ਸਰੀ ਵਿਚ ਐਮ ਪੀ ਅਮਨਦੀਪ ਸੋਢੀ ਦਾ ਨਿੱਘਾ ਸਨਮਾਨ, ਲੋਕੀ ਮੁੱਦਿਆਂ ’ਤੇ ਹੋਈ ਖੁੱਲ੍ਹੀ ਗੱਲਬਾਤ
ਹਰਦਮ ਮਾਨ
ਸਰੀ, 17 ਜਨਵਰੀ 2026-ਬਰੈਂਪਟਨ ਸੈਂਟਰਲ ਤੋਂ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਦੇ ਸਰੀ ਦੌਰੇ ਮੌਕੇ ਉਨ੍ਹਾਂ ਦਾ ਸਥਾਨਕ ਭਾਈਚਾਰੇ ਵੱਲੋਂ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਇਸ ਸਬੰਧੀ ਕਲੋਵਰਡੇਲ-ਲੈਂਗਲੀ ਲੋਕ ਸਭਾ ਹਲਕਾ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਲੱਧੜ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਮਾਣ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਨੇ ਮਿਲਾਪ ਅਤੇ ਵਿਚਾਰ-ਸਾਂਝ ਦਾ ਸੁਹਾਵਣਾ ਰੂਪ ਧਾਰਨ ਕੀਤਾ।
ਸਮਾਗਮ ਦੀ ਅਗਵਾਈ ਆਈਕ ਸੇਖੋਂ ਵੱਲੋਂ ਕੀਤੀ ਗਈ। ਇਸ ਮੌਕੇ ਨਵ ਚਾਹਲ, ਹਰਮਨ ਲੱਧੜ, ਬਲਦੇਵ ਸਿੰਘ ਲੱਧੜ, ਬਲਦੇਵ ਸਿੰਘ ਬਰਾੜ, ਕਾਕਾ ਸੇਖੋਂ, ਗਗਨਦੀਪ ਸਹੋਤਾ, ਮਨਕੀਰਤ ਬੱਲ ਅਤੇ ਮਨਿੰਦਰ ਘਾਰੂ ਸਮੇਤ ਕਈ ਪਤਵੰਤੇ ਹਾਜ਼ਰ ਰਹੇ। ਇਸ ਦੇ ਨਾਲ ਹੀ ਸੀ.ਫੇਸ ਸੰਸਥਾ ਦੇ ਮੈਂਬਰਾਂ ਅੰਮ੍ਰਿਤਪਾਲ ਸਿੰਘ ਢੋਟ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਲੱਧੜ, ਕੰਵਲਜੀਤ ਸਿੰਘ ਮਾਨਾਵਾਲਾ, ਸੰਦੀਪ ਧੰਜੂ ਅਤੇ ਸ੍ਰੀਕਾਂਤ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ।
ਇਸ ਮਿਲਣੀ ਦੌਰਾਨ ਹਾਜ਼ਰ ਲੋਕਾਂ ਵੱਲੋਂ ਕੈਨੇਡਾ ਦੇ ਮੌਜੂਦਾ ਰਾਜਨੀਤਕ ਹਾਲਾਤ, ਆਰਥਿਕ ਚੁਣੌਤੀਆਂ ਅਤੇ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ’ਤੇ ਐਮ ਪੀ ਅਮਨਦੀਪ ਸੋਢੀ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਲੋਕਾਂ ਨੇ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਇਹ ਆਵਾਜ਼ ਉੱਚ ਪੱਧਰ ਤੱਕ ਸੁਣੀ ਜਾਵੇਗੀ।
ਐਮ ਪੀ ਅਮਨਦੀਪ ਸੋਢੀ ਨੇ ਭਰੋਸਾ ਦਿਵਾਇਆ ਕਿ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ, ਖ਼ਾਸ ਕਰਕੇ ਸੁਰੱਖਿਆ ਵਰਗੇ ਗੰਭੀਰ ਮੁੱਦੇ, ਫੈਡਰਲ ਸਰਕਾਰ ਦੇ ਮੰਚ ਤੱਕ ਪਹੁੰਚਾਉਣ ਲਈ ਉਹ ਆਪਣੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਨੂੰ ਲੋਕਤੰਤਰ ਦੀ ਅਸਲੀ ਤਾਕਤ ਕਰਾਰ ਦਿੱਤਾ।
ਸਮਾਗਮ ਦੇ ਅੰਤ ਵਿੱਚ ਭੁਪਿੰਦਰ ਸਿੰਘ ਲੱਧੜ ਵੱਲੋਂ ਐਮ ਪੀ ਅਮਨਦੀਪ ਸੋਢੀ ਅਤੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਇਸ ਤਰ੍ਹਾਂ ਦੀਆਂ ਮਿਲਣੀਆਂ ਨੂੰ ਭਾਈਚਾਰੇ ਅਤੇ ਨੁਮਾਇੰਦਿਆਂ ਵਿਚਕਾਰ ਪੁਲ ਬਣਾਉਣ ਵਾਲੀਆਂ ਕਰਾਰ ਦਿੱਤਾ।