ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ
ਪ੍ਰਮੋਦ ਭਾਰਤੀ
ਜਲੰਧਰ 25 ਜਨਵਰੀ ,2026
ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ–035 ਦੇ ਅਧੀਨ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਲਾਡੋਵਾਲੀ ਰੋਡ ਜਲੰਧਰ ਵਿਖੇ ਰਾਸ਼ਟਰੀ ਵੋਟਰ ਦਿਵਸ ਬੜੇ ਉਤਸ਼ਾਹ, ਜਾਗਰੂਕਤਾ ਅਤੇ ਲੋਕਤੰਤਰਿਕ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਟ੍ਰੇਨੀ ਅਧਿਆਪਕਾਂ ਵਿੱਚ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਸੀ।
ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਬਲਜੋਤ ਸਿੰਘ ਨਾਇਬ ਤਹਿਸੀਲਦਾਰ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵੋਟਿੰਗ ਪ੍ਰਤੀਸ਼ਤ ਵਿੱਚ ਸੁਧਾਰ ਲਿਆਉਣ ਲਈ ਜਨ-ਭਾਗੀਦਾਰੀ ਦੀ ਅਹਿਮੀਅਤ ਉੱਤੇ ਰੋਸ਼ਨੀ ਪਾਈ ਅਤੇ ਨੌਜਵਾਨਾਂ ਨੂੰ ਨਿਡਰ, ਨਿਰਪੱਖ ਅਤੇ ਜ਼ਿੰਮੇਵਾਰ ਵੋਟਿੰਗ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ੍ਰੀ ਅਕਸ਼ੇ ਜਿਲੋਵਾ, ਐਚ.ਓ.ਡੀ., ਸਰਕਾਰੀ ਬਹੁਤੱਕਨਿਕੀ ਕਾਲਜ ਲਾਡੋਵਾਲੀ ਰੋਡ ਨੇ ਵਿਦਿਆਰਥੀਆਂ ਅਤੇ ਭਾਗੀਦਾਰਾਂ ਨੂੰ ਵੋਟਿੰਗ ਲਈ ਉਤਸ਼ਾਹਿਤ ਕੀਤਾ ਅਤੇ ਸੀ-ਵਿਜ਼ਿਲ ਐਪ, ਪੀ.ਡਬਲਿਊ.ਡੀ. ਐਪ ਆਦਿ ਬਾਰੇ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ, ਜਿਸ ਰਾਹੀਂ ਆਮ ਨਾਗਰਿਕ ਚੋਣ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੇ ਹਨ।
ਸ੍ਰੀ ਚੰਦਰ ਸ਼ੇਖਰ, ਸਵੀਪ ਨੋਡਲ ਅਫ਼ਸਰ ਜਲੰਧਰ ਸੈਂਟਰਲ ਨੇ ਵੋਟਿੰਗ ਪ੍ਰਕਿਰਿਆ, ਵੋਟਰ ਜਾਗਰੂਕਤਾ ਅਤੇ ਹੋਰ ਨਾਗਰਿਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਰ ਇੱਕ ਵੋਟ ਦੇਸ਼ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਇਸ ਉਪਰਾਂਤ ਸ੍ਰੀ ਮਨਜੀਤ ਮੈਨੀ, ਸਵੀਪ ਨੋਡਲ ਅਫ਼ਸਰ ਜਲੰਧਰ ਸੈਂਟਰਲ ਵੱਲੋਂ ਸਮਾਗਮ ਦੌਰਾਨ ਸਾਰੇ ਭਾਗੀਦਾਰਾਂ ਨੂੰ ਵੋਟਿੰਗ ਦੀ ਸਹੁੰ ਚੁਕਵਾਈ ਗਈ।
ਸਮਾਗਮ ਵਿੱਚ ਸ੍ਰੀਮਤੀ ਸਵਰਨਜੀਤ ਕੌਰ, ਅਸਿਸਟੈਂਟ ਪ੍ਰੋਫੈਸਰ ਕੇ.ਸੀ.ਐਲ. ਲਾਅ ਕਾਲਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜਗਜੀਤ ਕੌਰ, ਪ੍ਰਿੰਸੀਪਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਨੇ ਸਾਰੇ ਮਾਨਯੋਗ ਮਹਿਮਾਨਾਂ, ਵਕਤਾਵਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਸਮਾਗਮ ਨੌਜਵਾਨਾਂ ਵਿੱਚ ਲੋਕਤੰਤਰਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ।
ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਟ੍ਰੇਨੀ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਵੋਟਰ ਜਾਗਰੂਕਤਾ ਨਾਲ ਸੰਬੰਧਿਤ ਜਾਣਕਾਰੀ ਸਮੱਗਰੀ ਵੀ ਸਾਂਝੀ ਕੀਤੀ ਗਈ। ਕਾਲਜ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਕਾਰਜਕ੍ਰਮ ਆਯੋਜਿਤ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਰਾਜੇਸ਼ ਸ਼ਰਮਾ, ਸ੍ਰੀਮਤੀ ਰਮਨਪ੍ਰੀਤ ਕੌਰ, ਸ੍ਰੀਮਤੀ ਪ੍ਰਿਯੰਕਾ ਅਗਨੀਹੋਤਰੀ (ਅਸਿਸਟੈਂਟ ਪ੍ਰੋਫੈਸਰ) ਅਤੇ ਸ੍ਰੀਮਤੀ ਗੁਰਪ੍ਰੀਤ ਕੌਰ (ਲੈਕਚਰਾਰ ਅੰਗਰੇਜ਼ੀ) ਵੀ ਹਾਜ਼ਰ ਰਹੇ। ਸਮਾਗਮ ਦਾ ਅੰਤ ਰਾਸ਼ਟਰੀ ਵੋਟਰ ਦਿਵਸ ਦੇ ਸੰਦੇਸ਼ “ਹਰ ਵੋਟ—ਮਜ਼ਬੂਤ ਲੋਕਤੰਤਰ” ਨਾਲ ਕੀਤਾ ਗਿਆ।