ਬਰਨਾਲਾ ਦੇ ਕਿਸਾਨ ਦਾ ਜਜ਼ਬਾ: ਭਾਰਤ ਮਾਲਾ ਪ੍ਰੋਜੈਕਟ ਦੀ ਭੇਟ ਚੜ੍ਹ ਰਹੀ ਕੋਠੀ ਨੂੰ ਢਾਹੁਣ ਦੀ ਬਜਾਏ ਜੈੱਕਾਂ ਰਾਹੀਂ ਕੀਤਾ ਦੂਜੀ ਜਗ੍ਹਾ ਸ਼ਿਫਟ
ਕਮਲਜੀਤ ਸੰਧੂ
ਬਰਨਾਲਾ/ਸੰਧੂ ਕਲਾਂ 24 ਜਨਵਰੀ 2026: ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਸੁਪਨਿਆਂ ਦਾ ਘਰ ਬਣਾਉਣਾ ਹਰ ਇਨਸਾਨ ਦੀ ਇੱਛਾ ਹੁੰਦੀ ਹੈ। ਅਜਿਹੀ ਹੀ ਇੱਕ ਇੱਛਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਧੂ ਕਲਾਂ ਦੇ ਕਿਸਾਨ ਸੁਖਪ੍ਰੀਤ ਦੇ ਪਰਿਵਾਰ ਨੇ ਪੂਰੀ ਕੀਤੀ ਸੀ। ਅਜੇ ਘਰ ਦਾ ਕੰਮ ਚੱਲ ਹੀ ਰਿਹਾ ਸੀ ਕਿ ਉਨ੍ਹਾਂ 'ਤੇ ਇੱਕ ਵੱਡੀ ਬਿਪਤਾ ਆ ਪਈ।
ਦਰਅਸਲ, ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ (ਜੋ ਬਠਿੰਡਾ ਜ਼ਿਲ੍ਹੇ ਦੀ ਹੱਦ 'ਤੇ ਹੈ) ਵਿੱਚ ਕਿਸਾਨ ਸੁਖਪ੍ਰੀਤ ਨੇ ਸਾਲ 2017 ਵਿੱਚ ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਇੱਕ ਸ਼ਾਨਦਾਰ ਕੋਠੀ ਬਣਾਉਣੀ ਸ਼ੁਰੂ ਕੀਤੀ ਸੀ। ਸਾਲ 2021 ਵਿੱਚ ਪਰਿਵਾਰ ਨੂੰ ਨੋਟਿਸ ਮਿਲਿਆ ਕਿ ਉਨ੍ਹਾਂ ਦਾ ਇਹ ਘਰ ਭਾਰਤ ਮਾਲਾ ਪ੍ਰੋਜੈਕਟ ਦੇ ਜੈਪੁਰ-ਕਟੜਾ ਗ੍ਰੀਨ ਫੀਲਡ ਹਾਈਵੇਅ ਦੇ ਰਸਤੇ ਵਿੱਚ ਆ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਠੀ ਨੂੰ ਗਿਰਾਉਣ ਦੇ ਹੁਕਮ ਜਾਰੀ ਕਰ ਦਿੱਤੇ।
