Babushahi Special ਹੜ੍ਹ ਪੀੜਤਾਂ ਦੇ ਹੱਕ ਵਿੱਚ ਹੇਕ: ਮੈਂ ਤੇ ਸੀਰੀ ਰੋਂਦੇ ਰਹੇ- ਜਦੋਂ ਖੇਤ ਦੀ ਬੋਲੀ ਲੱਗਦੀ ਰਹੀ
ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ 2025 : ਪੰਜਾਬ ਦੇ ਲੋਕ ਗਾਇਕ ਵੀ ਕੁਦਰਤ ਦੇ ਕਹਿਰ ਵਜੋਂ ਆਈ ਇਸ ਆਫਤ ਦੀ ਘੜੀ ਦੌਰਾਨ ਪ੍ਰਭਾਵਿਤ ਲੋਕਾਂ ਦੇ ਹੱਕ ਵਿੱਚ ਕੁੱਦੇ ਹਨ। ਨੌਜਵਾਨਾਂ ਦੇ ਆਈਕਾਨ ਹੋਣ ਕਾਰਨ ਇਸ ਨਾਲ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਜੁਟੀ ਨਵੀਂ ਪੀੜ੍ਹੀ ਨੂੰ ਵੱਡਾ ਉਤਸ਼ਾਹ ਮਿਲਿਆ ਹੈ। ‘ਦਿਲ ਲੈ ਗਈ ਕੁੜੀ ਗੁਜਰਾਤ ਦੀ ਸਮੇਤ ਹੋਰ ਕਈ ਗੀਤਾਂ ਨਾਲ ਮਕਬੂਲੀਅਤ ਹਾਸਲ ਕਰਨ ਵਾਲੇ ਜਸਬੀਰ ਜੱਸੀ ਨੇ ਅਜਨਾਲਾ ਇਲਾਕੇ ਅਤੇ ਗੁਰਦਾਸਪੁਰ ਜਿਲ੍ਹੇ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਪੀੜਤਾਂ ਦੀ ਸਹਾਇਤਾ ਕੀਤੀ ਹੈ। ਜੱਸੀ ਨੇ ਸੋਸ਼ਲ ਮੀਡੀਆ ਰਾਹੀਂ ਹੋਰਨਾਂ ਨੂੰ ਵੀ ਇਸ ਸੰਕਟ ਦੀ ਘੜੀ ਵਿੱਚ ਅੱਗੇ ਆਉਣ ਵੀ ਸੱਦਾ ਦਿੱਤਾ ਹੈ। ਜੱਸੀ ਆਖਦਾ ਹੈ ਕਿ ਉਹ ਗਾਇਕ ਮਗਰੋਂ ਅਤੇ ਪੰਜਾਬ ਦੀ ਧਰਤੀ ਦਾ ਪੁੱਤ ਪਹਿਲਾਂ ਹੈ । ਇਸੇ ਤਰਾਂ ਹੀ ਗਾਇਕ ਅਤੇ ਫਿਲਮ ਅਦਾਕਾਰ ਦਿਲਜੀਤ ਦੁਸਾਂਝ ਨੇ ਨਿਵੇਕਲੀ ਪਹਿਲਕਦਮੀ ਤਹਿਤ 10 ਪਿੰਡ ਗੋਦ ਲਏ ਹਨ।
ਦਿਲਜੀਤ ਨੇ ਹਾਲਾਤ ਢੁੱਕਵੇਂ ਹੋਣ ਤੋਂ ਬਾਅਦ ਇੰਨ੍ਹਾਂ ਪਿੰਡਾਂ ਵਿੱਚ ਮੁੜ ਵਸੇਬੇ ਦੀ ਲਹਿਰ ਚਲਾਉਣ ਦਾ ਐਲਾਨ ਕੀਤਾ ਹੈ। ਏਦਾਂ ਹੀ ਗਾਇਕ ਰਣਜੀਤ ਬਾਵਾ ਨੇ ਆਪਣੇ ਕੈਨੇਡਾ ਸ਼ੋਅ ਦੀ ਪਹਿਲੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਦੇ ਲੇਖੇ ਲਾਉਣ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਰਣਜੀਤ ਬਾਵਾ ਦਿੱਲੀ ਦੇ ਕਿਸਾਨੀ ਅੰਦੋਲਨ ਵੇਲੇ ਵੀ ਕਿਸਾਨਾਂ ਦੇ ਹੱਕ ’ਚ ਡਟਿਆ ਸੀ ਅਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਆਪਣੇ ਬੋਲ ਗੁੰਜਾਏ ਸਨ। ਗਾਇਕ ਬੱਬੂ ਮਾਨ ਨੇ ਕੈਨੇਡਾ ਦੇ ਵਿਨੀਪੈਗ ਵਿੱਚ ਹੋਣ ਵਾਲੇ ਆਪਣੇ ਪ੍ਰੋਗਰਾਮਾਂ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਲਈ ਦਾਨ ਕੀਤੀ ਹੈ। ਗਾਇਕ ਅਤੇ ਫਿਲਮ ਅਦਾਕਾਰ ਸਤਿੰਦਰ ਸਰਤਾਜ ਨੇ ਵੀ 500 ਪ੍ਰੀਵਾਰਾਂ ਲਈ ਇੱਕ ਮਹੀਨੇ ਦਾ ਰਸੋਈ ’ਚ ਵਰਤਿਆ ਜਾਣ ਵਾਲਾ ਰਾਸ਼ਨ ਭੇਜਿਆ ਹੈ। ਸਰਕਾਰੀ ਨੌਕਰੀ ਨੂੰ ਠੋਕਰ ਮਾਰਕੇ ਪੰਜਾਬੀ ਗਾਇਕੀ ’ਚ ਆਉਣ ਵਾਲਾ ਪੰਮੀ ਬਾਈ ਅੰਮ੍ਰਿਤਸਰ ਜਿਲ੍ਹੇ ਵਿੱਚ ਦਵਾਈਆਂ ਅਤੇ ਡਾਕਟਰ ਲੈਕੇ ਪੀੜਤਾਂ ਦੀ ਮਦਦ ਲਈ ਪੁੱਜਿਆ ਹੈ।
ਪੰਮੀ ਬਾਈ ਦਾ ਕਹਿਣਾ ਸੀ ਕਿ ਸੰਕਟ ਦੀ ਘੜ੍ਹੀ ਦੌਰਾਨ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਹਰੇਕ ਪੰਜਾਬੀ ਦਾ ਦਿਲ ਪਿਘਲਿਆ ਹੈ ਅਤੇ ਉਹ ਆਪਣਿਆਂ ਦੀ ਮਦਦ ਕਰਨ ਲਈ ਤਤਪਰ ਹੈ । ਪੰਜਾਬੀ ਗਾਇਕਾ ਸੁਨੰਦਾ ਸ਼ਰਮਾ, ਜੱਸ ਬਾਜਵਾ ਅਤੇ ਇੰਦਰਜੀਤ ਸਿੰਘ ਨਿੱਕੂ ਅਜਨਾਲਾ ਹਲਕੇ ਵਿੱਚ ਲੋਕਾਂ ਦੀ ਸਹਾਇਤਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇੰਨ੍ਹਾਂ ਗਾਇਕਾਂ ਨੇ ਪਾਣੀ ਉਤਰਨ ਤੋਂ ਬਾਅਦ ਹੜ੍ਹ ਪੀੜਤ ਪ੍ਰੀਵਾਰਾਂ ਦਾ ਮੁੜ ਵਸੇਬਾ ਯਕੀਨੀ ਬਨਾਉਣ ਲਈ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਗਾਇਕ ਹਰਜੀਤ ਹਰਮਨ ਨੇ ਤਾਂ ਰਾਤੋ ਰਾਤ ਦੋ ਕਿਸ਼ਤੀਆਂ ਪ੍ਰਭਾਵਿਤ ਇਲਾਕਿਆਂ ’ਚ ਭੇਜੀਆਂ ਹਨ। ਕਰਨ ਔਜਲਾ ਨੇ ਵੀ ਲੋਕਾਂ ਦੀ ਸਹਾਇਤਾ ਦਾ ਐਲਾਨ ਕੀਤਾ ਹੈ ਅਤੇ ਗਾਇਕ ਤਰਸੇਮ ਜੱਸੜ ਵੀ ਸੇਵਾ ’ਚ ਕੁੱਦਿਆ ਹੈ। ਇਹ ਗਾਇਕ ਆਖਦੇ ਹਨ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਜਿਸ ਕਰਕੇ ਪੰਜਾਬੀ ਇਸ ਨੂੰ ਆਪਣਾ ਦੁੱਖ ਮੰਨਦੇ ਹਨ।

ਨਾਮੀ ਗਾਇਕ ਗੁਰਦਾਸ ਮਾਨ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਦੇ ਯੋਗਦਾਨ ਦਾ ਐਲਾਨ ਕੀਤਾ ਹੈ ਜਦੋਂਕਿ 5 ਲੱਖ ਰੁਪਏ ਦੀਆਂ ਦਵਾਈਆਂ ਵੱਖਰੇ ਤੌਰ ਤੇ ਭੇਜੀਆਂ ਜਾਣੀਆਂ ਹਨ। ਗਾਇਕ ਰੇਸ਼ਮ ਅਨਮੋਲ ਤਾਂ ਜਦੋਂ ਹੜ੍ਹ ਪ੍ਰਭਾਵਿਤ ਇਲਾਕੇ ’ਚ ਪੁੱਜਾ ਤਾਂ ਹਾਲਾਤ ਦੇਖਕੇ ਭਾਵੁਕ ਹੋ ਗਿਆ। ਅਨਮੋਲ ਨੇ ਇਸ ਮੌਕੇ ਭੁੱਬਾਂ ਮਾਰਦੀ ਔਰਤ ਅਤੇ ਬਜ਼ੁਰਗ ਨੂੰ ਗਲੇ ਲਾਇਆ ਅਤੇ ਦਿਲਾਸਾ ਵੀ ਦਿੱਤਾ। ਇਹ ਗਾਇਕ ਆਖਦਾ ਹੈ ਕਿ ਉਸ ਨੇ ਆਪਣੀ ਜਿੰਦਗੀ ’ਚ ਤਬਾਹੀ ਦਾ ਇਹੋ ਜਿਹਾ ਮੰਜ਼ਰ ਦੇਖਣਾ ਤਾਂ ਦੂਰ ਸੁਣਿਆ ਵੀ ਨਹੀਂ ਸੀ। ਰੇਸ਼ਮ ਅਨਮੋਲ ਆਖਦਾ ਹੈ ਕਿ ਜੇਕਰ ਸਾਰੇ ਰਲ ਮਿਲਕੇ ਕੰਮ ਕਰਾਂਗੇ ਤਾਂ ਹੀ ਜਖਮ ਭਰ ਸਕਣਗੇ। ਗਾਇਕ ਐਮੀ ਵਿਰਕ ਨੇ ਆਪਣੀ ਤਰਫੋਂ ਢਹਿ ਢੇਰੀ ਹੋਏ 200 ਘਰਾਂ ਨੂੰ ਬਨਵਾਉਣ ਬਾਰੇ ਕਿਹਾ ਹੈ । ਮਸ਼ਹੂਰ ਗਾਇਕ ਆਰ ਨੇਤ ਵੀ ਆਪਣੇ ਵੱਡੇ ਕਾਫਲੇ ਸਮੇਤ ਪੀੜਤਾਂ ਨੂੰ ਖਾਣ ਪੀਣ ਦਾ ਸਮਾਨ ਵੰਡਕੇ ਆਇਆ ਹੈ।
ਫਿਲਮੀ ਅਦਾਕਾਰ ਗੁੱਗੂ ਗਿੱਲ ਨੇ ਵੀ ਪੰਜਾਬੀਆਂ ਨੂੰ ਹੜ੍ਹ ਪੀੜਤਾਂ ਦਾ ਸਹਾਰਾ ਬਣਨ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਜਦੋਂ ਸਾਡੇ ਬੱਚੇ ਅਤੇ ਬਜ਼ੁਰਗ ਛੱਤਾਂ ਤੇ ਭੁੱਖਣ ਭਾਣੇ ਬੈਠੇ ਹਨ ਤਾਂ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ। ਗੁੱਗੂ ਗਿੱਲ ਨੇ ਪ੍ਰਮਾਤਮਾ ਅੱਗੇ ਪੰਜਾਬ ਨੂੰ ਇਸ ਸੰਕਟ ਚੋਂ ਕੱਢਣ ਦੀ ਅਰਦਾਸ ਵੀ ਕੀਤੀ ਹੈ। ਗਾਇਕਾ ਕੌਰ ਬੀ, ਫਿਲਮ ਅਦਾਕਾਰਾ ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਨੇ ਵੀ ਹੜ੍ਹ ਪੀੜਤਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। ਏਦਾਂ ਹੀ ਫਿਲਮੀ ਅਤੇ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਇਸ ਯੱਗ ’ਚ ਆਹੁਤੀ ਪਾਉਣ ਲਈ ਗੁਰਦਾਸਪੁਰ ਜਿਲ੍ਹੇ ਦੇ ਪਿੰਡਾਂ ਤੱਕ ਸਹਾਇਤਾ ਅਤੇ ਪਸ਼ੂਆਂ ਦਾ ਚਾਰਾ ਲੈਕੇ ਉਡਾਰੀ ਮਾਰੀ ਹੈ। ਮਾਲਵੇ ਦੇ ਪ੍ਰਸਿੱਧ ਸ਼ਹਿਰ ਮੋਗਾ ਦੇ ਰਹਿਣ ਵਾਲੇ ਬਾਲੀਵੁੱਡ ਐਕਟਰ ਸੋਨੂੰ ਸੂਦ ਅਤੇ ਗਾਇਕ ਮਨਕੀਰਤ ਔਲਖ ਨੇ ਵੀ ਹੜ੍ਹ ਪੀੜਤਾਂ ਦੀ ਢੁੱਕਵੀਂ ਸਹਾਇਤਾ ਕਰਨ ਸਬੰਧੀ ਕਿਹਾ ਹੈ।
ਸ਼ਲਾਘਾਯੋਗ ਪਹਿਲ: ਅਲਬੇਲ ਬਰਾੜ
ਪ੍ਰਸਿੱਧ ਲੇਖਕ ਅਲਬੇਲ ਬਰਾੜ ਦਾ ਕਹਿਣਾ ਸੀ ਕਿ ਪੰਜਾਬੀ ਗਾਇਕਾਂ ਵੱਲੋਂ ਸੰਕਟ ਦੌਰਾਨ ਕੀਤੀ ਗਈ ਪਹਿਲ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਉਨ੍ਹਾਂ ਦਾ ਪੰਜਾਬੀਆਂ ਦੇ ਦੁੱਖ ਵੰਡਾਉਣਾ ਪੀੜਤਾਂ ਲਈ ਧਰਵਾਸ ਬੰਨ੍ਹਣ ਵਾਲਾ ਹੈ।