Babushahi Special ਖੁਸ਼ਹਾਲੀ ਤੋਂ ਸੱਥਰ ਤੱਕ ਦਾ ਸਫਰ ਬਣਨ ਲੱਗਿਆ ਹਾਨੀਕਾਰਕ ਧਾਤਾਂ ਦੇ ਮਿਸ਼ਰਣ ਵਾਲਾ ਪਾਣੀ
ਅਸ਼ੋਕ ਵਰਮਾ
ਬਠਿੰਡਾ, 5 ਮਾਰਚ 2026 : ਬਠਿੰਡਾ ਪੱਟੀ ਦੇ ਪੀਣ ਵਾਲੇ ਪਾਣੀ ’ਚ ਯੂਰੇਨੀਅਮ ਅਤੇ ਹੋਰ ਹਾਨੀਕਾਰਕ ਧਾਤਾਂ ਦੀ ਮਿਕਦਾਰ ਵਧਣ ’ਤੇ ਗੰਭੀਰ ਫ਼ਿਕਰ ਜ਼ਾਹਰ ਕਰਦਿਆਂ ਸਾਂਝੀ ਐਕਸ਼ਨ ਕਮੇਟੀ ਨੇ ਕੇਂਦਰ ਸਰਕਾਰ ਦੇ ਵਾਤਾਵਰਨ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ‘ਬਿਨਾਂ ਸਮਾਂ ਗੁਆਏ’ ਇਸ ਦਿਸ਼ਾ ’ਚ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਉਦੋਂ ਹੋਇਆ ਹੈ ਜਦੋਂ ਬਠਿੰਡਾ ਜਿਲ੍ਹੇ ਨੂੰ ਪੀਣ ਵਾਲੇ ਪਾਣੀ ਦਾ ਸੰਕਟ ਦਰਪੇਸ਼ ਹੈ। ਇਸ ਸਬੰਧੀ ਕੀਤੇ ਅਧਿਐਨ ਦੌਰਾਨ ਸਾਹਮਣੇ ਆਇਆ ਹੈ ਜਿਸ ਵਿੱਚ ਪਾਣੀ ਦੇ 51 ਫੀਸਦੀ ਨਮੂਨਿਆਂ ’ਚ ਯੂਰੇਨੀਅਮ ਦੀ ਮਾਤਰਾ ਤੈਅ ਮਾਪਦੰਡਾਂ ਨਾਲੋਂ ਜਿਆਦਾ ਪਾਈ ਗਈ ਹੈ ਜਦੋਂਕਿ ਪਾਣੀ ਦੇ 64 ਪ੍ਰਤੀਸ਼ਤ ਨਮੂਨਿਆਂ ਵਿੱਚ ਟੀਡੀਸੀ ਦੀ ਮਾਤਰਾ 500 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਵੱਧ ਮਿਲੀ ਹੈ। ਸਾਲ 2022 ’ਚ ਵੱਖ ਵੱਖ ਥਾਵਾਂ ਤੋਂ ਪਾਣੀ ਦੇ ਨਮੂਨੇ ਲਏ ਸਨ ਜਿੰਨ੍ਹਾਂ ’ਤੇ ਤਿੰਨ ਸਾਲ ਤੱਕ ਖੋਜ ਕੀਤੀ ਗਈ।
ਕਈ ਪਿੰਡਾਂ ’ਚ ਤਾਂ ਯੁਰੇਨੀਅਮ ਦਾ ਪੱਧਰ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ 30 ਮਾਈਕ੍ਰੋਗਰਾਮ ਪ੍ਰਤੀ ਲਿਟਰ ਤੋਂ 4 ਤੋਂ 9 ਗੁਣਾ ਵੱਧ ਮਿਲਿਆ ਹੈ। ਬਠਿੰਡਾ ਜਿਲ੍ਹੇ ਦੇ ਨਲਕਿਆਂ , ਟਿਊਬਵੈਲ ਅਤੇ ਬਿਜਲੀ ਦੀਆਂ ਮੋਟਰਾਂ ਰਾਹੀਂ ਕੱਢੇ ਗਏ ਧਰਤੀ ਹੇਠਲੇ ਪਾਣੀ ਤੋਂ ਇਲਾਵਾ ਜਨਤਕ ਜਲ ਸਪਲਾਈ ਸਮੇਤ ਵੱਖ ਵੱਖ ਸਰੋਤਾਂ ਤੋਂ ਪਾਣੀ ਦੇ 136 ਨਮੂਨੇ ਲਏ ਗਏ ਸਨ। ਜਾਂਚ ਦੌਰਾਨ ਯੁਰੇਨੀਅਮ ਦੀ ਮਾਤਰਾ 65 ਤੋਂ 274 ਮਾਈਕ੍ਰੋਗਰਾਮ ਪ੍ਰਤੀ ਲਿਟਰ ਪਾਈ ਗਈ ਹੈ। ਖੋਜਕਰਤਾਵਾਂ ਨੇ ਸਿੱਟਾ ਕੱਢਿਆ ਹੈ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਗਿਰਾਵਟ ਅਤੇ ਖੇਤੀਬਾੜੀ ਫਾਸਫੇਟ ਅਧਾਰਿਤ ਖਾਦਾਂ ਦੀ ਹੱਦੋਂ ਵੱਧ ਵਰਤੋਂ ਕਾਰਨ ਸਮੱਸਿਆ ਵਧੀ ਹੈ। ਲਗਾਤਾਰ ਜਿਆਦਾ ਡੂੰਘਾਈ ਤੱਕ ਪਾਣੀ ਕੱਢਣ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ। ਕੁੱਝ ਸਮਾਂ ਪਹਿਲਾਂ ਆਈ ਰਿਪੋਰਟ ਅਨੁਸਾਰ ਬਠਿੰਡਾ ਜਿਲ੍ਹੇ ਦੇ 8 ਪਿੰਡ ਅਤੇ ਸ਼ਹਿਰ ਦੇ ਦੋ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ।
ਰਿਪੋਰਟ ਅਨੁਸਾਰ ਪਿੰਡ ਸੇਖੂ ਯੁਰੇਨੀਅਮ ਦਾ ਪੱਧਰ 274 ਪਾਇਆ ਗਿਆ ਹੈ ਜੋ 9.1 ਗੁਣਾ ਹੈ ਜਦੋਂਕਿ ਕੋਟਸ਼ਮੀਰ ’ਚ ਇਹ ਪੱਧਰ 249 ਯਾਨੀ 8.3 ਗੁਣਾ, ਸ਼ਹਿਰ ਦੇ ਪਟੇਲ ਨਗਰ ’ਚ 238 ਯਾਨੀ 7.9 ਗੁਣਾ, ਫੋਕਲ ਪੁਆਇੰਟ 208 ਯਾਨੀ 6.9 ਗੁਣਾ, ਕੋਟਭਾਰਾ 199.4 ਯਾਨੀ 6.6 ਗੁਣਾ, ਬੱਜੋਆਣਾ 192.3 ਯਾਨੀ 6.4 ਗੁਣਾ, ਬੱਲੂਆਣਾ 140 ਯਾਨੀ 4.7 ਗੁਣਾ, ਬੰਗੀ ਰਘੂ 132 ਯਾਨੀ 4.4 ਗੁਣਾ , ਰਾਮਾ ਮੰਡੀ 122.2 ਯਾਨੀ 4.1 ਗੁਣਾ ਅਤੇ ਗਿੱਲ ਪੱਤੀ ’ਚ 118.2 ਯਾਨੀ 3.9 ਗੁਣਾ ਪਾਇਆ ਗਿਆ ਹੈ। ਅਧਿਐਨ ਦੌਰਾਨ ਰਾਹਤ ਵਾਲੀ ਗੱਲ ਇਹੋ ਰਹੀ ਕਿ ਸਰਹਿੰਦ ਨਹਿਰ ਦੇ ਕੰਢੇ ਸਥਿਤ ਜਨਤਕ ਜਲ ਸਪਲਾਈ ਤੋਂ ਹਾਸਲ ਨਮੂਨਿਆਂ ’ਚ ਯੁਰੇਨੀਅਮ ਦਾ ਪੱਧਰ 0.95 ਤੋਂ 2 