ਜਦੋਂ ਤੱਕ ਪੰਜਾਬ ਵਿੱਚ 'ਆਪ' ਸਰਕਾਰ ਹੈ, ਮੁਫ਼ਤ ਬਿਜਲੀ ਜਾਰੀ ਰਹੇਗੀ: ਭਗਵੰਤ ਮਾਨ
*ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ, ਅਸੀਂ ਪੰਜਾਬ ਨੂੰ ਮੁੜ ਪਟੜੀ 'ਤੇ ਲਿਆ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਅਕਾਲੀਆਂ ਨੇ ਪੰਜਾਬ ਵਿੱਚ 'ਚਿੱਟਾ' ਲਿਆਂਦਾ, ਕਾਂਗਰਸ ਨੇ ਇਸ ਨੂੰ ਫੈਲਾਇਆ , 'ਆਪ' ਸਰਕਾਰ ਪੰਜਾਬੀਆਂ ਦੇ ਸਹਿਯੋਗ ਨਾਲ 'ਯੁੱਧ ਨਸ਼ਿਆਂ ਵਿਰੁੱਧ' ਲੜ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਰਵਾਇਤੀ ਪਾਰਟੀਆਂ ਦਾ ਰੇਤ, ਸ਼ਰਾਬ ਅਤੇ ਨਸ਼ਾ ਮਾਫੀਆ ਵਿੱਚ ਹਿੱਸਾ ਸੀ, ਮੇਰਾ ਹਿੱਸਾ ਪੰਜਾਬ ਦੇ ਲੋਕਾਂ ਦੀਆਂ ਖੁਸ਼ੀਆਂ ਅਤੇ ਦੁੱਖਾਂ ਵਿੱਚ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਕਾਂਗਰਸ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ 500 ਕਰੋੜ ਰੁਪਏ ਵਿੱਚ ਵੇਚਦੀ ਹੈ, ਲੋਕਾਂ ਦਾ ਮਜ਼ਾਕ ਬਣਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਅਕਾਲੀ ਪੰਜਾਬ ਨੂੰ ਬਚਾਉਣ ਦੇ ਖੋਖਲੇ ਦਾਅਵੇ ਕਰਦੇ ਹਨ, ਕਾਂਗਰਸ ਬਾਹਰਲੇ ਲੋਕਾਂ ਨੂੰ ਲਿਆਉਣ ਦੀ ਗੱਲ ਕਰਦੀ ਹੈ ਅਤੇ ਭਾਜਪਾ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਗੱਲ ਕਰਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਸੁਖਬੀਰ ਬਾਦਲ ਨੂੰ ਦਿਨ ਵੇਲੇ ਸੁਪਨੇ ਦੇਖਣੇ ਬੰਦ ਕਰਨੇ ਚਾਹੀਦੇ ਹਨ, ਪੰਜਾਬ ਦੇ ਲੋਕ ਕਦੇ ਵੀ ਅਕਾਲੀਆਂ ਨੂੰ ਸੱਤਾ ਵਿੱਚ ਵਾਪਸ ਨਹੀਂ ਲਿਆਉਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਪਹਾੜਾਂ ਦੇ ਕਾਨਵੈਂਟ ਸਕੂਲ ਅਤੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲਾ ਸੁਖਬੀਰ ਬਾਦਲ ਜ਼ਮੀਨੀ ਹਕੀਕਤਾਂ ਤੋਂ ਅਣਜਾਣ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਲੋਕਾਂ ਨੇ ਪਰਿਵਾਰਪ੍ਰਸਤ ਪਾਰਟੀਆਂ ਨੂੰ ਰੱਦ ਕਰ ਦਿੱਤਾ, ਆਮ ਆਦਮੀ ਦਾ ਪੁੱਤਰ ਹੁਣ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰ ਰਿਹਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਨ ਦੀ ਬਜਾਏ, ਪਿੰਡਾਂ ਲਈ ਤਾਸ਼ ਦੇ ਟੂਰਨਾਮੈਂਟਾਂ ਦੀ ਗੱਲ ਕਰ ਰਿਹਾ ਸੁਖਬੀਰ ਬਾਦਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
