ਵੱਡੀ ਖ਼ਬਰ: ਸਰਹਿੰਦ ਰੇਲਵੇ ਲਾਈਨ 'ਤੇ ਧਮਾਕਾ
DIG ਨੇ ਕਿਹਾ- ਅੱਤਵਾਦੀ ਹਮਲਾ ਕਹਿਣਾ ਜਲਦਬਾਜ਼ੀ, ਜਾਂਚ ਜਾਰੀ
Babushahi Network
ਸਰਹਿੰਦ/ਰੂਪਨਗਰ, 24 ਜਨਵਰੀ 2026: ਸਰਹਿੰਦ ਵਿੱਚ ਬੀਤੀ ਰਾਤ ਰੇਲਵੇ ਲਾਈਨ 'ਤੇ ਹੋਏ ਇੱਕ ਧਮਾਕੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਧਮਾਕੇ ਕਾਰਨ ਰੇਲ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਰੋਪੜ ਰੇਂਜ ਦੇ DIG ਨਾਨਕ ਸਿੰਘ ਨੇ ਦੱਸਿਆ ਕਿ ਇਹ ਧਮਾਕਾ ਬੀਤੀ ਰਾਤ ਲਗਭਗ 9 ਵੱਜ ਕੇ 50 ਮਿੰਟ 'ਤੇ ਹੋਇਆ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਡੀ.ਆਈ.ਜੀ. ਨਾਨਕ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਮਾਮੂਲੀ ਧਮਾਕਾ ਸੀ। ਜਦੋਂ ਉਨ੍ਹਾਂ ਤੋਂ ਅੱਤਵਾਦੀ ਹਮਲੇ ਦੇ ਖ਼ਦਸ਼ੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਨੂੰ 'ਅੱਤਵਾਦੀ ਹਮਲਾ' ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ। ਪੁਲਿਸ ਦਾ ਮੰਨਣਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਕਾਰਵਾਈ ਹੋ ਸਕਦੀ ਹੈ। ਨਾਨਕ ਸਿੰਘ ਨੇ ਦੱਸਿਆ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ-ਵੱਖ ਜਾਂਚ ਏਜੰਸੀਆਂ ਮੌਕੇ 'ਤੇ ਪਹੁੰਚ ਕੇ ਸਬੂਤ ਜੁਟਾ ਰਹੀਆਂ ਹਨ।
ਘਟਨਾ ਤੋਂ ਬਾਅਦ ਪੂਰੇ ਰੇਲਵੇ ਨੈੱਟਵਰਕ ਅਤੇ ਸਰਹਿੰਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਅਸਲ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਪੁਲਿਸ (GRP) ਅਤੇ ਸਥਾਨਕ ਪੁਲਿਸ ਆਪਸੀ ਤਾਲਮੇਲ ਨਾਲ ਕੰਮ ਕਰ ਰਹੀ ਹੈ।