ਸ੍ਰੀ ਹਜ਼ੂਰ ਸਾਹਿਬ ਵਿਖੇ ਆਲੌਕਿਕ ਨਗਰ ਕੀਰਤਨ ਨਾਲ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਹੋਈ ਆਰੰਭਤਾ
ਨਾਂਦੇੜ ਦੇ ਮੋਦੀ ਮੈਦਾਨ ‘ਚ ‘ਕੇਸਰੀ’ ਰੰਗ ਨਾਲ ਸਜੇ ਅਦਭੁੱਤ ਤੇ ਅਥਾਹ ਸੁੰਦਰ ਪੰਡਾਲ ਅੰਦਰ ਉਮੜਿਆ ਸੰਗਤਾਂ ਦਾ ਜਨ-ਸੈਲਾਬ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਮੁੱਲੀ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਨਾਂਹ ਦੇ ਬਰਾਬਰ-ਸੰਤ ਗਿ.ਹਰਨਾਮ ਸਿੰਘ ਖਾਲਸਾ
ਸਾਡੇ ਗੁਰੂਆਂ ਦੀ ਸ਼ਹੀਦੀਆਂ ਲਾ-ਮਿਸਾਲ ਹਨ ਤੇ ਉਨ੍ਹਾਂ ਦੀਆਂ ਸ਼ਤਾਬਦੀਆਂ ਮਨਾਉਣ ਦਾ ਢੰਗ ਵੀ ਬੇਮਿਸਾਲ ਹੋਣਾ ਚਾਹੀਦਾ ਹੈ-ਮੁੱਖ ਮੰਤਰੀ ਮਾਨ
ਨਾਂਦੇੜ ਸਾਹਿਬ ਤੋਂ ਬਲਰਾਜ ਸਿੰਘ ਰਾਜਾ ਦੀ ਰਿਪੋਰਟ
ਨਾਂਦੇੜ ਸਾਹਿਬ , 24 Jan 2026- ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਨਾਏ ਜਾ ਰਹੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮੁੱਖ ਮੰਤਰੀ ਮਹਾਂਰਾਸ਼ਟਰ ਸ੍ਰੀ ਦੇਵੇਂਦਰ ਫੜਨਵੀਸ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਕਰਾਏ ਜਾ ਰਹੇ ਦੋ ਦਿਨਾਂ ਸ਼ਹੀਦੀ ਸਮਾਗਮਾਂ ਦੀ ਆਰੰਭਤਾ ਅੱਜ ਗੁਰੁਦਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਤੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਰਹਿਨੁਮਾਈ ਹੇਠ ਪੂਰੇ ਜਾਹੋ ਜਲਾਲ ਨਾਲ ਆਲੌਕਿਕ ਨਗਰ ਕੀਰਤਨ ਸਜਾ ਕੇ ਕੀਤੀ ਗਈ।
ਖੂਬਸੂਰਤ ਫੁੱਲਾਂ ਨਾਲ ਸ਼ਿੰਗਾਰੀ ਗੁਰੂ ਸਾਹਿਬ ਦੀ ਪਾਲਕੀ ਪਿੱਛੇ ਨਾਮ ਸਿਮਰਨ ਕਰ ਰਹੀਆਂ ਸੰਗਤਾਂ ਦੇ ਵੱਡੇ ਕਾਫਲੇ ਰੂਪੀ ਇਸ ਨਗਰ ਕੀਰਤਨ ਦੀ ਮੋਦੀ ਗਰਾੳਂਡ ਵਾਘਾਲਾ (ਨਾਂਦੇੜ) ਵਿਖੇ ਸਮਾਪਤੀ ਕਰਦੇ ਹੋਏ ਖੁੱਲ੍ਹੇ ਮੈਦਾਨ ‘ਚ ਖਾਲਸਾਈ ਰੰਗ ‘ਕੇਸਰੀ’ ਨਾਲ ਸਜੇ ਅਦਭੂੱਤ ਤੇ ਅਥਾਹ ਸੁੰਦਰ ਪੰਡਾਲ ਅੰਦਰ ਪੂਰੇ ਆਦਰ ਸਤਿਕਾਰ ਸਾਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਨ੍ਹਾਂ ਦੇ ‘ਆਸਣ’ ‘ਤੇ ਸੌਸ਼ਿਭਤ ਕੀਤਾ ਗਿਆ ਤੇ ਅਰਦਾਸ ਬੇਨਤੀ ਕੀਤੇ ਜਾਣ ਉਪਰੰਤ ਅੱਜ ਦੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ,ਜਿਸ ਦੌਰਾਨ ਪੰਡਾਲ ‘ਚ ਲੱਖਾਂ ਦੀ ਗਿਣਤੀ ‘ਚ ਜੁੜ ਬੈਠੀ ਸੰਗਤ ਨੂੰ ਪੰਥ ਪ੍ਰਸਿੱਧ ਕੀਰਤਨੀਏ ਤੇ ਹਜ਼ੂਰੀ ਰਾਗੀ ਜਥਿਆਂ ਦੀ ਮਧੁਰ ਤੇ ਰਸਭਿੰਨੀ ਆਵਾਜ਼ ‘ਚ ਰੂਹਾਨੀ ਤੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ।
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਕ ਹੋਣ ਤੋਂ ਬਾਅਦ ਅੱਜ ਦੇ ਸ਼ਹੀਦੀ ਸਮਾਗਮ ‘ਚ ਸ਼ਾਮਿਲ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ‘ਚ ਨਾਂਦੇੜ ਵਿਖੇ ਵਿਸ਼ਾਲ ਪੱਧਰ ‘ਤੇ ਮਨਾਏ ਜਾ ਰਹੇ ਸ਼ਤਾਬਦੀ ਸਮਾਗਮ ਦੀ ਜ਼ੋਰਦਾਰ ਪ੍ਰਸ਼ੰਸਾ ਕਰਦਿਆ ਕਿਹਾ ਕਿ ਜੇਕਰ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਲਾ-ਮਿਸਾਲ ਹਨ ਤਾਂ ਉਨ੍ਹਾਂ ਦੀਆਂ ਸ਼ਤਾਬਦੀਆਂ ਮਨਾਉਣ ਦਾ ਤਰੀਕਾ ਵੀ ਬੇਮਿਸਾਲ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਇਸ ਮਹਾਨ ਤੇ ਇਤਿਹਾਸਕ ਉਪਰਾਲੇ ਲਈ ਮਹਾਂਰਾਸ਼ਟਰ ਸਰਕਾਰ,ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਤੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਦੀ ਸਰਾਹਣਾ ਕੀਤੀ ,ਜਿੰਨ੍ਹਾਂ ਦੀ ਬਦੌਲਤ ਸਭ ਧਰਮ ਤੇ ਸਮਾਜ ਇਕ ਮੰਚ ‘ਤੇ ਇਕੱਤਰ ਹੋ ਕੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਨ।ਇਸਦੇ ਨਾਲ ਹੀ ਮੁੱਖ ਮੰਤਰੀ ਮਹਾਂਰਾਸ਼ਟਰਾ ਰਾਹਤ ਫੰਡ ਦੇ ਇੰਚਾਰਜ ਸ੍ਰੀ ਰਾਮੇਸ਼ਵਰ ਨਾਇਕ ,ਸੰਤ ਬਾਬਾ ਬਲਵਿੰਦਰ ਸਿੰਘ ਗੁਰਦਆਰਾ ਲੰਗਰ ਸਾਹਿਬ, ਸੰਤ ਬਾਬੂ ਸਿੰਘ ਮਹਾਰਾਜ ਔਰਾ ਦੇਵੀ ਮਹੰਤ ਬਣਜਾਰਾ ਸਮਾਜ,ਮਹੰਤ ਰਘੂਮੁਨੀ ਮਹਾਰਾਜ ਉਦਾਸੀਨ ਅਖਾੜਾ ਆਦਿ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆ ਦਮਦਮੀ ਟਕਸਾਲ ਤੇ ਤਖਤ ਸੀ ਹਜ਼ੂਰ ਸਾਹਿਬ ਦੇ ਵੱਡੇ ਉਪਰਾਲੇ ਸਦਕਾ ਮਹਾਂਰਾਸ਼ਟਰ ਸਰਕਾਰ ਵੱਲੋਂ 350 ਸਾਲਾ ਸ਼ਤਾਬਦੀ ਮੌਕੇ ਕਰਾਏ ਜਾ ਰਹੇ ਇੰਨ੍ਹਾਂ ਇਤਿਹਾਸਕ ਸਮਾਗਮਾਂ ਦੀ ਸ਼ਲਾਘਾ ਕੀਤੀ ਗਈ ।
ਸਮਾਗਮ ਦੌਰਾਨ ਗੁਰੂ ਸਾਹਿਬ ਨਾਲ ਸ਼ਹੀਦ ਹੋਏ ਸਿੰਘ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਵੀ ਨਮਨ ਕੀਤਾ ਗਿਆ।
ਇਸ ਮੌਕੇ ਸ਼ਤਾਬਦੀ ਸਮਾਗਮਾਂ ਲਈ ਵਿਸ਼ੇਸ਼ ਤੌਰ ‘ਤੇ ਗਠਿਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਸਮਾਗਮ ‘ਚ ਪੁੱਜੀਆਂ ਸਮੁੱਚੀਆਂ ਧਾਰਮਿਕ,ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਸਮੇਤ ਸਮੂਹ ਨਾਮ ਲੇਵਾ ਸੰਗਤਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੱਟੜਵਾਦੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਧਾਰਮਿਕ ਸੁਤੰਤਰਤਾ ਤੇ ਮਨੁੱਖੀ ਹੱਕਾਂ ਦੀ ਬਰਾਬਰੀ ਹਿੱਤ ਆਪਣਾ ਸੀਸ ਭੇਂਟ ਕੀਤਾ ਸੀ,ਜਿਸ ਲਈ ਉਨ੍ਹਾਂ ਦੀ ਇਹ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਸ਼ਹੀਦੀ ਵਜੋਂ ਪ੍ਰਵਾਨ ਹੈ ਤੇ ਅਜਿਹੀ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਨਾਂਹ ਦੇ ਬਰਾਬਰ ਹੈ।ਇਸ ਲਈ ਅੱਜ ਅਸੀਂ ਸਭ ਇਕੱਤਰ ਹੋ ਕੇ ਆਪਣੇ ਉਸ ਮਹਾਨ ਗੁਰੂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਪੂਰੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ।ਉਨ੍ਹਾਂ ਨੇ ਇਸ ਮਹਾਨ ਤੇ ਇਤਿਹਾਸਕ ਉਪਰਾਲੇ ਲਈ ਮਹਾਂਰਾਸ਼ਟਰ ਸਰਕਾਰ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਲਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਤੋਂ ਇਲਾਵਾ ਮਹਾਂਰਾਸ਼ਟਰ ਸੂਬੇ ‘ਚ ਵੱਸਦੇ ਸਿੱਖ ਸਮਾਜ ਦਾ ਅਹਿਮ ਹਿੱਸਾ ਲੁਬਾਣਾ,ਸਿੰਧੀ ,ਵਣਜਾਰਾ,ਸਿੱਕਲੀਗਰ, ਮੋਹੇਆਲ ਤੇ ਬਾਲਮੀਕੀ ਸਮਾਜ,ਭਗਤ ਨਾਮਦੇਵ ਜੀ ਸੰਪ੍ਰਦਾਇ ,ਉਦਾਸੀ ਸੰਤ ਸਮਾਜ ਤੇ ਹਜ਼ੂਰੀ ਖਾਲਸਾ ਤੋਂ ਮਿਲੇ ਵੱਡੇ ਸਾਥ ਲਈ ਉਨ੍ਹਾਂ ਦਾ ਦਿਲੀ ਧੰਨਵਾਦ ਵੀ ਕੀਤਾ।
ਇਸ ਮੀਟਿੰਗ ਦੌਰਾਨ ਸੰਤ ਬਾਬਾ ਰਾਮ ਸਿੰਘ ,ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਹਜ਼ੂਰ ਸਾਹਿਬ,ਸਿੰਘ ਸਾਹਿਬ ਗਿਆਨੀ ਗੁਰਮੀਤ ਸਿੰਘ,ਜਥੇਦਾਰ ਬਾਬਾ ਜੋਤਇੰਦਰ ਸਿੰਘ , ਵਿਜੇ ਸਤਬੀਰ ਸਿੰਘ ਚੇਅਰਮੈਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ,ਸੰਤ ਰਾਮ ਸਿੰਘ , ਸੰਤ ਬਾਬਾ ਬਲਵਿੰਦਰ ਸਿੰਘ ਗੁਰਦਆਰਾ ਲੰਗਰ ਸਾਹਿਬ, ਗਿਆਨੀ ਸੁਖਵਿੰਦਰ ਸਿੰਘ ਗ੍ਰੰਥੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਮੈਂਬਰ ਪਾਰਲੀਮੈਂਟ ਸ੍ਰੀ ਅਜੀਤ ਗੋਪਚੜ੍ਹੇ,ਬਾਬੂ ਸਿੰਘ ਮਹਾਰਾਜ,ਸ੍ਰੀ ਅਸ਼ੌਕ ਚੋਹਾਨ ਸਾਬਕਾ ਮੁੱਖ ਮੰਤਰੀ ਮਹਾਂਰਾਸ਼ਟਰ,ਕੈਬਨਿਟ ਮੰਤਰੀ ਗਿਰੀਸ਼ ਮਹਾਜਨ, ਭਾਈ ਜਸਕੀਰਤ ਸਿੰਘ,ਭਾਈ ਤ੍ਰਿਲੋਕ ਸਿੰਘ ਉਲਾਸ ਨਗਰ ਵਿਧਾਇਕ ਸ੍ਰੀ ਦਸ਼ਮੇਰ ਰਾਠੋੜ,ਵਿਧਾਇਕ ਸ਼੍ਰੀ ਜਯਾ ਚੌਹਾਨ, ਸੰਤ ਰਾਮ ਸਿੰਘ ਮਹਾਰਾਜ ਲੁਬਾਣਾ ਸਮਾਜ ,ਤੇਜਾ ਸਿੰਘ ਬਾਵਰੀ ਸ਼ਿਕਲੀਗਰ ਸਮਾਜ,ਮਲਕੀਤ ਸਿੰਘ ਬੱਲ, ਭਾਈ ਸੁਰਜੀਤ ਸਿੰਘ ਗਿੱਲ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ, ਚਰਨਜੀਤ ਸਿੰਘ ਹੈਪੀ ,ਗੁਰਮੀਤ ਸਿੰਘ ਖੋਖਰ, ਨਰਿੰਦਰ ਸਿੰਘ ਨਾਗਪੁਰ,ਗਿਆਨੀ ਸਾਹਬ ਸਿੰਘ,ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ ,ਮਹੰਤ ਸੁਰੇਸ਼ ਮਹਾਰਾਜ, ਮਹੰਤ ਮੋਹਨ ਲਾਲ ਸਾਈ, ਮਹੰਤ ਰਾਮ ਸਿੰਘ, ਮਹੰਤ ਪ੍ਰੇਮ ਸਿੰਘ, ਮਹੰਤ ਦਰਿਆ ਸਿੰਘ, ਮਹੰਤ ਸਾਧਵੀ ਮਾਇਆ ਦੇਵੀ ਤੇ ਮਹੰਤ ਕਬੀਰ ਦਾਸ ਮਹਾਰਾਜ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ।