ਜ਼ਿਲ੍ਹਾ ਪ੍ਰਸ਼ਾਸਨ ਨੇ ਈ-ਰਿਕਸ਼ਾ ਲਈ 'ਇੱਕ ਕਦਮ ਸੁਰੱਖਿਆ ਵੱਲ' ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
ਟਰਾਂਸਪੋਰਟ ਵਿਭਾਗ ਵੱਲੋਂ ਹਰ ਈ-ਰਿਕਸ਼ਾ ਨੂੰ ਯੂਨੀਕ ਆਈ.ਡੀ. ਦੇ ਸਟਿੱਕਰ ਲਗਾਏ ਜਾਣਗੇ
ਰੋਹਿਤ ਗੁਪਤਾ
ਗੁਰਦਾਸਪੁਰ, 05 ਅਗਸਤ
ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਈ-ਰਿਕਸ਼ਾ ਵਿੱਚ ਸਫ਼ਰ ਦੌਰਾਨ ਨਾਗਰਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 'ਇੱਕ ਕਦਮ ਸੁਰੱਖਿਆ ਵੱਲ' ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਡਾ. ਆਦਿੱਤਯ ਸ਼ਰਮਾ, ਆਰ.ਟੀ.ਓ. ਗੁਰਦਾਸਪੁਰ ਸ੍ਰੀਮਤੀ ਨਵਜੋਤ ਸ਼ਰਮਾ ਵੱਲੋਂ 'ਇੱਕ ਕਦਮ ਸੁਰੱਖਿਆ ਵੱਲ' ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਪੁਰਾਣੇ ਬੱਸ ਅੱਡੇ ਗੁਰਦਾਸਪੁਰ ਤੋਂ ਕੀਤੀ ਗਈ।
ਇਸ ਮੌਕੇ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਬੀਤੇ ਦਿਨਾਂ ਵਿੱਚ ਸ਼ਹਿਰ ਗੁਰਦਾਸਪੁਰ ਵਿੱਚ ਹੋਈਆਂ ਕੁੱਝ ਅਣਸੁਖਾਵੀਂਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਾਗਰਿਕਾਂ ਦਾ ਸਫ਼ਰ ਈ-ਰਿਕਸ਼ਾ ਵਿੱਚ ਸੁਰੱਖਿਅਤ ਬਣਾਉਣ ਹਿਤ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਗੁਰਦਾਸਪੁਰ ਵੱਲੋਂ ਹਰ ਈ-ਰਿਕਸ਼ਾ ਨੂੰ ਇੱਕ ਲੜੀ ਨੰਬਰ ਅਲਾਟ ਕੀਤਾ ਗਿਆ ਹੈ। ਉਕਤ ਲੜੀ ਨੰਬਰ ਦੀ ਅਲਾਟਮੈਂਟ ਲਈ ਈ-ਰਿਕਸ਼ਾ ਦਾ ਰਜਿਸਟਰਡ ਹੋਣਾ ਜ਼ਰੂਰੀ ਹੈ ਅਤੇ ਇਸ ਨੰਬਰ ਦਾ ਰਿਕਾਰਡ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਗੁਰਦਾਸਪੁਰ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਈ-ਰਿਕਸ਼ਾ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਰਜਿਸਟਰਡ ਈ-ਰਿਕਸ਼ਾ ਚਾਲਕਾਂ ਦੀ ਪਹਿਚਾਣ ਕਰਨੀ ਅਸਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਰਜਿਸਟਰਡ ਈ-ਰਿਕਸ਼ਾ ਨੂੰ ਮੁਹੱਈਆ ਕਰਵਾਏ ਜਾ ਰਹੇ ਨੰਬਰ ਸਟਿੱਕਰ 'ਤੇ ਕਿਸੇ ਵੀ ਸ਼ਿਕਾਇਤ ਜਾਂ ਸਹਾਇਤਾ ਲਈ ਨਾਗਰਿਕਾਂ ਨੂੰ ਇੱਕ ਹੈਲਪ ਲਾਈਨ ਨੰਬਰ 86998-47996 ਵੀ ਮੁਹੱਈਆ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਈ-ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਈ-ਰਿਕਸ਼ਾ ਦੀ ਆਰ.ਸੀ. ਬਣਾਉਣ ਤੋਂ ਇਲਾਵਾ ਡਰਾਈਵਿੰਗ ਲਾਇਸੰਸ ਜ਼ਰੂਰ ਬਣਾਉਣ ਅਤੇ ਇਸ ਤੋਂ ਬਾਅਦ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਗਏ ਨੰਬਰ ਦਾ ਸਟਿੱਕਰ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈ-ਰਿਕਸ਼ਾ ਚਾਲਕਾਂ ਦੇ ਲਾਇਸੰਸ ਅਤੇ ਆਰ.ਸੀ. ਬਣਾਉਣ ਲਈ ਆਰ.ਟੀ.