ਗੁਰਦਾਸਪੁਰ: ਸਰਦੀਆਂ ਦੀ ਪਹਿਲੇ ਮੀਂਹ ਨੇ ਸਰਹੱਦੀ ਪਿੰਡਾਂ ਦੀ ਰੋਕੀ ਰਫਤਾਰ! ਮਕੌੜਾ ਪੱਤਣ ਦਾ ਪਲਟੂਨ ਪੁਲ ਰੁੜ੍ਹਿਆ
ਰੋਹਿਤ ਗੁਪਤਾ
ਗੁਰਦਾਸਪੁਰ 24 ਜਨਵਰੀ 2026- ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨੇ ਰਾਵੀ ਦਰਿਆ ਨੂੰ ਉਫਾਨ 'ਤੇ ਲਿਆ ਦਿੱਤਾ ਹੈ। ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਸਰਦੀਆਂ ਦੀ ਪਹਿਲੀ ਭਾਰੀ ਬਾਰਿਸ਼ ਨੇ ਹੀ ਮਕੌੜਾ ਪੱਤਣ ਦੇ ਪਾਰਲੇ ਪਾਸੇ ਵਸੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇੱਥੇ ਬਣਿਆ ਆਰਜੀ ਪਲਟੂਨ ਪੁਲ ਟੁੱਟ ਕੇ ਪਾਣੀ ਵਿੱਚ ਰੁੜ੍ਹ ਗਿਆ ਹੈ। ਇਸ ਹਾਦਸੇ ਕਾਰਨ 7 ਪਿੰਡਾਂ ਦਾ ਸੰਪਰਕ ਬਾਕੀ ਭਾਰਤ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਹੈ। ਲੋਕਾਂ ਦਾ ਆਉਣਾ-ਜਾਣਾ ਬੰਦ ਹੋਣ ਕਾਰਨ ਇਲਾਕੇ ਵਿੱਚ ਸਹਿਮ ਅਤੇ ਪਰੇਸ਼ਾਨੀ ਦਾ ਮਾਹੌਲ ਹੈ।
ਇਸ ਕਾਰਨ ਭਰਿਆਲ, ਮੱਮਿਆ, ਤੂਰ ਅਤੇ ਬਲੜੂਪੁਰ ਸਮੇਤ ਕੁੱਲ 7 ਪਿੰਡਾਂ ਦੇ ਲੋਕ ਕੈਦ ਹੋ ਕੇ ਰਹਿ ਗਏ ਹਨ। ਦੱਸਣਯੋਗ ਹੈ ਕਿ ਇਹਨਾਂ ਪਿੰਡਾਂ ਦੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ, ਜਿਸ ਕਾਰਨ ਇਹ ਪੁਲ ਹੀ ਉਹਨਾਂ ਲਈ ਦੇਸ਼ ਦੇ ਬਾਕੀ ਹਿੱਸੇ ਨਾਲ ਜੁੜਨ ਦਾ ਇਕੱਲਾ ਸਾਧਨ ਸੀ।
ਸਮੱਸਿਆਵਾਂ
ਸਕੂਲੀ ਬੱਚੇ ਪੜ੍ਹਨ ਲਈ ਸ਼ਹਿਰ ਨਹੀਂ ਜਾ ਪਾ ਰਹੇ। ਕਿਸੇ ਵੀ ਮੈਡੀਕਲ ਐਮਰਜੈਂਸੀ ਦੀ ਸੂਰਤ ਵਿੱਚ ਮਰੀਜ਼ ਨੂੰ ਹਸਪਤਾਲ ਪਹੁੰਚਾਉਣਾ ਨਾਮੁਮਕਿਨ ਹੋ ਗਿਆ ਹੈ। ਕਿਸਾਨ ਆਪਣੀਆਂ ਫ਼ਸਲਾਂ ਅਤੇ ਪਸ਼ੂਆਂ ਦੇ ਚਾਰੇ ਲਈ ਦਰਿਆ ਦੇ ਇਸ ਪਾਰ ਨਹੀਂ ਆ ਪਾ ਰਹੇ। ਬੇੜੀਆਂ (Boats) ਵੀ ਤੇਜ਼ ਵਹਾਅ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ।
ਪਿੰਡ ਵਾਸੀ ਰੋਹਿਤ, ਬਲਵਿੰਦਰ ਕੌਰ, ਨਿਰਮਲ ਸਿੰਘ, ਅਜੈਬ ਸਿੰਘ ਅਤੇ ਅਮਰੀਕ ਸਿੰਘ ਨੇ ਭਰੇ ਮਨ ਨਾਲ ਦੱਸਿਆ, "ਸਾਡੀ ਜ਼ਿੰਦਗੀ ਥੰਮ੍ਹ ਗਈ ਹੈ। ਬੱਚੇ ਘਰ ਬੈਠੇ ਹਨ, ਕੰਮਕਾਜ ਠੱਪ ਹੈ। ਜੇ ਕੋਈ ਬਿਮਾਰ ਹੋ ਜਾਵੇ ਤਾਂ ਅਸੀਂ ਉਸ ਨੂੰ ਮਰਨ ਲਈ ਛੱਡਣ ਲਈ ਮਜਬੂਰ ਹਾਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪੁਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇੱਥੇ ਪੱਕੇ ਪੁਲ ਦਾ ਪ੍ਰਬੰਧ ਕੀਤਾ ਜਾਵੇ।" ਹਾਲੇ ਬਾਰਿਸ਼ ਦਾ ਮੌਸਮ ਜਾਰੀ ਹੈ ਅਤੇ ਜੇਕਰ ਪਾਣੀ ਹੋਰ ਵਧਦਾ ਹੈ ਤਾਂ ਮੁਸ਼ਕਲਾਂ ਹੋਰ ਗੰਭੀਰ ਹੋ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਹਰਕਤ ਵਿੱਚ ਆਉਂਦਾ ਹੈ ਅਤੇ ਇਹਨਾਂ 7 ਪਿੰਡਾਂ ਦੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਂਦਾ ਹੈ।