ਇੰਡੀਗੋ ਸੰਕਟ ਜਾਰੀ, ਦਿੱਲੀ ਹਵਾਈ ਅੱਡੇ 'ਤੇ 100 ਤੋਂ ਵੱਧ ਉਡਾਣਾਂ ਰੱਦ; DGCA ਨੇ ਲਿਆ ਐਕਸ਼ਨ
ਨਵੀਂ ਦਿੱਲੀ, 7 ਨਵੰਬਰ 2025: ਦੇਸ਼ ਭਰ ਵਿੱਚ ਇੰਡੀਗੋ ਏਅਰਲਾਈਨਜ਼ ਦਾ ਸੰਕਟ ਅਜੇ ਵੀ ਖਤਮ ਨਹੀਂ ਹੋਇਆ ਹੈ, ਜਿਸਦਾ ਅਸਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ, ਅੱਜ (7 ਦਸੰਬਰ, 2025) ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਦੀਆਂ ਘੱਟੋ-ਘੱਟ 109 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
DGCA ਨੇ CEO ਅਤੇ COO ਨੂੰ ਜਾਰੀ ਕੀਤਾ ਨੋਟਿਸ
ਇਸ ਦੌਰਾਨ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਇਸ ਸਥਿਤੀ 'ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਸ਼ਨੀਵਾਰ ਨੂੰ ਇੰਡੀਗੋ ਦੇ ਸੀਈਓ (CEO) ਪੀਟਰ ਐਲਬਰਸ ਅਤੇ ਸੀਓਓ (COO) ਇਸਿਡਰੋ ਪੋਰਕੇਰਾਸ ਨੂੰ ਨੋਟਿਸ ਜਾਰੀ ਕੀਤਾ। ਨੋਟਿਸ ਵਿੱਚ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਇਸ ਸਮੱਸਿਆ 'ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।
ਇਹ ਸੰਕਟ ਪਿਛਲੇ ਛੇ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ਦੌਰਾਨ ਦੇਸ਼ ਭਰ ਵਿੱਚ ਇੰਡੀਗੋ ਦੀਆਂ ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਹਾਲਾਂਕਿ, ਇਹ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਰੱਦ ਹੋਈਆਂ ਉਡਾਣਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੈ ਅਤੇ ਸਥਿਤੀ ਨੂੰ ਆਮ ਵਾਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟਿਸ ਵਿੱਚ DGCA ਦੇ ਮੁੱਖ ਨੁਕਤੇ:
DGCA ਨੇ ਆਪਣੇ ਨੋਟਿਸ ਵਿੱਚ ਸਪੱਸ਼ਟ ਕੀਤਾ ਕਿ ਵਿਆਪਕ ਸੰਚਾਲਨ ਅਸਫਲਤਾਵਾਂ ਯੋਜਨਾਬੰਦੀ, ਨਿਗਰਾਨੀ ਅਤੇ ਸਰੋਤ ਪ੍ਰਬੰਧਨ ਵਿੱਚ ਵੱਡੀਆਂ ਕਮੀਆਂ ਨੂੰ ਦਰਸਾਉਂਦੀਆਂ ਹਨ। ਮੁੱਖ ਗੱਲਾਂ ਇਸ ਪ੍ਰਕਾਰ ਹਨ:
ਪ੍ਰਬੰਧਕੀ ਅਸਫਲਤਾ: DGCA ਨੇ ਕਿਹਾ ਕਿ ਸੀਈਓ ਹੋਣ ਦੇ ਨਾਤੇ, ਐਲਬਰਸ ਭਰੋਸੇਯੋਗ ਸੰਚਾਲਨ ਲਈ ਸਮੇਂ ਸਿਰ ਪ੍ਰਬੰਧ ਯਕੀਨੀ ਬਣਾਉਣ ਅਤੇ ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹਨ।
FDTL ਯੋਜਨਾ ਵਿੱਚ ਕਮੀ: ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਉਡਾਣਾਂ ਵਿੱਚ ਵਿਘਨ ਦਾ ਮੁੱਖ ਕਾਰਨ ਏਅਰਲਾਈਨ ਲਈ ਪ੍ਰਵਾਨਿਤ FDTL (ਫਲਾਈਟ ਡਿਊਟੀ ਸਮਾਂ ਸੀਮਾ) ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਢੁਕਵੇਂ ਪ੍ਰਬੰਧ ਨਾ ਕਰਨਾ ਹੈ।
ਸਰਕਾਰ ਵੱਲੋਂ ਸਥਿਤੀ ਦੀ ਸਮੀਖਿਆ
ਸ਼ਨੀਵਾਰ ਨੂੰ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਥਿਤੀ ਦੀ ਸਮੀਖਿਆ ਕੀਤੀ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਐਲਬਰਸ ਨਾਲ ਗੰਭੀਰ ਚਰਚਾ ਕੀਤੀ।
ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਾਂਚ ਕਮੇਟੀ ਦੇ ਨਤੀਜਿਆਂ ਦੇ ਆਧਾਰ 'ਤੇ, ਇੰਡੀਗੋ ਦੀਆਂ ਉਡਾਣਾਂ ਵਿੱਚ ਪਏ ਇਸ ਵਿਘਨ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।