ਓ ਦਫ਼ਤਰ ਵਿੱਚ ਵਿਸ਼ੇਸ਼ ਡੈਸਕ ਸਥਾਪਤ ਕੀਤਾ ਜਾਵੇਗਾ ਅਤੇ ਨਾਲ ਹੀ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦਾ ਈ-ਰਿਕਸ਼ਾ ਚਾਲਕਾਂ ਅਤੇ ਸਵਾਰੀਆਂ ਦੀ ਸੁਰੱਖਿਆ ਲਈ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਚਾਲਕਾਂ ਦਾ ਰੁਜ਼ਗਾਰ ਵਧੀਆ ਢੰਗ ਨਾਲ ਚੱਲੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਈ-ਰਿਕਸ਼ਾ ਨੂੰ ਮੁਫ਼ਤ ਯੂਨੀਕ ਨੰਬਰ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਈ-ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਆਪਣੇ ਈ-ਰਿਕਸ਼ਾ ਉੱਪਰ ਇਹ ਸਟਿੱਕਰ ਲਗਵਾ ਲੈਣ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਤੇ ਸਹੂਲਤ ਦਾ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਚਾਲਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਗੁਰਦਾਸਪੁਰ ਸ਼ਹਿਰ ਵਿੱਚ 06 ਅਗਸਤ 2025 ਤੋਂ ਬਾਅਦ ਕੇਵਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਸਟਿੱਕਰ ਲੜੀ ਨੰਬਰ ਵਾਲੇ ਈ-ਰਿਕਸ਼ੇ 'ਤੇ ਹੀ ਸਫ਼ਰ ਕੀਤਾ ਜਾਵੇ। ਉਨ੍ਹਾਂ ਈ-ਰਿਕਸ਼ਾ ਚਾਲਕਾਂ ਨੂੰ ਇਸ ਮੁਹਿੰਮ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਈ-ਰਿਕਸ਼ਾ ਮਾਲਕਾਂ ਵੱਲੋਂ ਆਪਣੇ ਈ-ਰਿਕਸ਼ਾ ਰਜਿਸਟਰਡ ਨਹੀਂ ਕਰਵਾਏ ਗਏ, ਉਹ ਜਲਦ ਤੋਂ ਜਲਦ ਆਪਣੇ ਈ-ਰਿਕਸ਼ਾ ਨੂੰ ਰਜਿਸਟਰਡ ਕਰਵਾ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਸਟਿੱਕਰ ਆਰ.ਟੀ.ਓ. ਦਫ਼ਤਰ ਗੁਰਦਾਸਪੁਰ ਤੋਂ ਲਗਵਾ ਲੈਣ ਤਾਂ ਜੋ ਈ ਰਿਕਸ਼ਾ ਚਾਲਕਾਂ ਨੂੰ ਵੀ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਅੱਜ ਤੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਹੋਰ ਸ਼ਹਿਰਾਂ ਤੇ ਪਿੰਡਾਂ ਵਿੱਚ ਵੀ ਨਾਗਰਿਕ ਸੁਰੱਖਿਆ ਹਿਤ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਆਰ.ਟੀ.ਓ. ਗੁਰਦਾਸਪੁਰ ਸ੍ਰੀਮਤੀ ਨਵਜੋਤ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਈ-ਰਿਕਸ਼ਿਆਂ ਦੀ ਹਾਲੇ ਤੱਕ ਆਰ.ਸੀ. ਨਹੀਂ ਬਣੀ ਉਹ ਕੇਵਲ 465 ਰੁਪਏ ਫ਼ੀਸ ਦੇ ਕੇ ਆਰ.ਟੀ.ਓ. ਦਫ਼ਤਰ ਤੋਂ ਈ-ਰਿਕਸ਼ਾ ਦੀ ਆਰ.ਸੀ. ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਰ.ਟੀ.ਓ. ਦਫ਼ਤਰ ਵੱਲੋਂ ਸਾਰੇ ਆਰ.ਸੀ. ਵਾਲੇ ਈ-ਰਿਕਸ਼ਾ ਨੂੰ ਯੂਨੀਕ ਆਈ.ਡੀ. ਦਾ ਸਟਿੱਕਰ ਲਗਾਇਆ ਜਾਵੇਗਾ ਜੋ ਕਿ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ 6 ਅਗਸਤ ਤੋਂ ਬਾਅਦ ਜਿਨ੍ਹਾਂ ਈ-ਰਿਕਸ਼ਾ ਉੱਪਰ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਗੁਰਦਾਸਪੁਰ ਵੱਲੋਂ ਜਾਰੀ ਨੰਬਰ ਨਹੀਂ ਲੱਗਿਆ ਹੋਵੇਗਾ ਉਸ ਨੂੰ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਈ-ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਨੰਬਰ ਲਗਾਉਣ ਲਈ ਆਰ.ਟੀ.ਓ. ਦਫ਼ਤਰ ਸੰਪਰਕ ਕਰਨ ਓਥੇ ਪਹਿਲ ਦੇ ਅਧਾਰ 'ਤੇ ਉਨ੍ਹਾਂ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਆਮ ਜਨਤਾ ਨੂੰ ਵੀ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੇਵਲ ਆਰ.ਟੀ.ਓ. ਦਫ਼ਤਰ ਵੱਲੋਂ ਜਾਰੀ ਸਟਿੱਕਰ ਵਾਲੇ ਈ-ਰਿਕਸ਼ਾ ਉੱਪਰ ਹੀ ਸਫ਼ਰ ਕਰਨ।
ਇਸ ਮੌਕੇ ਈ-ਰਿਕਸ਼ਾ ਯੂਨੀਅਨ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਦਿਨੇਸ਼ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਈ-ਰਿਕਸ਼ਾ ਚਾਲਕਾਂ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।