ਸੰਗਰੂਰ, 5 ਮਾਰਚ 2026:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੇ ਆਉਣ ਵਾਲੇ ਬਜਟ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੇ ਨਾਲ-ਨਾਲ ਲੋਕਾਂ ਲਈ ਭਲਾਈ ਦੇ ਉਦੇਸ਼ ਨਾਲ ਕਈ ਨਵੇਂ ਲੋਕ-ਪੱਖੀ ਉਪਰਾਲੇ ਕੀਤੇ ਜਾਣਗੇ। ਜ਼ਿਲ੍ਹਾ ਸੰਗਰੂਰ ਵਿੱਚ ਲੋਕ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਅਤੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਜਨਤਾ ਦੇ ਪੈਸੇ ਦੀ ਜ਼ਿੰਮੇਵਾਰੀ ਨਾਲ ਵਰਤੋਂ ਕੀਤੀ ਹੈ, 90% ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਪਹੁੰਚਾਈ ਹੈ, 881 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ, ਅਤੇ ਰਿਸ਼ਵਤ ਜਾਂ ਸਿਫਾਰਸ਼ ਤੋਂ ਬਿਨਾਂ 63,000 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਦਾ ਪੰਜਾਬ ਦੀਆਂ ਹਕੀਕਤਾਂ ਨਾਲੋਂ ਨਾਤਾ ਟੁੱਟ ਚੁੱਕਾ ਹੈ ਅਤੇ ਉਨ੍ਹਾਂ ਨੂੰ ਸੱਤਾ ਵਿੱਚ ਵਾਪਸ ਆਉਣ ਦੇ ਸੁਪਨੇ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਜਦੋਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਦੀ ਲੋੜ ਹੈ, ਸੁਖਬੀਰ ਸਿੰਘ ਬਾਦਲ ਪਿੰਡਾਂ ਵਿੱਚ ਤਾਸ਼ ਦੇ ਟੂਰਨਾਮੈਂਟ ਕਰਵਾਉਣ ਬਾਰੇ ਗੱਲਾਂ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਰਾਜਨੀਤਿਕ ਪਾਰਟੀਆਂ ਨੇ ਪੰਜਾਬ 'ਤੇ ਕਰਜ਼ੇ ਦਾ ਬੋਝ ਪਾਇਆ ਹੈ ਅਤੇ ਆਪਣੇ ਹਿੱਤਾਂ ਲਈ ਕੰਮ ਕੀਤਾ ਹੈ, ਜਦੋਂ ਕਿ ਪੰਜਾਬ ਸਰਕਾਰ ਸਰਕਾਰੀ ਖਜ਼ਾਨੇ ਵਿੱਚੋਂ ਇੱਕ ਇੱਕ ਪੈਸੇ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਪੰਜਾਬ ਦੇ ਫੰਡਾਂ ਨੂੰ ਰੋਕਣ ਅਤੇ ਨਾਲ ਹੀ ਧਰੁਵੀਕਰਨ ਦੀ ਰਾਜਨੀਤੀ ਰਾਹੀਂ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਲਈ ਵੀ ਆਲੋਚਨਾ ਕੀਤੀ।
ਲੋਕ ਮਿਲਣੀ ਪ੍ਰੋਗਰਾਮ ਦੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਸਰਕਾਰ ਦੇ ਆਉਣ ਵਾਲੇ ਬਜਟ ਵਿੱਚ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਤੋਂ ਇਲਾਵਾ ਕਈ ਲੋਕ-ਪੱਖੀ ਪਹਿਲਕਦਮੀਆਂ ਪੇਸ਼ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਟੈਕਸਦਾਤਾਵਾਂ ਦੇ ਪੈਸੇ ਨੂੰ ਸਮਝਦਾਰੀ ਨਾਲ ਪੰਜਾਬ ਦੇ ਸਰਬਪੱਖੀ ਵਿਕਾਸ 'ਤੇ ਕੇਂਦ੍ਰਿਤ ਕਰਕੇ ਖਰਚ ਕੀਤਾ ਹੈ। ਆਉਣ ਵਾਲਾ ਬਜਟ ਲੋਕ ਪੱਖੀ ਪਹਿਲਕਦਮੀਆਂ 'ਤੇ ਵੀ ਕੇਂਦ੍ਰਿਤ ਹੋਵੇਗਾ ਤਾਂ ਜੋ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ, ਬਜਟ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ ਅਤੇ ਇਹ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰੇਗਾ।"
