ਗੁਰਵਿੰਦਰ ਨੌਸ਼ਿਹਰਾ ਪੰਨੂਆਂ ਦੀ ਸੰਗਰੂਰ ਜ਼ੇਲ੍ਹ ਵਿੱਚ ਹੋਈ ਮੌਤ ਦੀ ਪੜ੍ਹਤਾਲ ਹਾਈਕੋਰਟ ਦੇ ਜੱਜ ਦੁਆਰਾ ਹੋਵੇ – ਖਾਲੜਾ ਮਿਸ਼ਨ
- ਐਸ.ਪੀ. ਹਰਪਾਲ ਸਿੰਘ ਖਿਲਾਫ ਹੋਵੇ ਕਾਰਵਾਈ, ਮੋਹਾਲੀ ਅਦਾਲਤ ਦੇ ਫੈਸਲੇ ਨੇ ਫਿਰ ਸਾਬਿਤ ਕੀਤਾ ਅੱਤਵਾਦ ਕੌਣ – ਖਾਲੜਾ ਮਿਸ਼ਨ
ਸੰਗਰੂਰ, 8 ਅਗਸਤ 2025 - ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਸੰਗਰੂਰ ਜ਼ੇਲ੍ਹ ਵਿੱਚ ਹੋਈ ਗੁਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਦੀ ਮੌਤ ਦੀ ਪੜ੍ਹਤਾਲ ਹਾਈਕੋਰਟ ਦੇ ਮੋਜੂਦਾ ਜੱਜ ਕੋਲੋਂ ਕਰਾਏ ਜਾਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਪ੍ਰੀਵਾਰ ਨੇ ਜ਼ੇਲ੍ਹ ਵਿਭਾਗ ਦੀ ਖੁਦਕੁਸ਼ੀ ਦੀ ਕਹਾਣੀ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੀਵਾਰ ਨੇ ਦੱਸਿਆ ਹੈ ਕਿ ਲੰਬੇ ਸਮੇਂ ਤੋਂ ਉਨ੍ਹਾਂ ਦਾ ਪੁੱਤਰ ਖਦਸਾ ਪ੍ਰਗਟ ਕਰ ਰਿਹਾ ਸੀ ਕਿ ਉਸ ਨੂੰ ਮਾਰ ਦਿੱਤਾ ਜਾਵੇਗਾ, ਜ਼ਾਲਮਾਂ ਨੇ ਸੱਚ ਕਰ ਵਿਖਾਇਆ ਹੈ। ਜਥੇਬੰਦੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਘਰੇਲੂ ਹਲਕੇ ਵਿੱਚ ਪੈਂਦੀ ਜ਼ੇਲ੍ਹ ਵਿੱਚ ਇਹ ਭਾਣਾ ਵਾਪਰਨਾ ਤੇ ਕੋਈ ਨਿਰਪੱਖ ਪੜ੍ਹਤਾਲ ਨਾ ਕਰਾਉਣੀ ਹੋਰ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਜ਼ੇਲ੍ਹ ਵਿੱਚ ਮਾਰਿਆ ਗਿਆ ਨੌਜਵਾਨ ਜ਼ੇਲ੍ਹ ਮੰਤਰੀ ਦੇ ਆਪਣੇ ਹਲਕੇ ਦੇ ਨੌਸ਼ਿਹਰਾ ਪੰਨੂਆਂ ਦਾ ਵਸਨੀਕ ਹੈ ਪਰ ਜ਼ੇਲ੍ਹ ਮੰਤਰੀ ਅਜੇ ਤੱਕ ਇਸ ਮਾਮਲੇ ਬਾਰੇ ਕੁਝ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਹਿਲੀਆਂ ਸਰਕਾਰਾਂ ਵਾਂਗ ਝੂਠੇ ਮੁਕਾਬਲੇ ਬਣਾਉਣ ਤੇ ਜ਼ੇਲ੍ਹਾਂ ਵਿੱਚ ਕਤਲ ਕਰਾਉਣ ਦਾ ਰਾਹ ਫੜ੍ਹ ਲਿਆ ਹੈ। ਪੰਜਾਬ ਦੇ ਲੋਕ ਇਸ ਸਰਕਾਰ ਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਈ ਅੰਮ੍ਰਿਤਪਾਲ ਸਿੰਘ ਐਮ.