੀ ਜਗਰੂਪ ਸਿੰਘ ਵੱਲੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਦੇਸ਼ ਦੀ ਅਗਵਾਈ ਅਤੇ ਉਸ ਦੀ ਕਾਰਗੁਜ਼ਾਰੀ ਬਾਰੇ ਫੈਸਲਾ ਕਰਨ ਦਾ ਅਧਿਕਾਰ ਸਿਰਫ਼ ਉਸ ਦੇਸ਼ ਦੇ ਵਸਨੀਕਾਂ ਨੂੰ ਹੈ, ਨਾ ਕਿ ਕਿਸੇ ਹੋਰ ਤਾਕਤਵਰ ਦੇਸ਼ ਦੇ ਸ਼ਾਸਕ ਨੂੰ। ਕਿਸੇ ਸੁਤੰਤਰ ਰਾਸ਼ਟਰ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣਾ ਨਾ ਸਿਰਫ਼ ਲੋਕਤੰਤਰਕ ਮਰਿਆਦਾਵਾਂ ਦੇ ਵਿਰੁੱਧ ਹੈ, ਸਗੋਂ ਇਹ ਵਿਸ਼ਵ ਸ਼ਾਂਤੀ ਲਈ ਵੀ ਖ਼ਤਰਾ ਬਣ ਸਕਦਾ ਹੈ।
ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਅਜਿਹੀਆਂ ਕਾਰਵਾਈਆਂ ਦੇ ਪਿੱਛੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿਤ ਲੁਕੇ ਹੋਏ ਹਨ, ਜੋ ਕੁਦਰਤੀ ਅਤੇ ਆਰਥਿਕ ਵਸੀਲਿਆਂ ‘ਤੇ ਕਬਜ਼ਾ ਕਰਕੇ ਲੁੱਟ-ਖਸੁੱਟ ਨੂੰ ਜਨਮ ਦਿੰਦੇ ਹਨ। ਇਹ ਰੁਝਾਨ ਗਰੀਬ ਦੇਸ਼ਾਂ ਦੀ ਖੁਦਮੁਖਤਿਆਰੀ ਨੂੰ ਖੋਖਲਾ ਕਰਦਾ ਹੈ ਅਤੇ ਵਿਸ਼ਵ ਪੱਧਰ ‘ਤੇ ਅਸਮਾਨਤਾ ਨੂੰ ਹੋਰ ਵਧਾਉਂਦਾ ਹੈ।
ਸੁਸਾਇਟੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਜ਼ਬਰਦਸਤੀ ਅਤੇ ਗੁੰਡਾਗਰਦੀ ਵਾਲੀਆਂ ਨੀਤੀਆਂ ਦਾ ਵਿਰੋਧ ਕਰੇ ਅਤੇ ਹਰ ਦੇਸ਼ ਦੀ ਸੰਪ੍ਰਭੂਤਾ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਏ।