'ਮੇਰਾ ਪੁੱਤ ਅਪਰਾਧੀ ਨਹੀਂ ਸੀ'; ਰਣਜੀਤ ਦੀ ਮਾਂ ਨੇ CBI ਜਾਂਚ ਅਤੇ PGI ਤੋਂ ਦੂਜੇ ਪੋਸਟਮਾਰਟਮ ਲਈ ਹਾਈਕੋਰਟ ਦਾ ਬੂਹਾ ਖੜਕਾਇਆ
ਪੁਲਿਸ 'ਤੇ ਲਾਏ ਪਿੰਡ ਦੇ CCTV ਕਬਜ਼ੇ 'ਚ ਲੈਣ ਦੇ ਇਲਜ਼ਾਮ
ਪੁਲਿਸ 'ਤੇ ਲਾਏ 'ਫਰਜ਼ੀ ਮੁਕਾਬਲੇ' ਅਤੇ ਸਬੂਤ ਮਿਟਾਉਣ ਦੇ ਗੰਭੀਰ ਇਲਜ਼ਾਮ
CBI ਜਾਂਚ ਅਤੇ PGI ਦੇ ਡਾਕਟਰਾਂ ਤੋਂ ਦੂਜੇ ਪੋਸਟਮਾਰਟਮ ਦੀ ਕੀਤੀ ਮੰਗ; ਪਟੀਸ਼ਨ ਵਿੱਚ ਪੁਲਿਸ ਦੀ 'ਫਰਾਰ ਹੋਣ ਵਾਲੀ ਕਹਾਣੀ' 'ਤੇ ਚੁੱਕੇ ਸਵਾਲ
ਚੰਡੀਗੜ੍ਹ 5 ਮਾਰਚ 2026: ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਵਿੱਚ 19 ਸਾਲਾ ਨੌਜਵਾਨ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਨੇ ਹੁਣ ਕਾਨੂੰਨੀ ਮੋੜ ਲੈ ਲਿਆ ਹੈ। ਮ੍ਰਿਤਕ ਦੀ ਮਾਂ ਸੁਖਜਿੰਦਰ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਐਨਕਾਊਂਟਰ ਨੂੰ 'ਗੈਰ-ਕਾਨੂੰਨੀ ਅਤੇ ਸੰਵਿਧਾਨ ਵਿਰੋਧੀ' ਕਰਾਰ ਦਿੱਤਾ ਹੈ। ਪਟੀਸ਼ਨ ਵਿੱਚ ਪੁਲਿਸ ਦੀ ਕਹਾਣੀ ਨੂੰ ਸਿਰੇ ਤੋਂ ਨਕਾਰਦਿਆਂ ਉੱਚ ਪੱਧਰੀ ਜਾਂਚ ਦੀ ਗੁਹਾਰ ਲਾਈ ਗਈ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਪੂਰੀ ਪਟੀਸ਼ਨ ਦੀ ਕਾਪੀ- https://docs.google.com/document/d/1bPTxZ7NSnNwM-A0SgUxOGOQX-FV5bE5S/edit?usp=sharing&ouid=118268049969256391312&rtpof=true&sd=true
ਪੁਲਿਸ ਦੀ ਥਿਊਰੀ 'ਤੇ ਖੜ੍ਹੇ ਕੀਤੇ ਸ਼ੰਕੇ
ਪਟੀਸ਼ਨਰ ਨੇ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤੇ ਗਏ ਘਟਨਾਕ੍ਰਮ 'ਤੇ ਕਈ ਤਰਕਪੂਰਨ ਸਵਾਲ ਚੁੱਕੇ ਹਨ। ਪਟੀਸ਼ਨ ਵਿੱਚ ਪੁੱਛਿਆ ਗਿਆ ਹੈ ਕਿ ਜੇਕਰ ਰਣਜੀਤ ਪੁਲਿਸ ਹਿਰਾਸਤ ਵਿੱਚ ਸੀ ਅਤੇ ਉਸ ਨੂੰ ਹੱਥਕੜੀ ਲੱਗੀ ਹੋਈ ਸੀ, ਤਾਂ ਉਹ ਗੱਡੀ ਪਲਟਣ ਤੋਂ ਬਾਅਦ ਪੁਲਿਸ ਨੂੰ ਚਕਮਾ ਦੇ ਕੇ ਕਿਵੇਂ ਭੱਜ ਸਕਦਾ ਹੈ? ਪੁਲਿਸ ਦਾ ਦਾਅਵਾ ਹੈ ਕਿ ਰਣਜੀਤ ਮੋਟਰਸਾਈਕਲ 'ਤੇ ਆਇਆ ਅਤੇ ਉਸਨੇ ਫਾਇਰਿੰਗ ਕੀਤੀ। ਪਰਿਵਾਰ ਦਾ ਸਵਾਲ ਹੈ ਕਿ ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਹੋਣ ਦੇ ਬਾਵਜੂਦ ਇੱਕ ਭਗੌੜੇ ਕੋਲ ਮੋਟਰਸਾਈਕਲ ਅਤੇ ਹਥਿਆਰ ਕਿੱਥੋਂ ਆਏ?
CCTV ਸਬੂਤਾਂ ਨਾਲ ਛੇੜਛਾੜ
ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੱਚਾਈ ਛੁਪਾਉਣ ਲਈ ਪੁਲਿਸ ਨੇ ਇਲਾਕੇ ਦੇ ਘਰਾਂ ਅਤੇ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ (DVR) ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਮਾਮਲੇ ਦੀ ਜਾਂਚ ਸੀਬੀਆਈ (CBI) ਜਾਂ ਹਾਈਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠਲੀ ਵਿਸ਼ੇਸ਼ ਜਾਂਚ ਟੀਮ (SIT) ਤੋਂ ਕਰਵਾਈ ਜਾਵੇ। ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਪੀਜੀਆਈ (PGI) ਚੰਡੀਗੜ੍ਹ ਦੇ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਜਾਵੇ ਤਾਂ ਜੋ ਨਿਰਪੱਖ ਰਿਪੋਰਟ ਸਾਹਮਣੇ ਆ ਸਕੇ। ਘਟਨਾ ਵਾਲੇ ਦਿਨ ਸ਼ਾਮਲ ਸਾਰੇ ਪੁਲਿਸ ਅਧਿਕਾਰੀਆਂ ਦੇ ਕਾਲ ਡਿਟੇਲ ਰਿਕਾਰਡ (CDR) ਅਤੇ ਜੀਪੀਐਸ (GPS) ਲੋਕੇਸ਼ਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ।
ਇਸ ਮੁਕਾਬਲੇ ਵਿੱਚ ਸ਼ਾਮਲ CIA ਇੰਚਾਰਜ ਅਤੇ ਹੋਰ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਪਿੰਡ ਆਦੀ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ, ਪੁਲਿਸ ਨੇ 24 ਫਰਵਰੀ ਨੂੰ ਰਣਜੀਤ ਸਿੰਘ ਨੂੰ ਉਸਦੇ ਘਰੋਂ ਚੁੱਕਿਆ ਸੀ। 25 ਫਰਵਰੀ ਦੀ ਸਵੇਰ ਨੂੰ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਰਣਜੀਤ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਸੀ। ਪਰਿਵਾਰ ਅਨੁਸਾਰ ਰਣਜੀਤ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਉਸ ਨੂੰ ਮਹਿਜ਼ ਇੱਕ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ।
Click to Follow Babushahi Facebook page →