ਸ਼੍ਰੋਮਣੀ ਅਕਾਲੀ ਦਲ ਨੇ ਸਦਭਾਵਨਾ ਦਿਵਸ ਵਜੋਂ ਮਨਾਇਆ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ
ਅਸ਼ੋਕ ਵਰਮਾ
ਲੰਬੀ, 8 ਦਸੰਬਰ 2025 ਜੇਕਰ ਸਵ: ਪਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਨਾ ਬਣਦੇ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੋਣਾ ਸੀ, ਕਿਉਂਕਿ ਪੰਜਾਬ ਅੰਦਰ ਇੰਸਟੀਚਿਊਟ, ਯੂਨੀਵਰਸਿਟੀਜ਼, ਆਦਰਸ਼ ਸਕੂਲ, ਦਾਣਾ ਮੰਡੀਆਂ, ਟਿਊਬਵੈਲਾਂ ਦੇ ਕੁਨੈਕਸਨ,ਕੱਸੀਆਂ, ਐਮਐਸਪੀ , ਗਰੀਬ ਵਰਗ ਲਈ ਆਟਾ ਦਾਲ ਸਕੀਮ, ਪੈਨਸ਼ਨ ਸਕੀਮਾਂ ਤੇ ਬੁਢਾਪਾ ਸਕੀਮ ਵਰਗੀਆਂ ਲੋਕ ਭਲਾਈ ਸਕੀਮਾਂ ਸਿਰਫ ਤੇ ਸਿਰਫ ਇਹ ਸਾਰੇ ਵਿਕਾਸ ਦੇ ਕੰਮ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਕਾਰਜ ਕਾਲ ਦੌਰਾਨ ਹੀ ਹੋਏ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਸਵ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ 98ਵੇਂ ਜਨਮ ਦਿਹਾੜੇ ਮੌਕੇ ਜੋ ਕਿ ਸਮੂਹ ਬਾਦਲ ਪਰਿਵਾਰ ਤੇ ਪਾਰਟੀ ਵੱਲੋਂ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਉਣ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਉਨ੍ਹਾਂ ਸਵ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਦੇ ਬੁੱਤ ਤੋਂ ਪਰਦਾ ਹਟਾਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਤੇ ਇਸ ਦੇ ਨਾਲ ਹੀ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਲਹਿਰਾਇਆ। ਇਸ ਵਕਤ ਉਨ੍ਹਾਂ ਦੇ ਨਾਲ ਬੀਬਾ ਹਰਸਿਮਰਤ ਕੌਰ ਬਾਦਲ, ਬੀਬਾ ਪਰਨੀਤ ਕੌਰ ਕੈਰੋਂ, ਮਨਪੀ੍ਰਤ ਸਿੰਘ ਬਾਦਲ, ਅਭੇ ਚੁਟਾਲਾ ਪ੍ਰਧਾਨ ਇਨੋਲੋ , ਸਮੂਹ ਬਾਦਲ ਪਰਿਵਾਰ ਦੇ ਮੈਂਬਰ ਤੇ ਸੀਨੀਅਰ ਅਕਾਲੀ ਲੀਡਰਸ਼ਿਪ ਮੌਜੂਦ ਸੀ। ਪਾਰਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ 5 ਸਾਲ ਸਵ: ਗਿਆਨੀ ਜੈਲ ਸਿੰਘ, ਸਵ: ਦਰਬਾਰਾ ਸਿੰਘ, ਸਵ: ਬੇਅੰਤ ਸਿੰਘ, ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਰੀਬ30 ਸਾਲਾਂ ਦਾ ਸਮਾਂ ਬਣਦਾ ਹੈ। ਇਨ੍ਹਾ ਵੱਖ ਵੱਖ ਮੁੱਖ ਮੰਤਰੀਆਂ ਦੇ ਸਹਿਯੋਗੀ ਆਮ ਲੋਕਾਂ ਨੂੰ ਦਾਅਵੇ ਤਾਂ ਵੱਡੇ ਵੱਡੇ ਕਰਦੇ ਹਨ ਕਿ ਉਕਤ ਮੁੱਖ ਮੰਤਰੀਆਂ ਦੇ ਰਾਜ ਵਿਚ ਆਹ ਹੋਇਆ ਓਹ ਹੋਇਆ, ਪਰ ਹਕੀਕਤ ਵਿਚ ਕੂਝ ਹੋਇਆ ਦਿਸਦਾ ਨਹੀਂਹੈ।
ਉਹਨਾਂ ਕਿਹਾ ਕਿ ਕਿਉਂਕਿ ਪੰਜਾਬ ਅੰਦਰ ਕਿਸਾਨਾਂ-ਮਜ਼ਦੂਰਾਂ ਤੇ ਮੁਲਾਜਮਾਂ ਤੇ ਛੋਟੇ ਵਰਗਾਂ ਦੇ ਜਿਹੜੇ ਵਿਕਾਸ ਦੇ ਕੰਮ ਸਾਬਕਾ ਮੁੱਖ ਮੰਤਰੀ ਸਵ: ਬਾਦਲ ਦੇ ਸਮੇਂ ਹੋਏ ਉਹ ਹੋਰ ਕਿਸੇ ਸਰਕਾਰ ਵਿਚ ਨਹੀਂ ਹੋਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਬੜੇ ਹੀ ਖੁਸ਼ਕਿਸਮਤ ਹਨ, ਕਿ ਉਹ ਸਵ: ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਹਨ, ਤੇ ਉਨ੍ਹਾਂ ਤੇ ਹੁਣ ਬਹੁਤ ਹੀ ਵੱਡੀ ਜਿੰਮੇਵਾਰੀ ਹੈ। ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਸਵ: ਸ੍ਰ: ਬਾਦਲ ਨੇ ਸ਼ਰੋਮਣੀ ਅਕਾਲੀ ਦਲ ਤੇ ਪੰਥ ਵਾਸਤੇ ਜਦੋਂ ਵੀ ਕੋਈ ਵੱਡੀ ਕੁਰਬਾਨੀ ਦੇਣੀ ਪਈ ਤਾਂ ਉਹ ਪਿੱਛੇ ਨਹੀਂ ਹਟੇ, ਕਿਉਂਕਿ ਉਹ ਜਿਹੜਾ ਵੀ ਫੈਸਲਾ ਲੈ ਲੈਂਦੇ ਸਨ, ਉਸ ਨੂੂੰ ਹਮੇਸਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਤੇ ਕੋਈ ਹੋਰ ਸਿਆਸੀ ਪਾਰਟੀ ਕਾਬਜ ਹੁੰਦੀ ਹੈ ਤਾਂ ਪੰਜਾਬ ਵਿਕਾਸ ਦੇ ਤੌਰ ਤੇ ਹੋਰ ਵੀ ਪਿੱਛੇ ਚਲਾ ਜਾਵੇਗਾ।
ਉਨ੍ਹਾਂ ਆਖਰ ਵਿਚ ਕਿਹਾ ਕਿ ਉਹ ਸਵ: ਪ੍ਰਕਾਸ ਸਿੰਘ ਬਾਦਲ ਵੱਲੋਂ ਪਾਏ ਪੂਰਨਿਆਂ ਤੇ ਚੱਲਦਿਆਂ ਪੰਜਾਬ, ਪਾਰਟੀ ਤੇ ਪੰਥ ਦੀ ਚੜ੍ਹਦੀਕਲਾ ਲਈ ਦਿਨ ਰਾਤ ਕੰਮ ਕਰਨਗੇ, ਕਿਉਂਕਿ ਪਾਰਟੀ,ਪੰਥ ਤੇ ਪੰਜਾਬ ਨੂੰ ਹਮੇਸਾ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਹੀ ਸਵ: ਸ੍ਰ: ਬਾਦਲ ਨੂੰ ਸੱਚੀ ਸਰਧਾਂਜਲੀ ਹੋਵੇਗੀ। ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਤਾਇਆ ਜੀ ਸਵ: ਪ੍ਰਕਾਸ ਸਿੰਘ ਬਾਦਲ ਬਚਪਨ ਤੋਂ ਦੇਸ ਤੇ ਕੌਮ ਦੀ ਤਰੱਕੀ ਲਈ ਸੋਚਦੇ ਰਹਿੰਦੇ ਸਨ, ਤੇ ਉਹ ਵਿਕਾਸ ਲਈ ਬਹੁਤ ਵੱਡੇ ਸੁਪਨੇ ਵੀ ਦੇਖਦੇ ਸਨ। ਸੁਪਨੇ ਤਾਂ ਭਾਵੇਂ ਸੁਪਨੇ ਹੀ ਹੁੰਦੇ ਹਨ, ਪਰੰਤੂ ਸਵ: ਬਾਦਲ ਨੇ ਆਪਣੇ ਮੁੱਖ ਮੰਤਰੀ ਕਾਲ ਦੌਰਾਨ ਪੰਜਾਬ ਅੰਦਰ ਵੱਡੇ ਵਿਕਾਸ ਦੇ ਕੰਮ ਕਰਵਾਕੇ ਆਪਣੇ ਕੁਝ ਸੁਪਨਿਆਂ ਨੂੰ ਜਰੂਰ ਪੂਰਾ ਕੀਤਾ।
ਮਨਪ੍ਰੀਤ ਬਾਦਲ ਨੇ ਵਿਸ਼ੇਸ ਤੌਰ ਤੇ ਜਿਕਰ ਕੀਤਾ ਕਿ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਚੀਨ ਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਦੇ ਸਾਹਮਣੇ ਕਦੇ ਵੀ ਝੁਕੇ ਨਹੀਂ, ਪਰੰਤੂ ਸਵ: ਸ੍ਰ: ਬਾਦਲ ਅਜਿਹੀ ਸਖ਼ਸੀਅਤ ਤੇ ਵਿਕਾਸ ਪੁਰਸ਼ ਸਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਈ ਮੌਕਿਆਂ ਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਦੇਖਦਿਆਂ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਕੇ ਅਸ਼ੀਰਵਾਦ ਲਿਆ। ਸਾਬਕਾ ਵਿਧਾਇਕ ਤੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਵ: ਬਾਦਲ ਜੋ ਵਾਅਦਾ ਕਰ ਲੈਂਦੇ ਸਨ, ਉਸ ਨੂੰ ਪੂਰਾ ਜਰੂਰ ਕਰਦੇ ਸਨ, ਉਹ ਸ੍ਰ: ਬਾਦਲ ਨਾਲ ਕਰੀਬ 50-55 ਸਾਲ ਕੰਮ ਕਰਦੇ ਰਹੇ, ਤੇ ਉਨ੍ਹਾਂ ਨੂੰ ਕਦੇ ਗੁੱਸੇ ਵਿਚ ਨਹੀਂ ਦੇਖਿਆ, ਕਿਉਂਕਿ ਉਨ੍ਹਾਂ ਦਾ ਸੁਭਾਅ ਬਹੁਤ ਸਰਲ ਤੇ ਸਹਿਜ ਸੀ।
ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਵ: ਸ੍ਰ: ਬਾਦਲ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਜੋ ਟਾਈਮ ਦੇ ਦਿੰਦੇ ਸਨ, ੳਸ ਤੋਂ ਵੀ ਕਰੀਬ 15 ਮਿੰਟ ਪਹਿਲਾਂ ਪਹੁੰਚਦੇ ਸਨ। ਇਸ ਦੇ ਨਾਲ ਹੀ ਬੋਲਦਿਆਂ ਇਨੋਲੋ ਦੇ ਪ੍ਰਧਾਨ ਅਭੇ ਚੋਟਾਲਾ ਨੇ ਕਿਹਾ ਕਿ ਸ੍ਰ: ਬਾਦਲ ਇਕ ਰਾਜਨੇਤਾ ਨਹੀਂ ਸਨ, ਉਹ ਤਾਂ ਤੁਰਦੀ ਫ਼ਿਰਦੀ ਇਕ ਸੰਸਥਾ ਸਨ। ਉਨ੍ਹਾਂ ਨੂੰ ਸਵ: ਬਾਦਲ ਨੂੰ ਮਿਲਣ ਦਾ ਕਈ ਵਾਰ ਮੌਕਾ ਮਿÇਲਿਆ, ਕਿਉਂਕਿ ਉਨ੍ਹਾਂ ਦੇ ਦਾਦਾ ਸਵ: ਚੌਧਰੀ ਦੇਵੀ ਲਾਲ ਤੇ ਸਵ: ਪ੍ਰਕਾਸ ਸਿੰਘ ਬਾਦਲ ਦਾ ਗਹਿਰਾ ਦੋਸਤਾਨਾ ਸੀ, ਉਹ ਹਮੇਸਾ ਕਿਸਾਨਾਂ ਮਜ਼ਦੂਰਾਂ ਦੀ ਤਰੱਕੀ ਲਈ ਹੀ ਸੋਚਦੇ ਰਹਿੰਦੇ ਸਨ। ਸ਼ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਵ: ਬਾਦਲ ਜਿਥੇ ਇਕ ਰਾਜਨੇਤਾ ਸਨ, ਉਥੇ ਉਹ ਆਪਣੇ ਰੁਝੇਵਿਆਂ ਵਿਚ ਵੀ ਰੋਜਾਨਾ ਪਵਿੱਤਰ ਗੁਰਬਾਣੀ ਦਾ ਪਾਠ ਕਰਨਾ ਨਹੀਂ ਭੁੱਲਦੇ ਸਨ।
ਉਹ ਆਪਣਿਆਂ ਦੇ ਨਾਲ ਨਾਲ ਖਾਸਕਰ ਸਿਆਸੀ ਵਿਰੋਧੀਆਂ ਤੇ ਛੋਟੇ ਵੱਡੇ ਵਰਕਰਾਂ ਦਾ ਬਰਾਬਰ ਸਤਿਕਾਰ ਕਰਦੇ ਸਨ।
ਕਾਮਰੇਡ ਆਗੂ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਦੀ ਯਾਦ ਨੂੰ ਤਾਜਾ ਕਰਨ ਵਾਸਤੇ ਜਿਹੜਾ ਬੁੱਤ ਬਾਦਲ ਪਰਿਵਾਰ ਵੱਲੋਂ ਅੱਜ ਇਥੇ ਲਾਇਆ ਗਿਆ ਹੈ, ਉਹ ਸਮੂਹ ਬਾਦਲ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਵ: ਬਾਦਲ ਵੱਲੋਂ ਆਪਣੀ ਸਰਕਾਰ ਦੌਰਾਨ ਜੋ ਪੰਜਾਬ ਦੇ ਵਿਕਾਸ ਲਈ ਕੰਮ ਕੀਤੇ ਹਨ,ਉਸ ਨੂੰ ਦੇਖਦਿਆਂ ਉਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ ਜੋਰ ਸੋਰ ਨਾਲ ਮਨਾਇਆ ਜਾਣਾ ਚਾਹੀਦਾ। ਸਟੇਜ ਦੀ ਸਾਰੀ ਕਾਰਵਾਈ ਦਲਜੀਤ ਸਿੰਘ ਚੀਮਾ ਪਾਰਟੀ ਦੇ ਜਨਰਲ ਸਕੱਤਰ ਨੇ ਚਲਾਈ। ਇਸ ਮੌਕੇ ਸਿੰਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ,ਪਰਮਜੀਤ ਸਿੰਘ ਸ਼ਰਨਾ, ਮਨਜੀਤ ਸਿੰਘ ਜੀਕੇ, ਗੁਰਚਰਨ ਸਿੰਘ ਗਰੇਵਾਲ ਅਤੇ ਸੋਹਨ ਸਿੰਘ ਠੰਡਲ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਹਾਜ਼ਰ ਸਨ।