ਗ੍ਰਾਮ ਮਾਈਕ੍ਰੋਗਰਾਮ ਪ੍ਰਤੀ ਲਿਟਰ ਦੇ ਵਿਚਕਾਰ ਰਿਹਾ ਜੋ ਸੁਰੱਖਿਅਤ ਹੱਦ ਦੇ ਅੰਦਰ ਹੈ। ਇੰਨ੍ਹਾਂ ਨਮੂਨਿਆਂ ’ਚ ਟੀਡੀਐਸ ਦੀ ਮਾਤਰਾ ਵੀ ਤੈਅ ਮਾਪਦੰਡਾਂ ਵਿਚਕਾਰ ਪਾਈ ਗਈ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਬਠਿੰਡਾ ਜਿਲ੍ਹੇ ’ਚ ਪਿਛਲੇ 10 ਸਾਲਾਂ ਦੌਰਾਨ ਧਰਤੀ ਹੇਠਲੇ ਪਾਣੀ ਦਾ ਪੱਧਰ 4 ਮੀਟਰ ਤੱਕ ਨੀਵਾਂ ਹੋਇਆ ਹੈ। ਇਸ ਦੇ ਬਾਵਜੂਦ ਯੁਰੇਨੀਅਮ ਦੀ ਜਾਂਚ ਅਤੇ ਮਾਨੀਟਰਿੰਗ ਦਾ ਕੋਈ ਪ੍ਰਬੰਧ ਨਹੀਂ ਹੈ। ਹਾਲਾਂਕਿ ਕੇਂਦਰੀ ਗ੍ਰਾਊਂਡ ਵਾਟਰ ਬੋਰਡ ਆਪਣੇ ਤੌਰ ’ਤੇ ਯੁਰੇਨੀਅਮ ਦੀ ਕੌਮੀ ਪੱਧਰ ’ਤੇ ਨਿਯਮਿਤ ਮਾਨੀਟਰਿੰਗ ਕਰਦਾ ਹੈ। ਬੋਰਡ ਵੱਲੋਂ ਹਰ ਸਾਲ ਧਰਤੀ ਹੇਠਲੇ ਪਾਣੀ ਦੀ ਕੁਆਲਿਟੀ ਸਬੰਧੀ ਰਿਪੋਰਟ ਵੀ ਜਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਪਾਣੀ ’ਚ ਮੌਜੂਦ ਵੱਖ ਵੱਖ ਤੱਤਾਂ ਆਦਿ ਦਾ ਜਿਕਰ ਕੀਤਾ ਜਾਂਦਾ ਹੈ। ਇਸ ਰਿਪੋਰਟ ’ਚ ਪੰਜਾਬ ਅਤੇ ਬਠਿੰਡਾ ਵੀ ਸ਼ਾਮਲ ਹੁੰਦੇ ਹਨ। ਮਹੱਤਵਪੂਰਨ ਤੱਥ ਇਹ ਹੈ ਕਿ ਮਹਿਕਮੇ ਕੋਲ ਯੁਰੇਨੀਅਮ ਕਾਰਨ ਉੱਚ ਖਤਰੇ ਵਾਲੇ ਪਿੰਡਾਂ ਦੀ ਕੋਈ ਸੂਚੀ ਨਹੀਂ ਹੈ। ਇਹ ਲਾਪਰਵਾਹੀ ਉਦੋਂ ਹੋ ਰਹੀ ਹੈ ਜਦੋਂ 85 ਤੋਂ 95 ਫੀਸਦੀ ਇਲਾਕਾ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੈ।
ਨਹਿਰੀ ਪਾਣੀ ਦੀ ਘਾਟ ਬਣੀ
ਪਿੰਡਾਂ ਅਤੇ ਸ਼ਹਿਰਾਂ ’ਚ ਜਲ ਘਰਾਂ , ਨਲਕਿਆਂ , ਟਿਊਬਵੈਲਾਂ ਅਤੇ ਬਿਜਲੀ ਮੋਟਰਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਹੀ ਕੀਤੀ ਜਾਂਦੀ ਹੈ । ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਜਲ ਸਪਲਾਈ ਅਤੇ ਖੇਤੀ ਲਈ ਨਹਿਰੀ ਪਾਣੀ ਦੀ ਘਾਟ ਹੋਣ ਕਰਕੇ ਧਰਤੀ ਹੇਠਲਾ ਯੁਰੇਨੀਅਮ ਯੁਕਤ ਪਾਣੀ ਵਰਤਿਆ ਜਾਂਦਾ ਹੈ। ਬਠਿੰਡਾ ਜਿਲ੍ਹੇ ’ਚ ਯੁਰੇਨੀਅਮ ਸੋਧਣ ਵਾਲਾ ਕੋਈ ਪਲਾਂਟ ਨਹੀਂ ਹੈ। ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ’ਚ ਆਰਓ ਪਲਾਂਟ ਲਾਏ ਹਨ ਜੋ ਧਰਤੀ ਹੇਠਲੇ ਪਾਣੀ ਨੂੰ ਸਾਫ ਕਰਨ ਦੀ ਖਾਨਾਪੂਰਤੀ ਕਰਦੇ ਹਨ। ਯੁਰੇਨੀਅਮ ਪ੍ਰਭਾਵਿਤ ਇਲਾਕਿਆਂ ’ਚ ਹਾਲ ਦੀ ਘੜੀ ਕੋਈ ਸਰਵੇਖਣ ਵੀ ਨਹੀਂ ਹੋਇਆ ਹੈ।
ਗੁਰਦੇ ਅਤੇ ਹੱਡੀਆਂ ਪ੍ਰਭਾਵਿਤ
ਡਾਕਟਰ ਪਵਨ ਕੁਮਾਰ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੱਕ ਯੁਰੇਨੀਅਮ ਦੇ ਮਿਸ਼ਰਣ ਵਾਲਾ ਪਾਣੀ ਪੀਣ ਨਾਲ ਹੱਡੀਆਂ ਅਤੇ ਗੁਰਦਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਨਰਵਿਸ ਸਿਸਟਮ ,ਪੇਟ ਦੀਆਂ ਬਿਮਾਰੀਆਂ ਅਤੇ ਫੇਫੜੇ ਦੇ ਕੈਂਸਰ ਦਾ ਖਤਰਾ ਵੀ ਵਧਦਾ ਹੈ। ਨਵਜਨਮੇ ਬੱਚੇ ਦੀਆਂ ਹੱਡੀਆਂ, ਬੱਚੇ ਅਪਾਹਜ ਹੋਣ ਦਾ ਖਤਰਾ ਅਤੇ ਮਾਂ ਦਾ ਗਰਭ ਵੀ ਪ੍ਰਭਾਵਿਤ ਹੋ ਸਕਦਾ ਹੈ।
ਤੁਰੰਤ ਨਜਿੱਠਣ ਦੀ ਲੋੜ
ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਐਮ.ਐਮ ਬਹਿਲ ਦਾ ਕਹਿਣਾ ਸੀ ਕਿ ਜਦੋਂ ਪਾਣੀ ਵਿੱਚ ਹੀ ਯੂਰੇਨੀਅਮ ਮਿਲਣ ਲੱਗਿਆ ਹੈ ਤਾਂ ਜ਼ਿੰਦਗੀ ਕਿੱਥੋਂ ਲੱਭਣ ਜਾਵਾਂਗੇ । ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਜਿਸ ਨੂੰ ਤਰਜੀਹੀ ਆਧਾਰ ’ਤੇ ਨਜਿੱਠਣ ਦੀ ਲੋੜ ਹੈ।
Click to Follow Babushahi Facebook page →