ਅਰਬ ਮੁਲਕਾਂ 'ਚ ਤਣਾਅ: ਮੰਤਰੀ ਡਾ. ਰਵਜੋਤ ਵੱਲੋਂ ਦਿੱਲੀ ਏਅਰਪੋਰਟ 'ਤੇ 'ਪੰਜਾਬ ਸਹਾਇਤਾ ਕੇਂਦਰ' ਦਾ ਦੌਰਾ
ਮਾਨ ਸਰਕਾਰ ਦਾ ਅਹਿਦ: ਅਰਬ ਮੁਲਕਾਂ 'ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਦਿਨ-ਰਾਤ ਇੱਕ ਕਰੇਗਾ ਪ੍ਰਸ਼ਾਸਨ
ਦਿੱਲੀ ਏਅਰਪੋਰਟ 'ਤੇ ਪੰਜਾਬੀਆਂ ਦੀ ਮਦਦ ਲਈ ਪੁਖ਼ਤਾ ਪ੍ਰਬੰਧ; ਮੰਤਰੀ ਵੱਲੋਂ ਅਧਿਕਾਰੀਆਂ ਨੂੰ ਕੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਫਸੇ ਪੰਜਾਬੀਆਂ ਦੀ ਘਰ ਵਾਪਸੀ ਲਈ ਸਹੂਲਤਾਂ ਹੋਰ ਬਿਹਤਰ ਬਣਾਉਣ ਦੇ ਦਿੱਤੇ ਨਿਰਦੇਸ਼; ਮਾਨ ਸਰਕਾਰ ਲਈ ਪੰਜਾਬੀਆਂ ਦੀ ਸੁਰੱਖਿਆ ਸਭ ਤੋਂ ਉੱਪਰ
ਨਵੀਂ ਦਿੱਲੀ/ਚੰਡੀਗੜ੍ਹ 4 ਮਾਰਚ 2026: ਅਰਬ ਮੁਲਕਾਂ ਵਿੱਚ ਬਣੇ ਤਣਾਅਪੂਰਣ ਹਾਲਾਤਾਂ ਦੇ ਮੱਦੇਨਜ਼ਰ, ਪੰਜਾਬ ਦੇ ਐਨ.ਆਰ.ਆਈ. (NRI) ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਸਥਾਪਤ ਕੀਤੇ ਗਏ 'ਪੰਜਾਬ ਸਹਾਇਤਾ ਕੇਂਦਰ' ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਮਕਸਦ ਖਾੜੀ ਦੇਸ਼ਾਂ ਤੋਂ ਵਾਪਸ ਆ ਰਹੇ ਪੰਜਾਬੀਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣਾ ਅਤੇ ਉਨ੍ਹਾਂ ਦੀ ਘਰ ਵਾਪਸੀ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣਾ ਸੀ।
ਡਾ. ਰਵਜੋਤ ਸਿੰਘ ਨੇ ਹਵਾਈ ਅੱਡੇ 'ਤੇ ਤਾਇਨਾਤ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਨਿਰਦੇਸ਼ ਦਿੱਤੇ ਕਿ ਸਹਾਇਤਾ ਕੇਂਦਰ ਵਿੱਚ ਮਿਲ ਰਹੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ ਤਾਂ ਜੋ ਸੰਕਟ ਵਿੱਚੋਂ ਨਿਕਲ ਕੇ ਆਏ ਪੰਜਾਬੀਆਂ ਨੂੰ ਕੋਈ ਦਿੱਕਤ ਨਾ ਆਵੇ। ਪੰਜਾਬੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਪਹਿਲ ਦੇ ਆਧਾਰ 'ਤੇ ਕੰਮ ਕੀਤਾ ਜਾਵੇ। ਵਾਪਸ ਆਉਣ ਵਾਲੇ ਯਾਤਰੀਆਂ ਲਈ ਲੋੜੀਂਦੀ ਟ੍ਰਾਂਸਪੋਰਟ ਅਤੇ ਹੋਰ ਮਦਦ ਤੁਰੰਤ ਮੁਹੱਈਆ ਕਰਵਾਈ ਜਾਵੇ।
ਮੰਤਰੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਈ ਅਰਬ ਮੁਲਕਾਂ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਘਰ ਵਾਪਸੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਦੂਤਾਵਾਸਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਤਾਂ ਜੋ ਹਰ ਇੱਕ ਪੰਜਾਬੀ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ਵਿੱਚ ਫਸੇ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤੇ ਗਏ 24x7 ਹੈਲਪਲਾਈਨ ਨੰਬਰਾਂ (0172-2260042, 2260043) ਰਾਹੀਂ ਲੋਕ ਸਹਾਇਤਾ ਲੈ ਰਹੇ ਹਨ ਅਤੇ ਦਿੱਲੀ ਏਅਰਪੋਰਟ 'ਤੇ ਸਥਾਪਤ ਇਹ ਕੇਂਦਰ ਵਾਪਸ ਆਉਣ ਵਾਲੇ ਲੋਕਾਂ ਲਈ ਰਾਈਟ-ਹੈਂਡ ਵਜੋਂ ਕੰਮ ਕਰ ਰਿਹਾ ਹੈ।
Click to Follow Babushahi Facebook page →