ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਏਕੇ ਦਾ ਹੋਕਾ: ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੈਮੋਰੰਡਮ ਸੌਂਪਣ ਦਾ ਐਲਾਨ
ਨਵਾਂ ਪਿੰਡ, 4 ਮਾਰਚ 2026 - ਦਸਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ੍ਹ ਨੇ ਸਿੱਖ ਕੌਮ ਦੇ ਨਾਮ ਅਪੀਲ ਜਾਰੀ ਕੀਤੀ ਹੈ। ਉਨ੍ਹਾਂ ਨੇ ਸਿੱਖ ਕੌਮ ਦੀਆਂ ਸਿੱਖ ਸੰਸਥਾਵਾਂ, ਸੰਪ੍ਰਦਾਵਾਂ, ਜਥੇਬੰਦੀਆਂ, ਫੈਡਰੇਸ਼ਨਾਂ, ਧਰਮ ਪ੍ਰਚਾਰ ਕਮੇਟੀਆਂ ਆਦਿ ਤੋਂ ਇਲਾਵਾ ਨਿਹੰਗ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸਮੁੱਚਾ ਸਿੱਖ ਸਮਾਜ ਸੰਗਠਿਤ ਹੋਵੇ।
ਜਥੇਦਾਰ ਸੋਢੀ ਨੇ ਕਿਹਾ ਕਿ ਸੂਬੇ 'ਚ ਵਿਚਰਨ ਵਾਲੀਆਂ ਸਿੱਖ ਸੋਚ ਨੂੰ ਸਮਰਪਿਤ ਸੰਸਥਾਵਾਂ ਜਾਤੀ ਅਤੇ ਵਿਚਾਰਕ ਮਤਭੇਦ ਅਤੇ ਆਪਸੀ ਵੱਖਰੇਵੇਂ ਤਿਆਗ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਤਰ ਹੋਣ। ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਕਿ ਸਿੱਖ ਕੌਮ ਨੂੰ ਮਜਬੂਤ ਆਧਾਰ ਦੇਣ ਲਈ ਸਿੱਖੀ ਦੇ ਹਰਿਆਵਲ ਦਸਤੇ ਵਜੋਂ ਵਿਚਰਨ ਵਾਲੀਆਂ ਧਿਰਾਂ ਏਕੇ ਦੇ ਹੋਕੇ 'ਤੇ ਅਮਲ ਕਰਨ ਲਈ ਪ੍ਰੇਰਿਤ ਕਰਨ।
ਉਨ੍ਹਾਂ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਇਤਿਹਾਸਕ ਅਤੇ ਮਿਥਹਾਸਿਕ ਪ੍ਰੋਗਰਾਮਾਂ, ਮੇਲਿਆਂ ਅਤੇ ਤਿਉਹਾਰਾਂ 'ਤੇ ਰਾਜਨੀਤਕ ਕਾਨਫਰੰਸਾਂ ਕਰਨ ਵਾਲੀਆਂ ਸਾਡੀਆਂ ਖੇਤਰੀ ਪਾਰਟੀਆਂ ਦੀ ਲੀਡਰਸ਼ਿਪ ਪ੍ਰੇਰਨਾਦਾਇਕ ਅਤੇ ਸਿੱਖ ਕੌਮ ਨੂੰ ਸੰਗਠਿਤ ਸ਼ਕਤੀ ਵਜੋਂ ਉਤਪੰਨ ਕਰਨ ਵਾਲੇ ਪ੍ਰਸਤਾਵ ਮੁੱਦੇ 'ਤੇ ਕਦੇ ਵੀ ਹਾਂ-ਪੱਖੀ ਹੁੰਗਾਰਾ ਨਹੀਂ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖ ਸਮਾਜ ਦੇ ਤਖਤ ਸਾਹਿਬਾਨਾ ਅਤੇ ਖਾਸ ਕਰਕੇ ਸਰਵ ਉੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲੋਕ ਹਿੱਤ 'ਚ ਦਸਮੇਸ਼ ਤਰਨਾ ਦਲ ਅਪੀਲ ਕਰਦਾ ਹੈ ਕਿ ਸਮੁੱਚੇ ਸਿੱਖ ਸਮਾਜ ਦੀ ਯੋਗ ਅਗਵਾਈ ਕਰਨ ਲਈ ਜਥੇਦਾਰ ਸਾਹਿਬ ਕੋਈ ਸੰਦੇਸ਼, ਆਦੇਸ਼ ਜਾਂ ਹੁਕਮਨਾਮਾ ਜਾਰੀ ਕਰਨ।
ਉਨ੍ਹਾਂ ਨੇ ਇਹ ਰਸਮੀਂ ਤੌਰ 'ਤੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਇੱਕ ਵਫਦ ਬਹੁਤ ਜਲਦੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲ ਕੇ ਇੱਕ ਮੈਮੋਰੰਡਮ ਸੌਂਪੇਗਾ ਜਿਸ ਦੇ ਮਾਧਿਅਮ ਰਾਹੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਤੇ ਰਵਾਇਤੀ ਪ੍ਰੰਪਰਾਵਾਂ ਅਤੇ ਗੁਰਮਿਤ ਮਰਿਯਾਦਾਵਾਂ ਦੀ ਬਹਾਲੀ ਨੂੰ ਯਕੀਨੀ ਬਣਾਉਣ ਲਈ ਅਪੀਲ ਕਰਾਂਗੇ।
Click to Follow Babushahi Facebook page →