ਗੁਰਦਾਸਪੁਰ 'ਚ ਕਹਿਰ: ਘਰ 'ਚ ਖੇਡਦੇ ਢਾਈ ਸਾਲਾ ਮਾਸੂਮ ਨੂੰ ਚੁੱਕ ਕੇ ਲੈ ਗਏ ਅਵਾਰਾ ਕੁੱਤੇ, ਨੋਚ-ਨੋਚ ਕੇ ਉਤਾਰਿਆ ਮੌਤ ਦੇ ਘਾਟ
ਧਾਰੀਵਾਲ ਵਿਖੇ ਵਾਪਰੀ ਦਰਦਨਾਕ ਘਟਨਾ; ਸੀਸੀਟੀਵੀ (CCTV) ਵਿੱਚ ਕੈਦ ਹੋਈ ਕੁੱਤਿਆਂ ਦੀ ਦਰਿੰਦਗੀ, ਇਲਾਕਾ ਨਿਵਾਸੀਆਂ 'ਚ ਭਾਰੀ ਰੋਸ
ਧਾਰੀਵਾਲ/ਗੁਰਦਾਸਪੁਰ: 5 ਮਾਰਚ 2026- ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ਾਹ ਪੈਟਰੋਲ ਪੰਪ ਦੇ ਸਾਹਮਣੇ ਵਾਲੇ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਢਾਈ ਸਾਲ ਦੇ ਮਾਸੂਮ ਬੱਚੇ ਨੂੰ ਆਪਣਾ ਸ਼ਿਕਾਰ ਬਣਾ ਲਿਆ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਪਛਾਣ ਸਮਾਈਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਬੱਚਾ ਆਪਣੇ ਘਰ ਵਿੱਚ ਖੇਡ ਰਿਹਾ ਸੀ, ਜਦੋਂ ਅਵਾਰਾ ਕੁੱਤਿਆਂ ਦਾ ਇੱਕ ਝੁੰਡ ਉਸਨੂੰ ਜ਼ਬਰਦਸਤੀ ਚੁੱਕ ਕੇ ਨੇੜੇ ਦੇ ਇੱਕ ਮੈਦਾਨ ਵਿੱਚ ਲੈ ਗਿਆ। ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾਣਾ ਸ਼ੁਰੂ ਕਰ ਦਿੱਤਾ। ਇਲਾਕਾ ਨਿਵਾਸੀਆਂ ਨੇ ਜਦੋਂ ਇਹ ਭਿਆਨਕ ਮੰਜ਼ਰ ਦੇਖਿਆ ਤਾਂ ਉਨ੍ਹਾਂ ਤੁਰੰਤ ਕੁੱਤਿਆਂ ਨੂੰ ਭਜਾਇਆ ਅਤੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਪਰ ਬੱਚੇ ਨੇ ਦਮ ਤੋੜ ਦਿੱਤਾ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਸਮਾਈਲ ਦਾ ਪਿਤਾ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ ਅਤੇ ਉਸਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਗਰੀਬ ਪਰਿਵਾਰ ਦੇ ਇਕਲੌਤੇ ਚਿਰਾਗ ਦੇ ਇਸ ਤਰ੍ਹਾਂ ਬੇਵਕਤੀ ਚਲੇ ਜਾਣ ਕਾਰਨ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਇਲਾਕੇ ਵਿੱਚ ਇਸ ਘਟਨਾ ਕਾਰਨ ਮਾਤਮ ਛਾਇਆ ਹੋਇਆ ਹੈ।
ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
ਇਸ ਪੂਰੀ ਵਾਰਦਾਤ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁੱਤੇ ਮਾਸੂਮ ਬੱਚੇ 'ਤੇ ਹਮਲਾ ਕਰਦੇ ਅਤੇ ਉਸਨੂੰ ਨੋਚਦੇ ਸਾਫ਼ ਦਿਖਾਈ ਦੇ ਰਹੇ ਹਨ। ਇਹ ਵੀਡੀਓ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਰਹੀ ਹੈ।
ਪ੍ਰਸ਼ਾਸਨ ਤੋਂ ਨਿਜਾਤ ਦੀ ਮੰਗ
ਗੁੱਸੇ ਵਿੱਚ ਆਏ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੀ ਮੰਗ ਹੈ ਕਿ ਖ਼ੁੰਖਾਰ ਹੋ ਰਹੇ ਅਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਤੁਰੰਤ ਨਿਜਾਤ ਦਵਾਈ ਜਾਵੇ। ਸ਼ਹਿਰ ਵਿੱਚ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਨੱਥ ਪਾਈ ਜਾਵੇ ਤਾਂ ਜੋ ਕੋਈ ਹੋਰ 'ਸਮਾਈਲ' ਅਜਿਹੀ ਬੇਰਹਿਮ ਮੌਤ ਦਾ ਸ਼ਿਕਾਰ ਨਾ ਬਣੇ।
Click to Follow Babushahi Facebook page →