ਜਦੋਂ ਪ੍ਰਸ਼ਾਸਨਿਕ ਅਧਿਕਾਰੀ ਕੋਠੀ ਗਿਰਾਉਣ ਆਏ ਤਾਂ ਪਰਿਵਾਰ ਨੇ ਸਖ਼ਤ ਵਿਰੋਧ ਕੀਤਾ। ਘਰ ਬਚਾਉਣ ਲਈ ਪਰਿਵਾਰਕ ਮੈਂਬਰ ਹਾਈ-ਵੋਲਟੇਜ ਬਿਜਲੀ ਦੇ ਟਾਵਰਾਂ 'ਤੇ ਚੜ੍ਹ ਗਏ, ਜਿਸ ਕਾਰਨ ਡੇਢ ਮਹੀਨਾ ਪ੍ਰੋਜੈਕਟ ਰੁਕਿਆ ਰਿਹਾ। ਅਖੀਰ ਸਰਕਾਰੀ ਯੋਜਨਾ ਅੱਗੇ ਝੁਕਣਾ ਪਿਆ, ਪਰ ਸੁਖਪ੍ਰੀਤ ਆਪਣੇ ਸੁਪਨਿਆਂ ਦੇ ਘਰ ਨੂੰ ਟੁੱਟਦਾ ਨਹੀਂ ਦੇਖ ਸਕਦਾ ਸੀ। ਉਸ ਨੇ ਇੰਸਟਾਗ੍ਰਾਮ 'ਤੇ ਘਰ ਸ਼ਿਫਟ ਕਰਨ ਵਾਲੀ ਤਕਨੀਕ ਦੀ ਵੀਡੀਓ ਦੇਖੀ ਅਤੇ ਇੱਕ ਵੱਡਾ ਫੈਸਲਾ ਲਿਆ। ਕੋਠੀ ਨੂੰ ਢਾਹੁਣ ਦੀ ਬਜਾਏ ਕਿਸਾਨ ਨੇ ਇਸ ਨੂੰ ਜੈੱਕਾਂ ਦੀ ਮਦਦ ਨਾਲ ਸ਼ਿਫਟ ਕਰਨ ਦਾ ਉਪਰਾਲਾ ਸ਼ੁਰੂ ਕੀਤਾ। ਪਿਛਲੇ ਦੋ ਮਹੀਨਿਆਂ ਤੋਂ ਕੋਠੀ ਨੂੰ ਲਿਫਟ ਕਰਕੇ ਖਿਸਕਾਉਣ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ ਕੋਠੀ ਨੂੰ 115 ਫੁੱਟ ਪਿੱਛੇ ਖਿਸਕਾਇਆ ਜਾ ਚੁੱਕਾ ਹੈ ਅਤੇ ਅਜੇ ਇਸ ਨੂੰ 200 ਫੁੱਟ ਹੋਰ ਅੱਗੇ ਖੇਤਾਂ ਵੱਲ ਲੈ ਕੇ ਜਾਣਾ ਹੈ। ਇਸ ਕੰਮ 'ਤੇ ਕਿਸਾਨ ਦਾ ਕਰੀਬ 25 ਲੱਖ ਰੁਪਏ ਦਾ ਵਾਧੂ ਖਰਚਾ ਆ ਰਿਹਾ ਹੈ।
ਆਪਣੇ ਆਸ਼ਿਆਨੇ ਨੂੰ ਬਚਾਉਣ ਦੀ ਜੱਦੋਜਹਿਦ ਵਿੱਚ ਪੂਰਾ ਪਰਿਵਾਰ ਕੜਕਦੀ ਠੰਢ ਵਿੱਚ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੈ। ਕਿਸਾਨ ਨੇ ਆਪਣੀ ਕੋਠੀ ਦੇ ਕੋਲ ਹੀ ਕੱਚੀਆਂ ਕੰਧਾਂ ਬਣਾ ਕੇ ਪਲਾਸਟਿਕ ਦੀ ਤਿਰਪਾਲ ਦੇ ਸਹਾਰੇ ਤੰਬੂ ਲਗਾਇਆ ਹੈ। ਪਰਿਵਾਰ ਅਤੇ ਪਸ਼ੂ ਇਸੇ ਤੰਬੂ ਹੇਠ ਦਿਨ ਕੱਟ ਰਹੇ ਹਨ। ਕਿਸਾਨ ਸੁਖਪ੍ਰੀਤ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮਿਲਿਆ ਹੋਇਆ ਮੁਆਵਜ਼ਾ ਬਹੁਤ ਘੱਟ ਹੈ ਅਤੇ ਘਰ ਸ਼ਿਫਟ ਕਰਨ ਦੇ ਭਾਰੀ ਖਰਚੇ ਵਿੱਚ ਸਰਕਾਰ ਉਸਦੀ ਮਦਦ ਕਰੇ।