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਜਨਤਕ ਫੰਡਾਂ ਦੀ ਸਾਵਧਾਨੀ ਨਾਲ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸਾਨਾਂ ਲਈ ਮੁਫ਼ਤ ਬਿਜਲੀ ਅਤੇ ਦਿਨ ਵੇਲੇ ਬਿਜਲੀ ਸਪਲਾਈ ਵਰਗੀਆਂ ਵੱਡੀਆਂ ਪਹਿਲਕਦਮੀਆਂ ਨੇ ਘਰਾਂ ਅਤੇ ਕਿਸਾਨ ਭਾਈਚਾਰੇ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਸਰਕਾਰੀ ਖਜ਼ਾਨੇ ਦੇ ਇੱਕ-ਇੱਕ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕਰ ਰਹੀ ਹੈ। ਅੱਜ ਪੰਜਾਬ ਦੇ 90% ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜੋ ਕਿ ਬੇਮਿਸਾਲ ਰਿਹਾ ਹੈ। ਅਜਿਹੇ ਸਮੇਂ ਜਦੋਂ ਦੇਸ਼ ਦੀਆਂ ਜਾਇਦਾਦਾਂ ਕੇਂਦਰ ਸਰਕਾਰ ਵੱਲੋਂ ਆਪਣੇ ਚਹੇਤੇ ਦੋਸਤਾਂ ਨੂੰ ਕੌਡੀਆਂ ਦੇ ਭਾਅ ਸੌਂਪੀਆਂ ਜਾ ਰਹੀਆਂ ਹਨ, ਪੰਜਾਬ ਸਰਕਾਰ ਨੇ ਇੱਕ ਨਿੱਜੀ ਥਰਮਲ ਪਲਾਂਟ ਖਰੀਦ ਕੇ ਇਤਿਹਾਸ ਰਚਿਆ ਹੈ,"
ਸਿਹਤ ਸੰਭਾਲ ਵਿੱਚ ਸੁਧਾਰਾਂ ਨੂੰ ਉਜਾਗਰ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਕ ਸਿਹਤ ਢਾਂਚੇ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ ਅਤੇ ਡਾਕਟਰੀ ਸੇਵਾਵਾਂ ਤੱਕ ਪਹੁੰਚ ਦਾ ਵਿਸਥਾਰ ਕੀਤਾ ਹੈ। "ਲੋਕਾਂ ਨੂੰ ਮੁਫ਼ਤ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਪੰਜਾਬ ਵਿੱਚ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ।"
ਮੁੱਖ ਮੰਤਰੀ ਨੇ ਕਿਹਾ, "ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨ ਲਈ, ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ ਜੋ ਪੰਜਾਬ ਦੇ ਹਰੇਕ ਨਿਵਾਸੀ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ। ਪੰਜਾਬ ਅਜਿਹਾ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਨ ਵਾਲਾ ਪਹਿਲਾ ਭਾਰਤੀ ਸੂਬਾ ਹੈ, ਜਿਸ ਨੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਂਦੇ ਹੋਏ ਜਨਤਾ 'ਤੇ ਵਿੱਤੀ ਬੋਝ ਨੂੰ ਕਾਫ਼ੀ ਘਟਾ ਦਿੱਤਾ ਹੈ।"
ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਤੋਂ ਇਸ ਕਲੰਕ ਨੂੰ ਲਾਹੁਣ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਦਿੱਤਾ ਗਿਆ ਹੈ ਅਤੇ ਇਸ ਘਿਨੌਣੇ ਅਪਰਾਧ ਵਿੱਚ ਸ਼ਾਮਲ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਦੇ ਸਰਗਰਮ ਸਹਿਯੋਗ ਅਤੇ ਤਾਲਮੇਲ ਨਾਲ ਨਸ਼ਿਆਂ ਦੇ ਕਲੰਕ ਨੂੰ ਜ਼ਮੀਨੀ ਪੱਧਰ ਉਤੇ ਖਤਮ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੀ ਮਦਦ ਨਾਲ ਇਹ ਮੁਹਿੰਮ ਹੁਣ ਇੱਕ ਵੱਡੀ ਲੋਕ ਲਹਿਰ ਬਣ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਵਿੱਤੀ ਸਥਿਤੀ ਪਿਛਲੀਆਂ ਸਰਕਾਰਾਂ ਵੱਲੋਂ ਅਪਣਾਈਆਂ ਨੀਤੀਆਂ ਦਾ ਨਤੀਜਾ ਹੈ, ਜਿਨ੍ਹਾਂ ਨੇ ਲੋਕਾਂ ਉੱਤੇ ਭਾਰੀ ਕਰਜ਼ੇ ਦਾ ਬੋਝ ਪਾ ਦਿੱਤਾ ਸੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਉੱਤੇ ਵੱਡਾ ਕਰਜ਼ਾ ਚੜ੍ਹਾਇਆ ਕਿਉਂਕਿ ਉਹ ਨੇਤਾ ਆਮ ਆਦਮੀ ਦੀ ਚਿੰਤਾ ਕਦੇ ਨਹੀਂ ਕਰਦੇ ਸਨ। ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਕਰਜ਼ੇ ਵਿੱਚ 35% ਤੋਂ ਵਧੇਰੇ ਦੀ ਕਮੀ ਲਿਆਂਦੀ ਹੈ। ਹਰ ਸਰਕਾਰ ਕਰਜ਼ਾ ਲੈਂਦੀ ਹੈ ਪਰ ਉਹ ਕਰਜ਼ਾ ਉਤਪਾਦਕ ਉਦੇਸ਼ਾਂ ਲਈ ਹੋਣਾ ਚਾਹੀਦਾ ਹੈ। ਰਾਜ ਦੇ ਖਜ਼ਾਨੇ ਦਾ ਹਰ ਇੱਕ ਪੈਸਾ ਲੋਕਾਂ ਦੇ ਭਲੇ ਅਤੇ ਪੰਜਾਬ ਦੀ ਤਰੱਕੀ ਲਈ ਵਰਤਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਵੰਡਣ ਵਾਲੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਨਫ਼ਰਤ ਦਾ ਏਜੰਡਾ ਚਲਾਉਣ ਲਈ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਵਿੱਚ ਧਾਰਮਿਕ ਪਰਿਵਰਤਨ ਬਾਰੇ ਕੇਂਦਰੀ ਗ੍ਰਹਿ ਮੰਤਰੀ ਦਾ ਬਿਆਨ ਲੋਕਾਂ ਨੂੰ ਵੰਡਣ ਲਈ ਹੈ, ਜੋ ਭਾਜਪਾ ਦੀ ਰਣਨੀਤੀ ਹੈ। ਅਜਿਹੀ ਗੰਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਦੀ ਬਜਾਏ, ਕੇਂਦਰ ਸਰਕਾਰ ਨੂੰ ਪੰਜਾਬ ਦੇ ਬਣਦੇ ਫੰਡਾਂ ਦੇ ਹਿੱਸੇ ਨੂੰ ਰੋਕਣ ਦੀ ਬਜਾਏ ਪੰਜਾਬ ਨੂੰ ਫੰਡ ਜਾਰੀ ਕਰਨ ਲਈ ਉਦਾਰ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ, ਖੁਰਾਕ ਉਤਪਾਦਨ ਵਿੱਚ ਸਵੈ-ਨਿਰਭਰਤਾ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਪਰ ਫਿਰ ਵੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਰੱਖੇ ਗਏ ਦਿਹਾਤੀ ਵਿਕਾਸ ਫੰਡ ਅਤੇ ਹੋਰ ਫੰਡ ਰੋਕ ਦਿੱਤੇ ਹਨ, ਜਿਸ ਨਾਲ ਸੂਬੇ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਸਤੀਆਂ ਰਾਜਨੀਤੀਆਂ ਕਰਨ ਦੀ ਬਜਾਏ, ਕੇਂਦਰ ਸਰਕਾਰ ਨੂੰ ਤੁਰੰਤ ਫੰਡ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਦਾ ਵਿਕਾਸ ਤੇਜ਼ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਚੱਲ ਰਹੀ ਜੰਗ ਦੇ ਮੱਦੇਨਜ਼ਰ ਖਾੜੀ ਖੇਤਰ ਵਿੱਚ ਫਸੇ ਪੰਜਾਬੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਾਉਣ ਲਈ ਕੇਂਦਰ ਸਰਕਾਰ ਨਾਲ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 370 ਪੰਜਾਬੀਆਂ ਦੀ ਪਛਾਣ ਕੀਤੀ ਹੈ ਜੋ ਚੱਲ ਰਹੀ ਜੰਗ ਦੇ ਚੱਲਦਿਆਂ ਖਾੜੀ ਖੇਤਰ ਵਿੱਚ ਫਸੇ ਹੋਏ ਹਨ। ਅਸੀਂ ਇਸ ਮੁੱਦੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਉਠਾਇਆ ਹੈ ਅਤੇ ਉਨ੍ਹਾਂ ਨੂੰ ਵਾਪਸ ਲਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਮੱਧ ਪੂਰਬੀ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਾਉਣ ਲਈ ਦ੍ਰਿੜ ਹੈ ਅਤੇ ਇਸ ਮੰਤਵ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਉਦੇਸ਼ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਅਤੇ ਜ਼ਮੀਨੀ ਪੱਧਰ 'ਤੇ ਮਸਲਿਆਂ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜਨ ਲਈ ਸੱਥਾਂ ਵਿੱਚ ਆਯੋਜਿਤ ਕੀਤੇ ਜਾਂਦੇ ਹਨ। ਇਹਨਾਂ ਥਾਂਵਾਂ ਦਾ ਪਿੰਡਾਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਇੱਥੇ ਵਿਕਾਸ ਬਾਰੇ ਮੁੱਖ ਫ਼ੈਸਲੇ ਲਏ ਜਾਂਦੇ ਹਨ ਅਤੇ ਪਿੰਡ ਵਾਸੀਆਂ ਦੇ ਵਿਵਾਦ ਸੁਖਾਵੇਂ ਢੰਗ ਨਾਲ ਹੱਲ ਕੀਤੇ ਜਾਂਦੇ ਹਨ।
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ 'ਤੇ ਸੱਟ ਮਾਰਦਿਆਂ ਪਿੰਡਾਂ ਵਿੱਚ ਤਾਸ਼ (ਸੀਪ) ਮੁਕਾਬਲੇ ਕਰਵਾਉਣ ਦੇ ਸੁਝਾਅ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਉਹ ਤਾਸ਼ (ਸੀਪ) ਮੁਕਾਬਲੇ ਕਰਵਾਉਣਗੇ ਅਤੇ ਜੇਤੂ ਪਿੰਡ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਅਜਿਹੇ ਬਿਆਨ ਦੇਣ ਦੀ ਬਜਾਏ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਨੌਕਰੀਆਂ ਕਿਉਂ ਨਹੀਂ ਦੇ ਸਕਦੇ ਜੋ ਇਹ ਤਾਸ਼ (ਸੀਪ) ਮੁਕਾਬਲੇ ਖੇਡਦੇ ਹਨ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਜ਼ਮੀਨੀ ਹਕੀਕਤ ਤੋਂ ਅਨਜਾਣ ਹੈ ਕਿਉਂਕਿ ਉਸ ਨੇ ਪਹਾੜੀ ਜਾਂ ਵਿਦੇਸ਼ਾਂ ਵਿੱਚ ਚੱਲਦੇ ਕਨਵੈਂਟ ਸਕੂਲਾਂ ਵਿੱਚ ਪੜ੍ਹਾਈ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਲੋਕ-ਵਿਰੋਧੀ ਨੀਤੀਆਂ ਵਾਲੀਆਂ ਰਵਾਇਤੀ ਪਾਰਟੀਆਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਸੁਖਬੀਰ ਸਿੰਘ ਬਾਦਲ ਨੂੰ ਦਿਨ-ਦਿਹਾੜੇ ਸੁਪਨੇ ਦੇਖਣੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਵੀ ਸੱਤਾ ਵਿੱਚ ਵਾਪਸ ਨਹੀਂ ਲਿਆਉਣਗੇ। ਪੰਜਾਬ ਸਰਕਾਰ 16 ਮਾਰਚ ਨੂੰ ਲੋਕਾਂ ਦੀ ਸੇਵਾ ਦੇ ਚਾਰ ਸਾਲ ਪੂਰੇ ਕਰੇਗੀ ਅਤੇ ਇਸ ਦੌਰਾਨ ਕਈ ਲੋਕ-ਪੱਖੀ ਕਦਮ ਚੁੱਕੇ ਗਏ ਹਨ। ਅੱਜ ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜੋ ਕਿ ਬਕਾਮਾਲ ਹੈ"।
ਬਿਜਲੀ ਉਤਪਾਦਨ ਨਾਲ ਸੰਬੰਧਿਤ ਮਾਮਲਿਆਂ ਅਤੇ ਪਿਛਲੀਆਂ ਸਰਕਾਰਾਂ ਦੇ ਫੈਸਲਿਆਂ ਉੱਤੇ ਰੌਸ਼ਨੀ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ, “ਝਾਰਖੰਡ ਦੀ ਪਛਵਾੜਾ ਕੋਲ ਖਾਣ ਤੋਂ ਕੋਲੇ ਦੀ ਸਪਲਾਈ ਇਸ ਲਈ ਰੋਕੀ ਗਈ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਆਪਣੀ ਇੱਕ ਨਜ਼ਦੀਕੀ ਫਰਮ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਸਨ। ਅਕਾਲੀ ਲੀਡਰਸ਼ਿਪ ਨੇ ਆਪਣੀਆਂ ਹੀ ਕੰਪਨੀਆਂ ਨਾਲ ਸਮਝੌਤੇ ਕਰਕੇ ਪੰਜਾਬ ਨੂੰ ਬਹੁਤ ਮਹਿੰਗੀਆਂ ਦਰਾਂ ’ਤੇ ਸੂਰਜੀ ਬਿਜਲੀ ਮੁਹੱਈਆ ਕਰਵਾਈ, ਜਿਸ ਨਾਲ ਰਾਜ ਦੇ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪਹਿਲਾਂ ਕਿਸਾਨਾਂ ਨੂੰ ਬਿਜਲੀ ਦੀ ਉਡੀਕ ਵਿੱਚ ਰਾਤਾਂ ਖੇਤਾਂ ਵਿੱਚ ਗੁਜ਼ਾਰਨੀਆਂ ਪੈਂਦੀਆਂ ਸਨ, ਪਰ ਅੱਜ ਉਨ੍ਹਾਂ ਨੂੰ ਦਿਨ ਦੇ ਸਮੇਂ ਬਿਜਲੀ ਮਿਲ ਰਹੀ ਹੈ।”
ਮੁੱਖ ਮੰਤਰੀ ਨੇ ਸਿੰਚਾਈ ਅਤੇ ਪਾਣੀ ਪ੍ਰਬੰਧਨ ਵਿੱਚ ਆਏ ਸੁਧਾਰਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, “ਜਦੋਂ ਪੰਜਾਬ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ, ਉਸ ਵੇਲੇ ਸਿਰਫ਼ 21 ਫ਼ੀਸਦੀ ਨਹਿਰੀ ਪਾਣੀ ਖੇਤ ਸਿੰਜਣ ਲਈ ਵਰਤਿਆ ਜਾ ਰਿਹਾ ਸੀ। ਅੱਜ ਪੰਜਾਬ ਵਿੱਚ 68 ਫ਼ੀਸਦੀ ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣ ਲਈ 6,900 ਕਿਲੋਮੀਟਰ ਖਾਲਿਆਂ ਅਤੇ 18,349 ਖੇਲਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਇਆ ਹੈ।”
ਰੋਜ਼ਗਾਰ ਅਤੇ ਸਿੱਖਿਆ ਸੁਧਾਰਾਂ ਬਾਰੇ ਸਰਕਾਰ ਦੀਆਂ ਪ੍ਰਾਪਤੀਆਂ ਉਜਾਗਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “63,000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਿਸ਼ ਦੇ ਦਿੱਤੀਆਂ ਗਈਆਂ ਹਨ, ਜਿਸ ਨਾਲ ਸਮਾਜ ਦੇ ਹਰ ਵਰਗ ਵਿੱਚ ਸੰਤੁਸ਼ਟੀ ਹੈ। ਉਨ੍ਹਾਂ ਕਿਹਾ, "ਸਿੱਖਿਆ ਖੇਤਰ ਵਿੱਚ, ਪੰਜਾਬ ਭਰ ਵਿੱਚ ਸਕੂਲ ਆਫ ਐਮੀਨੈਂਸ ਸਥਾਪਿਤ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ। ਇਨ੍ਹਾਂ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਵਿਗਿਆਨਕ ਤੌਰ 'ਤੇ ਸਿੱਖਣ ਲਈ ਆਧੁਨਿਕ ਲੈਬੋਰਟਰੀਆਂ ਅਤੇ ਸਰੀਰਕ ਤੌਰ ਤੇ ਤੰਦਰੁਸਤੀ ਲਈ ਖੇਡ ਮੈਦਾਨ ਹਨ।”
