ਹਾਕੀ ਨੂੰ ਬੁਲੰਦੀਆਂ ਵੱਲ ਲਿਜਾਣ ਵਿੱਚ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ ਦਾ ਵੱਡਾ ਯੋਗਦਾਨ : ਸੰਤ ਸੀਚੇਵਾਲ
*ਸੁਰਜੀਤ ਹਾਕੀ ਸਟੇਡੀਅਮ ਵਿਚ ਟੂਰਨਾਮੈਂਟ ਸ਼ੁਰੂ*
*ਸੰਤ ਸੀਚੇਵਾਲ ਨੇ ਭਾਰਤੀ ਹਾਕੀ ਦੇ ਸੁਨਿਹਰੀ ਯੁੱਗ ਨੂੰ ਕੀਤਾ ਯਾਦ*
ਜਲੰਧਰ,7 ਦਸੰਬਰ 2025- ਬਰਲਟਨ ਪਾਰਕ ਵਿੱਚ ਬਣੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 19ਵੇਂ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ ਦਾ ਉਦਘਾਟਨ ਕੀਤਾ। ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਕਾਰ ਮੁਕਾਬਲੇ ਦੀ ਸ਼ੁਰੂਆਤ ਸੰਤ ਸੀਚੇਵਾਲ ਨੇ ਬਾਲ ਨੂੰ ਹਿੱਟ ਮਾਰ ਕੇ ਕੀਤੀ। ਉਨ੍ਹਾਂ ਬਤੌਰ ਮੁੱਖ ਮਹਿਮਾਨ ਆਪਣੇ ਵਿਚਾਰਾਂ ਦੀ ਸਾਂਝ ਹਾਕੀ ਪ੍ਰੇਮੀਆਂ ਨਾਲ ਪਾਉਂਦਿਆਂ ਕਿਹਾ ਕਿ ਉਹ ਖੁਦ ਹਾਕੀ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ ਅਤੇ ਉਹ ਆਪ ਵੀ ਹਾਕੀ ਖੇਡਦੇ ਰਹੇ ਹਨ। ਕਪੂਰ ਪਰਿਵਾਰ ਵੱਲੋਂ ਹਰ ਸਾਲ ਕੌਮੀ ਪੱਧਰ ਦੇ ਕਰਵਾਏ ਜਾਂਦੇ ਇਸ ਹਾਕੀ ਟੂਰਨਾਮੈਂਟ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ 19 ਸਾਲਾਂ ਤੋਂ ਲਗਾਤਾਰ ਪੂਰੀ ਨਿਸ਼ਚੈ ਨਾਲ ਇਸ ਟੂਰਨਾਮੈਂਟ ਦੀ ਲਗਾਤਾਰਤਾ ਬਣਾਈ ਰੱਖਣੀ ਵੀ ਕਿਸੇ ਕਾਮਯਾਬੀ ਤੋਂ ਘੱਟ ਨਹੀਂ ਹੈ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਹਾਕੀ ਦੇ ਸੁਨਿਹਰੀ ਯੁੱਗ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਸਿਰਫ਼ ਘਾਹ ਦੇ ਮੈਦਾਨ ‘ਤੇ ਹਾਕੀ ਦੇ ਮੁਕਾਬਲੇ ਹੁੰਦੇ ਸਨ ਉਦੋਂ ਭਾਰਤੀ ਹਾਕੀ ਟੀਮ ਓਲੰਪਿਕ ਵਿੱਚ ਸੋਨੇ ਦੇ ਤਮਗੇ ਲਾਗਤਾਰ ਜਿੱਤ ਰਹੀ ਸੀ। ਅਜਿਹਾ ਦੌਰ ਵੀ ਰਿਹਾ ਜਦੋਂ ਹਾਕੀ ਟੀਮ ਵਿੱਚ ਅੱਠ ਖਿਡਾਰੀ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਹੀ ਹੁੰਦੇ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਵੀ ਪੇਂਡੂ ਇਲਾਕਿਆਂ ਵੱਲ ਤਰਜੀਹ ਦੇਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਖਿੱਤਿਆਂ ਵਿੱਚੋਂ ਬਿਹਤਰੀਨ ਖਿਡਾਰੀ ਨਿਕਲ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸੀਚੇਵਾਲ ਵਿੱਚ ਅਸਟ੍ਰੋ-ਟਰਫ਼ ਲੱਗੀ ਹੋਈ ਹੈ ਜਿਸ ਸਦਕਾ ਖਿਡਾਰੀਆਂ ਦਾ ਮਨੋਬਲ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਹਾਕੀ ਦੇ ਅਸਟ੍ਰੋ-ਟਰਫ਼ ਵਾਲੇ ਖੇਡ ਮੈਦਾਨ ਹੋਣੇ ਚਾਹੀਦੇ ਹਨ। ਪੰਜਾਬ ਦੇ ਵਾਤਾਵਰਣ ਬਾਰੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਜਿਸ ਦਾ ਮਨੁੱਖੀ ਸਿਹਤ ‘ਤੇ ਅਸਰ ਪੈਂਦਾ ਹੈ। ਇਸ ਪ੍ਰਦੂਸ਼ਣ ਕਾਰਨ ਖਿਡਾਰੀਆਂ ਦੀ ਖੇਡ ਵੀ ਪ੍ਰਭਾਵਿਤ ਹੁੰਦੀ ਹੈ। ਪੰਜਾਬ ਦੇ ਪਾਣੀਆਂ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅਜਿਹਾ ਸਮਾਂ ਵੀ ਰਿਹਾ ਹੈ ਜਦੋਂ ਪੰਜਾਬ ਦੇ ਪਾਣੀ ਦੁੱਧ ਤੋਂ ਵੀ ਵੱਧ ਤਾਕਤ ਵਾਲੇ ਹੁੰਦੇ ਸਨ। ਹੁਣ ਦੂਸ਼ਿਤ ਹੋ ਰਹੇ ਪਾਣੀ ਕੈਂਸਰ ਤੇ ਹੋਰ ਭਿਆਨ ਬੀਮਾਰੀਆਂ ਦਾ ਕਾਰਨ ਬਣਦੇ ਜਾ ਰਹੇ ਹਨ।
ਸੰਤ ਸੀਚੇਵਾਲ ਨੇ ਇਸ ਹਾਕੀ ਟੂਰਨਾਮੈਂਟ ਦਾ ਝੰਡਾ ਲਹਿਰਾ ਕੇ ਇਸ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖੇਡ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਹੀ ਖੇਡ ਮੈਦਾਨ ਵਿੱਚ ਉਤਰਣ ਲਈ ਪ੍ਰੇਰਿਆ।