ਪੀ. ਖਡੂਰ ਸਾਹਿਬ ਦੇ ਮਾਤਾ ਜੀ ਤੇ ਹੋਰ ਬੀਬੀਆਂ ਨਾਲ ਪੇਸ਼ੀ ਮੌਕੇ ਤੇ ਐਸ.ਪੀ. ਹਰਪਾਲ ਸਿੰਘ ਅੰਮ੍ਰਿਤਸਰ ਵੱਲੋਂ ਕੀਤੀ ਗਈ ਬਦਤਮੀਜੀ ਨਾ ਬਰਦਾਸ਼ਤਯੋਗ ਹੈ। ਪੰਜਾਬ ਦੇ ਲੋਕ ਪੰਜਾਬ ਦੀ ਪੁਲੀਸ ਦੁਆਰਾ ਕੀਤੀਆਂ ਧੀਆਂ-ਭੈਣਾਂ ਦੀਆਂ ਬੇਪੱਤੀਆਂ ਨਹੀਂ ਭੁੱਲੇ। ਪੰਜਾਬ ਸਰਕਾਰ ਤੁਰੰਤ ਇਸ ਅਧਿਕਾਰੀ ਨੂੰ ਨੌਕਰੀ ਤੋਂ ਡਿਸਮਿਸ ਕਰੇ।
ਉਨ੍ਹਾਂ ਕਿਹਾ ਕਿ ਬੀਤੇ ਦਿਨ ਮੋਹਾਲੀ ਅਦਾਲਤ ਵਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀ 5 ਪੁਲੀਸ ਅਧਿਕਾਰੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ ਨੇ ਸਾਬਤ ਕਰ ਦਿੱਤਾ ਹੈ ਕਿ ਅੱਤਵਾਦ ਕੌਣ ਸਨ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ, ਆਰ.ਐਸ.ਐਸ., ਆਮ ਆਦਮੀ ਪਾਰਟੀ ਝੂਠੇ ਮੁਕਾਬਲਿਆਂ ਦੇ ਹਾਮੀ ਮੂੰਹ ਛੁਪਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਸ਼ਟਾਂ ਨੂੰ ਮਿਲ ਰਹੀਆਂ ਸਜ਼ਾਵਾਂ ਭਾਵੇਂ ਭਾਈ ਜਸਵੰਤ ਸਿੰਘ ਖਾਲੜਾ ਦੀ ਮਹਾਨ ਸ਼ਹਾਦਤ ਕਾਰਨ ਹੋ ਰਹੀਆਂ ਹਨ, ਪਰ ਇਸ ਕੇਸ ਜਿਸ ਵਿੱਚ ਤਿੰਨ ਐਸ.ਪੀ.ਓਜ਼ ਵੀ ਪਾਪੀਆਂ ਨੇ ਝੂਠੇੇ ਮੁਕਾਬਲੇ ਵਿਚ ਖਤਮ ਕੀਤੇ ਸਨ ਦਾ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਨਿਡਰ ਹੋ ਕੇ ਕੀਤਾ ਗਿਆ ਪੋਸਟ ਮਾਰਟਮ ਤੇ ਅਦਾਲਤ ਵਿੱਚ ਦਿੱਤੀ ਗਈ ਗਵਾਹੀ ਸਿੱਖੀ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਸੱਚ ਨਾਲ ਖਲੋਕੇ ਆਪਣਾ ਜੀਵਨ ਸਫਲਾ ਕਰ ਲਿਆ ਹੈ। ਜਦੋਂ ਕਿ ਉਸ ਸਮੇਂ ਉੱਚੀ ਸਾਹ ਲੈਣਾ ਵੀ ਗੁਨਾਹ ਸੀ ਡਾਕਟਰ ਸੋਹਲ ਨੇ ਦੁਸ਼ਟਪੁਣੇ ਨੂੰ ਨੰਗਿਆਂ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀ ਠਹਿਰਾਏ ਗਏ ਮੁਲਾਜ਼ਮਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਪੀੜ੍ਹਤ ਪਰਿਵਾਰਾਂ ਵਿੱਚ ਵੰਡੀਆਂ ਜਾਣ ।