ਉਨ੍ਹਾਂ ਅੱਗੇ ਕਿਹਾ ਕਿ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਕਰਨ ਲਈ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ। “ਖਾਸ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਤਹਿਤ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ ਤਾਂ ਜੋ ਉਹ ਆਧੁਨਿਕ ਪੜ੍ਹਾਉਣ ਦੀਆਂ ਤਕਨੀਕਾਂ ਅਪਣਾ ਸਕਣ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੁਕਾਬਲੇ ਲਈ ਤਿਆਰ ਕਰ ਸਕਣ। ਭਾਰਤ ਸਰਕਾਰ ਵੱਲੋਂ ਕਰਵਾਏ ਗਏ ਨੈਸ਼ਨਲ ਅਚੀਵਮੈਂਟ ਸਰਵੇਖਣ ਵਿੱਚ ਪੰਜਾਬ ਨੇ ਕੇਰਲਾ ਨੂੰ ਵੀ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀਆਂ ਨੂੰ ਹਥਿਆਰਬੰਦ ਬਲਾਂ ਦੀ ਤਿਆਰੀ, ਨੀਟ, ਜੇ ਈ ਈ, ਕਲੈਟ ਅਤੇ ਨਿਫਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਸ਼ੇਸ਼ ਕੋਚਿੰਗ ਵੀ ਦਿੱਤੀ ਜਾ ਰਹੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਮਹੱਤਵਪੂਰਨ ਅਕਾਦਮਿਕ ਉਪਲਬਧੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ, “ਸਕੂਲ ਆਫ ਐਮੀਨੈਂਸ ਅਤੇ ਹੋਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜੇ ਈ ਈ ਮੇਨਜ਼, ਜੇ ਈ ਈ ਐਡਵਾਂਸਡ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ। ਅਕਾਲੀ ਲੀਡਰਸ਼ਿਪ ਨੇ ਰਾਜਨੀਤਿਕ ਲਾਭ ਲਈ ਧਰਮ ਦਾ ਦੁਰਉਪਯੋਗ ਕੀਤਾ ਹੈ, ਜਿਸਨੂੰ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਰਵਾਇਤੀ ਰਾਜਨੀਤਿਕ ਪਾਰਟੀਆਂ ਇਹ ਗੱਲ ਸਵੀਕਾਰ ਨਹੀਂ ਕਰ ਸਕਦੀਆਂ ਕਿ ਇੱਕ ਆਮ ਆਦਮੀ ਦਾ ਪੁੱਤ ਪੰਜਾਬ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾ ਰਿਹਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਇਸ ਲਈ ਨਕਾਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਲੋਕ ਭਲਾਈ ਦੀ ਥਾਂ ਪਰਿਵਾਰਿਕ ਹਿਤਾਂ ਨੂੰ ਤਰਜੀਹ ਦਿੱਤੀ।
