Babushahi Special ਸੁਖਬੀਰ ਤੇ ਅਰਸ਼ੀ ਦੀ ਗੁਫਤਗੂ ਦੇ ਸਿਆਸੀ ਭਾਂਬੜਾਂ ਦੀ ਚੁੰਝ ਚਰਚਾ ਨੇ ਕੱਢਿਆ ਰਾਜਨੀਤੀ ਦਾ ਧੂੰਆਂ
ਅਸ਼ੋਕ ਵਰਮਾ
ਬਠਿੰਡਾ,7 ਦਸੰਬਰ 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਵਿਚਕਾਰ ਹੋਈ ਗੁਫਤਗੂ ਨੇ ਸਿਆਸੀ ਹਲਕਿਆਂ ’ਚ ਨਵੀਂ ਕਿਸਮ ਦੀ ਚੁੰਝ ਚਰਚਾ ਛੇੜ ਦਿੱਤੀ ਹੈ। ਅਰਸ਼ੀ ਬਾਦਲ ਪ੍ਰੀਵਾਰ ਦੀ ਨੂੰਹ ਤੇ ਅਕਾਲੀ ਦਲ ਦੇ ਪ੍ਰਧਾਨ ਦੀ ਪਾਰਲੀਮੈਂਟ ਮੈਂਬਰ ਧਰਮਪਤਨੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਬਠਿੰਡਾ ’ਚ ਪੈਂਦੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਰਹੇ ਹਨ ਜਿੰਨ੍ਹਾਂ ਦਾ ਬਠਿੰਡਾ ਮਾਨਸਾ ਜਿਲਿ੍ਹਆਂ ’ਚ ਚੋਖਾ ਪ੍ਰਭਾਵ ਹੈ। ਚਰਚਾ ਦੌਰਾਨ ਦਲਬਦਲੀ ਵਰਗਾ ਮੁੱਦਾ ਗਾਇਬ ਹੈ ਪਰ ਬਹੁਤੇ ਲੋਕ ਸ਼ਹਿਰੀ ਹਲਕੇ ਵਿੱਚ ਅਕਾਲੀ ਦਲ ਦੀ ਮੌਜੂਦਾ ਸਥਿਤੀ ਸਬੰਧੀ ਜਾਇਜਾ ਲੈਣ ਨਾਲ ਜੋੜਕੇ ਦੇਖ ਰਹੇ ਹਨ। ਸ਼ੁੱਕਰਵਾਰ ਨੂੰ ਦੋਵੇਂ ਸਿਆਸੀ ਧੁਨੰਤਰ ਮਿੱਤਲ ਗਰੁੱਪ ਵੱਲੋਂ ਏਮਜ਼ ਹਸਪਤਾਲ ’ਚ ਮਰੀਜਾਂ ਦੇ ਪ੍ਰੀਵਾਰਾਂ ਲਈ ਬਣਾਈ ਧਰਮਸ਼ਾਲਾ ਦੇ ਲੋਕ ਅਰਪਣ ਸਮਾਗਮ ’ਚ ਪੁੱਜੇ ਸਨ।
ਪੰਡਾਲ ’ਚ ਲੱਗੀਆਂ ਕੁਰਸੀਆਂ ਦੀ ਮੂਹਰੀ ਕਤਾਰ ’ਚ ਬੈਠੇ ਦੋਵੇਂ ਆਗੂ ਚੱਲਦੇ ਸਮਾਗਮ ਦੌਰਾਨ ਆਪਸ ’ਚ ਸਿਰ ਜੋੜ ਜੋੜ ਗੱਲ ਬਾਤ ਕਰਦੇ ਦਿਖਾਈ ਦਿੱਤੇ। ਇੱਕ ਦੋ ਵਾਰ ਤਾਂ ਇੰਜ ਜਾਪਿਆ ਜਿਵੇਂ ਕੋਈ ਗੰਭੀਰ ਮੁੱਦਾ ਵਿਚਾਰਿਆ ਜਾ ਰਿਹਾ ਹੋਵੇ। ਸੂਤਰ ਦੱਸਦੇ ਹਨ ਕਿ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਸ਼ਹਿਰੀ ਅਕਾਲੀ ਦਲ ਦੀ ਲੀਡਰਸ਼ਿਪ ’ਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਜਿਸ ਵਿੱਚ ਹਲਕਾ ਇੰਚਾਰਜ ਬਦਲਣਾ ਵੀ ਸ਼ਾਮਲ ਹੈ। ਪਿਛਲੀਆਂ ਚੋਣਾਂ ਦੌਰਾਨ ਸ਼੍ਰੋੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਇੱਕ ਆਗੂ ਦਾ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਮੁਤਾਬਕ ਦੋਵਾਂ ਸਿਆਸੀ ਮਹਾਂਰਥੀਆਂ ਵੱਲੋਂ ਮੂੰਹ ਜੋੜ ਜੋੜ ਇੰਜ ਗੰਭੀਰਤਾ ਪੂਰਵਕ ਗੱਲ ਕਰਨੀ ਸਹਿਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਇਹੋ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੀ ਲੀਡਰਸ਼ਿਪ ਸਬੰਧੀ ਚੁੱਪ ਚੁਪੀਤੇ ਖਿਚੜੀ ਪੱਕ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਆਪਣੇ ਪਿਤਾ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਂਗ ਕਿਸੇ ਕਿਸਮ ਦਾ ਕੋਈ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਹੋਣ। ਇਸ ਸਮਾਗਮ ’ਚ ਸ਼ਾਮਲ ਭਾਜਪਾ ਦੇ ਇੱਕ ਸੀਨੀਅਰ ਆਗੂ ਦਾ ਪ੍ਰਤੀਕਰਮ ਸੀ ਕਿ ਬੇਸ਼ੱਕ ਇਸ ਗੁਫਤੋਸ਼ਨੀਦ ਦਰਮਿਆਨ ਸੁਖਬੀਰ ਬਾਦਲ ਇੱਕ ਦੋ ਵਾਰ ਮੁਸਕਰਾਉਂਦੇ ਨਜ਼ਰ ਆਏ ਪਰ ਦੋਵਾਂ ਵਿਚਕਾਰ ਦਾ ਗੱਲਬਾਤ ਦਾ ਜਿਆਦਾਤਰ ਲਹਿਜਾ ਸੰਜ਼ੀਦਗੀ ਵਾਲਾ ਦਿਖਾਈ ਦਿੱਤਾ। ਪੰਜਾਬ ਦੀ ਸੱਤਾ ’ਤੇ ਇੱਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਗੰਭੀਰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਰਾਜਸੀ ਇਮਿਤਿਹਾਨ ਵਿਚੋਂ ਲੰਘਣਾ ਪੈ ਰਿਹਾ ਹੈ। ਬੇਸ਼ੱਕ ਤਰਨਤਾਰਨ ਜਿਮਨੀ ਚੋਣ ਦੌਰਾਨ ਦੂਸਰੇ ਸਥਾਨ ਤੇ ਰਹਿਣ ਕਾਰਨ ਬੇਜਾਨ ਪਈ ਪਾਰਟੀ ’ਚ ਜਾਨ ਪਈ ਹੈ ਪਰ ਪ੍ਰਧਾਨ ਪਾਰਟੀ ਨੂੰ ਪਹਿਲਾਂ ਦੀ ਤਰਾਂ ਦੇਖਣ ਦੇ ਰੌਂਅ ’ਚ ਦਿਖਾਈ ਦਿੰਦੇ ਹਨ।
ਇਹੋ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਅਹਿਮ ਸ਼ਖਸ਼ੀਅਤਾਂ ਨਾਲ ਸਲਾਹ ਮਸ਼ਵਰਾ ਕਰਨ ਦੀ ਮੁਹਿੰਮ ਵਿੱਢੀ ਗਈ ਹੈ। ਕਿਉਂਕਿ ਹਰਦੇਵ ਅਰਸ਼ੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਬੇਹੱਦ ਸਤਿਕਾਰ ਕਰਦੇ ਸਨ ਇਸ ਲਈ ਖੱਬੇ ਪੱਖੀ ਆਗੂ ਦੀ ਰਾਏ ਅਕਾਲੀ ਦਲ ਲਈ ਵਰਦਾਨ ਸਿੱਧ ਹੋ ਸਕਦੀ ਹੈ ਜਿਸ ਨੇ ਇੰਨ੍ਹਾਂ ਚਰਚਿਆਂ ਨੂੰ ਹਵਾ ਦਿੱਤੀ ਹੈ। ਗੌਰਤਲਬ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਛੱਡਣ ਤੋਂ ਬਾਅਦ ਸ਼ਹਿਰੀ ਅਕਾਲੀ ਦਲ ਲਗਾਤਾਰ ਸਿਆਸੀ ਡਿੱਕ ਡੋਲੇ ਖਾਂਦਾ ਆ ਰਿਹਾ ਹੈ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਜਿੱਥੋਂ ਦੀ ਸਰਦਾਰੀ ਹਾਸਲ ਕਰਨਾ ਸੁਖਬੀਰ ਨੇ ਮੁੱਖ ਟੀਚਾ ਹੈ। ਹਾਲਾਂਕਿ ਇਸੇ ਰਣਨੀਤੀ ਤਹਿਤ ਇੰਨ੍ਹਾਂ ਦਿਨਾਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਪੰਜਾਬ ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਪਰ ਬਾਦਲ ਪ੍ਰੀਵਾਰ ਲਈ ਬਠਿੰਡਾ ਦੀ ਵਿਸ਼ੇਸ਼ ਅਹਿਮੀਅਤ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਥਾਨਕ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਪਾਰਟੀ ਕਾਫੀ ਸਮੇਂ ਤੋਂ ਬਾਅਦ ਹੁਣ ਬਠਿੰਡਾ ਸ਼ਹਿਰੀ ਹਲਕੇ ’ਚ ਆਪਣੀਆਂ ਸਿਆਸੀ ਅੱਖਾਂ ਖੋਹਲਣ ਲੱਗੀ ਹੈ। ਜਦੋਂ ਉਨ੍ਹਾਂ ਤੋਂ ਕਿਸੇ ਬਦਲਾਅ ਦੀ ਸੰਭਾਵਨਾ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਰਾਜਨੀਤੀ ‘ਚ ਕਦੇ ਵੀ ਕੁੱਝ ਵੀ ਹੋ ਸਕਦਾ ਹੈ ਜਿਸ ਤੋਂ ਬਠਿੰਡਾ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਨੇ ਸਾਬਕਾ ਵਿਧਾਇਕ ਅਰਸ਼ੀ ਨਾਲ ਸਿਆਸੀ ਨਬਜ ਹੀ ਟੋਹੀ ਹੋ ਸਕਦੀ ਹੈ। ਯਾਦ ਰਹੇ ਕਿ ਬਠਿੰਡਾ ਤੋਂ 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਜਿੱਤੀ ਸੀ ਜਦੋਂਕਿ 2019 ਅਤੇ 2024 ’ਚ ਅਕਾਲੀ ਦਲ ਜਿੱਤਿਆ ਸੀ। ਸਾਲ 2012 ’ਚ ਅਕਾਲੀ ਦਲ ਜਿੱਤਿਆ ਸੀ ਜਦੋਂਕਿ ਸਾਲ 2017 ਅਤੇ 2022 ਦੌਰਾਨ ਅਕਾਲੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਸਿਆਸੀ ਗੱਲਬਾਤ ਨਹੀਂ: ਅਰਸ਼ੀ
ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਦਾ ਕਹਿਣਾ ਸੀ ਕਿ ਜਦੋਂ ਦੋ ਸਿਆਸੀ ਵਿਅਕਤੀ ਬੈਠਦੇ ਹਨ ਗੱਲਾਂ ਹੋਣੀਆਂ ਤਾਂ ਸੁਭਾਵਿਕ ਹੈ। ਉਨ੍ਹਾਂ ਦੱਸਿਆ ਕਿ ਨੂੰ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਸਿਆਸੀ ਗੱਲਬਾਤ ਨਹੀਂ ਹੋਈ ਬਲਕਿ ਦੋਵਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪਿੰਡ ਬਾਦਲ ’ਚ ਕਰਵਾਏ ਜਾ ਰਹੇ ਸਮਾਗਮ ਲਈ ਸੱਦਾ ਦਿੱਤਾ ਹੈ ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ ਹੈ।