ਸੰਘਣੀ ਧੁੰਦ ਦੌਰਾਨ ਹੋਏ ਹਾਦਸੇ ਕਾਰਨ ਚਾਰ ਬੱਸਾਂ ਸਮੇਤ ਅੱਧੀ ਦਰਜਨ ਗੱਡੀਆਂ ਦਾ ਨੁਕਸਾਨ
ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2026 : ਬਠਿੰਡਾ ਪੱਟੀ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਅੱਜ ਹੋਏ ਹਾਦਸਿਆਂ ਦੌਰਾਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਚਾਰ ਬੱਸਾਂ ਸਮੇਤ ਅੱਧੀ ਦਰਜਨ ਗੱਡੀਆਂ ਨੁਕਸਾਨੀਆਂ ਗਈਆਂ ਹਨ। ਇਸ ਹਾਦਸੇ ਦੌਰਾਨ ਜਖਮੀਆਂ ਨੂੰ ਮੌੜ ਅਤੇ ਬਠਿੰਡਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਹਤ ਵਾਲੀ ਗੱਲ ਇਹੋ ਰਹੀ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਵਕਤ ਬਠਿੰਡਾ ਰਾਮਪੁਰਾ ਸੜਕ ਤੇ ਅਬੋਹਰ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਬੱਸ ਭੁੱਚੋ ਕੈਂਚੀਆਂ ਤੇ ਸਵਾਰੀਆਂ ਚੁੱਕਣ ਲਈ ਰੁਕੀ ਸੀ ਤਾਂ ਸਰਵਿਸ ਰੋਡ ਤੇ ਗਲਤ ਸਾਈਡ ਤੋਂ ਆ ਰਹੇ ਟਾਈਲਾਂ ਨਾਲ ਭਰੇ ਇੱਕ ਟਰੈਕਟਰ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਟਰੈਕਟਰ ਡਰਾਈਵਰ ਗੰਭੀਰ ਜਖਮੀ ਹੋ ਗਿਆ ਜਦੋਂ ਕਿ ਕੁੱਝ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਹਨ ।
ਇਸੇ ਤਰ੍ਹਾਂ ਬਠਿੰਡਾ ਮਾਨਸਾ ਸੜਕ ਤੇ ਅੱਜ ਸਵੇਰ ਵਕਤ ਧੁੰਦ ਕਾਰਨ ਦੋ ਹਾਦਸੇ ਵਾਪਰੇ ਹਨ।
ਭਾਈ ਬਖਤੌਰ-ਮਾਈਸਰਖਾਨਾ ਵਿਚਕਾਰ ਇੱਕ ਢਾਬੇ ਦੇ ਸਾਹਮਣੇ ਪੀਆਰਟੀਸੀ ਦੀਆਂ ਦੋ ਬੱਸਾਂ ਸਮੇਤ ਅੱਧੀ ਦਰਜ਼ਨ ਗੱਡੀਆਂ ਇੱਕ ਦੂਸਰੇ ਨਾਲ ਟਕਰਾ ਗਈਆਂ ਜਾਣਕਾਰੀ ਮੁਤਾਬਕ ਬਸ ਮੌੜ ਵੱਲ ਜਾ ਰਹੀ ਸੀ ਜਦੋਂ ਕਿ ਟਰਾਲਾ ਸੜਕ ਤੇ ਚੜ ਰਿਹਾ ਸੀ ਜੋ ਆਪਸ ਵਿੱਚ ਟਕਰਾ ਗਏ। ਇਸੇ ਦੌਰਾਨ ਪਿੱਛੇ ਆ ਰਹੀ ਟਰੈਕਟਰ ਟਰਾਲੀ ਬੱਸ ਵਿੱਚ ਵੱਜ ਗਈ। ਅਜੇ ਇਸ ਹਾਦਸੇ ਦੀ ਸਮਝ ਵੀ ਨਹੀਂ ਪਈ ਸੀ ਕਿ ਪਿੱਛੋਂ ਆਈ ਪੀਆਰਟੀਸੀ ਦੀ ਇੱਕ ਦੂਸਰੀ ਬੱਸ ਅਤੇ ਸਿਲਿੰਡਰਾਂ ਨਾਲ ਭਰੀ ਗੱਡੀ ਵੱਜ ਗਈ। ਇਸ ਹਾਦਸੇ ਦੌਰਾਨ ਵੱਡੀ ਗਿਣਤੀ ਸਵਾਰੀਆਂ ਦੇ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸੇ ਸੜਕ ਤੇ ਹੀ ਪਿੰਡ ਕੋਟ ਫੱਤਾ ਕੋਲ ਧੁੰਦ ਕਾਰਨ ਇੱਕ ਇਨੋਵਾ ਕਾਰ ਪੀਆਰਟੀਸੀ ਦੀ ਬੱਸ ਨਾਲ ਟਕਰਾ ਗਈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਿਆਂ ਦਾ ਕਾਰਨ ਸੰਘਣੀ ਧੁੰਦ ਰਹੀ ਪਰ ਰਾਹਤ ਵਾਲੀ ਗੱਲ ਇਹੋ ਹੈ ਕਿ ਇਹਨਾਂ ਹਾਦਸਿਆਂ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।