ਉਨ੍ਹਾਂ ਕਿਹਾ, “ਪੰਜਾਬ ਦੇ ਲੋਕਾਂ ਦਾ ਰਵਾਇਤੀ ਰਾਜਨੀਤਿਕ ਪਾਰਟੀਆਂ ਤੋਂ ਮੋਹ ਟੁੱਟ ਗਿਆ ਹੈ ਕਿਉਂਕਿ ਉਹਨਾਂ ਦੀਆਂ ਨੀਤੀਆਂ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਰਹੀਆਂ ਹਨ। ਪਿਛਲੇ ਹੁਕਮਰਾਨ ਪੰਜਾਬ ਅਤੇ ਪੰਜਾਬੀਆਂ ਦੀ ਥਾਂ ਆਪਣੇ ਪਰਿਵਾਰਾਂ ਦੀ ਜ਼ਿਆਦਾ ਚਿੰਤਾ ਕਰਦੇ ਸਨ, ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਅਤੇ ਇਸ ਦੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਉੱਤੇ ਧਿਆਨ ਕੇਂਦਰਿਤ ਕੀਤਾ ਹੈ।”
ਅਕਾਲੀ ਲੀਡਰਸ਼ਿਪ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਜੋ ਨੇਤਾ ਆਪਣੀ ਹੀ ਪਾਰਟੀ ਵਿੱਚ ਕਮੇਟੀ ਬਣਾਉਣ ਲਈ 11 ਮੈਂਬਰ ਵੀ ਨਹੀਂ ਲੱਭ ਸਕਦੇ, ਉਹ ਪੰਜਾਬ ਦੀਆਂ 117 ਸੀਟਾਂ ਜਿੱਤਣ ਦੇ ਸੁਪਨੇ ਦੇਖ ਰਹੇ ਹਨ। ਇਨ੍ਹਾਂ ਨੇਤਾਵਾਂ ਨੇ ਪੰਜਾਬ ਵਿੱਚ ਗੈਂਗਸਟਰਾਂ ਨੂੰ ਹੁਲਾਰਾ ਦਿੱਤਾ ਅਤੇ ਨਸ਼ਾ ਤਸਕਰਾਂ ਨੂੰ ਬਚਾ ਕੇ ਨੌਜਵਾਨਾਂ ਦੀਆਂ ਰਗਾਂ ਵਿੱਚ ਨਸ਼ਾ ਭਰ ਦਿੱਤਾ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਲੀਡਰਸ਼ਿਪ ਨੂੰ ਉਸਦੇ ਪਿਛਲੇ ਕਰਤੂਤਾਂ ਲਈ ਅੱਗੇ ਵੀ ਨਕਾਰਦੇ ਰਹਿਣਗੇ।
ਉਨ੍ਹਾਂ ਕਿਹਾ, “ਅਕਾਲੀ ਦਲ ਹੁਣ ਰਾਜਨੀਤਿਕ ਤੌਰ ਉੱਤੇ ਸੁੱਕੇ ਦਰੱਖ਼ਤਾਂ ਦੀ ਪਾਰਟੀ ਬਣ ਚੁੱਕੀ ਹੈ ਜਿਨ੍ਹਾਂ ਨੂੰ ਵਾਰ ਵਾਰ ਪਾਣੀ ਲਾਉਣ "ਤੇ ਵੀ ਹਰੇ ਹੋਣ ਦੀ ਆਸ ਨਹੀਂ। ਉਹ ਧਰਮ ਦਾ ਦੁਰਉਪਯੋਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪਰ ਪੰਜਾਬੀ ਹੁਣ ਭਟਕਾਏ ਨਹੀਂ ਜਾ ਸਕਦੇ। ਅਕਾਲੀ ਲੀਡਰਸ਼ਿਪ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਵਾਈ ਕਿਲ੍ਹੇ ਬਣਾਉਂਦੀ ਫਿਰ ਰਹੀ ਹੈ, ਪਰ ਪੰਜਾਬ ਦੇ ਲੋਕ ਉਹਨਾਂ ਨੂੰ ਫਿਰ ਕਰਾਰਾ ਜਵਾਬ ਦੇਣਗੇ।”
ਪਿਛਲੇ ਵਿਵਾਦਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ,
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੁਖਬੀਰ ਸਿੰਘ ਬਾਦਲ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਸਾਰਾ ਵਿਕਾਸ ਉਹਨਾਂ ਦੇ ਰਾਜ ਵਿੱਚ ਹੋਇਆ, ਪਰ ਉਹ ਬਰਗਾੜੀ ਅਤੇ ਬਹਿਬਲ ਕਲਾਂ ਵਰਗੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਰਾਜਨੀਤਿਕ ਲਾਭ ਲਈ ਧਰਮ ਦੀ ਵਰਤੋਂ ਕਰਕੇ, ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਅਕਾਲੀ ਲੀਡਰਸ਼ਿਪ ਉਹਨਾਂ ਤਾਕਤਾਂ ਨਾਲ ਮਿਲੀ ਹੋਈ ਹੈ ਜੋ ਪੰਥ ਅਤੇ ਪੰਜਾਬ ਦੇ ਵਿਰੁੱਧ ਹਨ।”
Click to Follow Babushahi Facebook page →