ਸ਼ਬਦਾਂ ਦੀ ਤਾਕਤ ਅਤੇ ਪ੍ਰੇਰਣਾ ਦਾ ਸਫ਼ਰ ਹੋ ਨਿਬੜਿਆ - ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਕਰਵਾਇਆ ਰੂਬਰੂ
ਫਗਵਾੜਾ : ਅੱਜ ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਿਸ਼ਨਰੀ ਆਗੂ ਅਤੇ ਸਾਹਿਤਕਾਰ ਸੋਹਣ ਸਹਿਜਲ ਅਤੇ ਅਧਿਆਪਕਾ ਤੇ ਕਵਿਤਰੀ ਸਿਮਰਤ ਕੌਰ ਨਾਲ "ਰੂਬਰੂ" ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਪ੍ਰਿੰ.ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਰਵਿੰਦਰ ਚੋਟ ,ਸੋਹਣ ਸਹਿਜਲ,ਸ਼੍ਰੀਮਤੀ ਸ਼ਕੁੰਤਲਾ ਸਹਿਜਲ ਅਤੇ ਸਿਮਰਤ ਕੌਰ ਨੇ ਸ਼ਿਰਕਤ ਕੀਤੀ। ਸੋਹਣ ਸਹਿਜਲ ਜੀ ਨੇ ਸਮੇਂ ਦੀ ਸੀਮਾ ਦਾ ਖ਼ਿਆਲ ਰੱਖਦਿਆਂ ਹੋਇਆਂ ਬਹੁਤ ਹੀ ਥੋੜ੍ਹੇ ਪਰ ਅਤਿ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਆਪਣੀ ਜੀਵਨ-ਯਾਤਰਾ, 30 ਤੋਂ ਵੱਧ ਕਿਤਾਬਾਂ ਦੇ ਲੇਖਨ,ਅਣਗਿਣਤ ਕਿਤਾਬਾਂ ਦੇ ਸੰਪਾਦਨ,ਸਮਾਜ ਲਈ ਸੰਸਥਾਵਾਂ ਦੀ ਅਹਿਮੀਅਤ, ਡਾ.ਅੰਬੇਡਕਰ ਦੇ ਵਿਚਾਰ,ਪ੍ਰਬੁੱਧ ਭਾਰਤ ਫਾਊਂਡੇਸ਼ਨ ਮੁਕਾਬਲੇ ਅਤੇ ਇਨਾਮ, ਸਮਾਜਿਕ ਕਮਜ਼ੋਰੀਆਂ ਤੇ ਸੁਧਾਰ ਆਦਿ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।ਉਹਨਾਂ ਨੇ ਸਮਾਜ ਦੀ ਭਲਾਈ ਵਿੱਚ ਸੰਸਥਾਵਾਂ ਦੇ ਅਹਿਮ ਰੋਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਇਕੱਲਾ ਵੱਡਾ ਕੰਮ ਨਹੀਂ ਕਰ ਸਕਦਾ,ਸੰਸਥਾਵਾਂ ਹੀ ਵੱਡੇ ਕੰਮ ਕਰਦੀਆਂ ਹਨ ਕਿਉਂਕਿ ਬੰਦੇ ਮੁੱਕ ਜਾਂਦੇ ਹਨ, ਪਰ ਸੰਸਥਾਵਾਂ ਰਹਿ ਜਾਂਦੀਆਂ ਹਨ। ਉਹਨਾਂ ਨੇ ਦੱਸਿਆ ਕਿ ਡਾ.ਅੰਬੇਡਕਰ ਦੇ ਵਿਚਾਰ ਹੀ ਉਹਨਾਂ ਲਈ ਪ੍ਰੇਰਣਾ ਦਾ ਸਰੋਤ ਹਨ।ਉਹ ਆਪਣੀ ਕਲਮ ਰਾਹੀਂ ਸਮਾਜ ਦੀਆਂ ਕਮਜ਼ੋਰੀਆਂ, ਵਹਿਮ-ਭਰਮ, ਜਾਤ-ਪਾਤ ਦੇ ਖਿਲਾਫ਼ ਲਿਖਣ ਦੀ ਕੋਸ਼ਸ਼ ਕਰਦੇ ਹਨ।ਕਿਤਾਬਾਂ, ਕਵਿਤਾਵਾਂ, ਲੇਖ—ਇਹ ਉਹਨਾਂ ਲਈ ਸਿਰਫ਼ ਲਿਖਤਾਂ ਨਹੀਂ, ਸਗੋਂ ਇਕ ਮਿਸ਼ਨ ਹੈ।ਉਹਨਾਂ ਦਾ ਮੰਨਣਾ ਹੈ ਕਿ ਸਿੱਖਿਆ, ਚਰਚਾ ਅਤੇ ਵਿਚਾਰ-ਵਟਾਂਦਰਾ ਹੀ ਉਹ ਹਥਿਆਰ ਹਨ,ਜਿਹਨਾਂ ਨਾਲ ਸਮਾਜ ਨੂੰ ਬਦਲਿਆ ਜਾ ਸਕਦਾ ਹੈ।ਬਾਬਾ ਸਾਹਿਬ ਦੇ ਉੱਚ ਵਿਚਾਰਾਂ ਨੂੰ ਅਸੀਂ ਚਰਚਾ ਵਿੱਚ ਲਿਆਈਏ, ਲੋਕਾਂ ਤੱਕ ਪਹੁੰਚਾਈਏ,ਇਹੀ ਸਮਾਜ ਨੂੰ ਬਦਲਣ ਲਈ ਸਾਡਾ ਅਸਲ ਹਥਿਆਰ ਹੈ।
ਮੈਡਮ ਸਿਮਰਤ ਮੈਡਮ ਨੇ ਸਰੋਤਿਆਂ ਨਾਲ਼ ਆਪਣੇ ਬਚਪਨ ਤੋਂ ਹੁਣ ਤੱਕ ਦੇ ਤਜਰਬੇ,ਚੁਣੌਤੀਆਂ,ਲਿਖਣ ਦੇ ਸਫ਼ਰ, ਪਰਿਵਾਰਕ ਮੁਲਾਂਕਣ ਤੇ ਪ੍ਰੇਰਣਾ,ਧੀਆਂ ਲਈ ਉੱਚੇ ਮੁਕਾਮ ਅਤੇ ਸੁਰੱਖਿਅਤ ਭਵਿੱਖ ਦੇ ਸਪਨੇ ਬੇਬਾਕੀ ਅਤੇ ਖੁੱਲ੍ਹੇ ਦਿਲ ਨਾਲ ਸਾਂਝੇ ਕੀਤੇ। ਉਹਨਾਂ ਨੇ ਔਰਤਾਂ ਨੂੰ ਸਾਫ਼ ਅਤੇ ਸਪੱਸ਼ਟ ਸੁਨੇਹਾ ਦਿੱਤਾ ਕਿ ਉਹ ਆਪਣੇ ਆਪ ਨੂੰ ਮਜ਼ਬੂਤ ਬਣਾਉਣ,ਸਿੱਖਣ,ਪੜ੍ਹਨ-ਲਿਖਣ ਅਤੇ ਆਪਣੇ ਬੱਚਿਆਂ ਖ਼ਾਸ ਤੌਰ 'ਤੇ ਧੀਆਂ ਲਈ ਉੱਚੇ ਮੁਕਾਮ ਸੋਚਣ। ਬੇਸ਼ੱਕ ਇਸ ਸਫ਼ਰ ਵਿੱਚ ਚੁਣੌਤੀਆਂ ਆਉਣਗੀਆਂ ਪਰ ਉਹ ਹੌਂਸਲੇ ਨਾਲ ਅੱਗੇ ਵਧਣ।ਇਹ ਜਜ਼ਬਾਤ ਸਾਰਿਆਂ ਲਈ ਬਹੁਤ ਹੀ ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਸਨ।
ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸੋਹਣ ਸਹਿਜਲ ਜੀ ਦੇ ਬੋਲ ਲੋਕਾਂ ਦੀ ਜ਼ਿੰਦਗੀ ਅਤੇ ਸਮਾਜਿਕ ਹਾਲਾਤ ਦੀ ਸਹੀ ਤਰਜਮਾਨੀ ਕਰਦੇ ਹਨ ਅਤੇ ਇਹਨਾਂ ਦੇ ਸ਼ਬਦ ਲੋਕਾਂ ਵਿੱਚ ਉਤਸ਼ਾਹ, ਉਮੀਦ ਅਤੇ ਸੋਚ ਪੈਦਾ ਕਰਦੇ ਹਨ।
ਸੰਸਥਾ ਵੱਲੋਂ ਸੋਹਣ ਸਹਿਜਲ ਅਤੇ ਸਿਮਰਤ ਕੌਰ ਨੂੰ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਕਮਲੇਸ਼ ਸੰਧੂ ਵੱਲੋਂ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਨੇ ਰੂਬਰੂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਜਿਹਨਾਂ ਵਿੱਚ ਪਰਵਿੰਦਰਜੀਤ ਸਿੰਘ, ਐਡਵੋਕੇਟ ਐੱਸ.ਐਲ.ਵਿਰਦੀ, ਮੈਡਮ ਬੰਸੋ ਦੇਵੀ, ਪ੍ਰਿਤਪਾਲ ਕੌਰ,ਰੇਸ਼ਮ ਲਾਲ, ਸ਼ਾਮ ਸਰਗੂੰਦੀ, ਜਸਵਿੰਦਰ ਫਗਵਾੜਾ, ਰਵਿੰਦਰ ਸਿੰਘ ਰਾਏ, ਮਾਸਟਰ ਸੁਖਦੇਵ,ਸੀਤਲ ਰਾਮ ਬੰਗਾ, ਮੋਹਨ ਆਰਟਿਸਟ, ਸੁਬੇਗ ਸਿੰਘ ਹੰਜਰਾਅ, ਆਸ਼ਾ ਅਰਮਾਨ, ਜਸ ਸਰੋਆ, ਕਰਮਜੀਤ ਸਿੰਘ ਸੰਧੂ, ਹਰਜਿੰਦਰ ਸਿੰਘ, ਬਲਦੇਵ ਰਾਜ ਕੋਮਲ, ਸੁਖਦੇਵ ਸਿੰਘ ਗੰਢਵਾਂ, ਬਚਨ ਗੁੜਾ, ਗੁਰਨੂਰ ਕੌਰ, ਅਰਸ਼ਜੋਤ ਕੌਰ ਸ਼ਾਮਲ ਸਨ।