ਸਵ. ਰਣਜੀਤ ਸਿੰਘ ਲਿਬੜਾ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ 'ਚ ਨਾਮੀ ਸ਼ਖਸ਼ੀਅਤਾਂ ਵੱਲੋਂ ਵਿਛੜੀ ਰੂਹ ਨੂੰ ਨਿੱਘੀਆਂ ਸ਼ਰਧਾਂਜਲੀਆਂ
* ਸਵ. ਰਣਜੀਤ ਸਿੰਘ ਲਿਬੜਾ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਸਮਾਜਿਕ, ਧਾਰਮਿਕ ਅਤੇ ਰਾਜਸੀ ਸ਼ਖਸ਼ੀਅਤਾਂ ਵੱਲੋਂ ਵਿਛੜੀ ਰੂਹ ਨੂੰ ਨਿੱਘੀਆਂ ਸ਼ਰਧਾਂਜਲੀਆਂ
* ਅੰਤਿਮ ਅਰਦਾਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਐਮ.ਪੀ ਮਲਵਿੰਦਰ ਸਿੰਘ ਕੰਗ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਮੇਤ ਕਈ ਵਿਧਾਇਕਾਂ ਨੇ ਦੁੱਖ ਕੀਤਾ ਸਾਂਝਾ
* ਮੁੱਖ ਮੰਤਰੀ ਪੰਜਾਬ ਦੀ ਪਤਨੀ ਡਾ: ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਵੀ ਲਿਬੜਾ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 18 ਜੁਲਾਈ 2025 - ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈ ਸਿੰਘ ਲਿਬੜਾ ਦੇ ਪਿਤਾ ਸਵ. ਰਣਜੀਤ ਸਿੰਘ ਲਿਬੜਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ, ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੇੜੇ ਦੀਵਾਨ ਟੋਡਰ ਮੱਲ ਹਾਲ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਵ. ਰਣਜੀਤ ਸਿੰਘ ਲਿਬੜਾ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਲਿਬੜਾ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਸਵ. ਲਿਬੜਾ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੋਕ ਸੁਨੇਹਾ ਭੇਜ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਵੀ ਅੰਤਿਮ ਅਰਦਾਸ ਮੌਕੇ ਸ਼ਿਰਕਤ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੈਂਬਰ ਲੋਕ ਸਭਾ ਮਲਵਿੰਦਰ ਸਿੰਘ ਕੰਗ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਫਤਹਿਗੜ੍ਹ ਸਾਹਿਬ ਲਖਬੀਰ ਸਿੰਘ ਰਾਏ, ਵਿਧਾਇਕ ਬਸੀ ਪਠਾਣਾ ਰੁਪਿੰਦਰ ਸਿੰਘ ਹੈਪੀ, ਵਿਧਾਇਕ ਅਮਲੋਹ ਗੁਰਿਦਰ ਸਿੰਘ ਗੈਰੀ ਬੜਿੰਗ, ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ, ਵਿਧਾਇਕ ਜੀਵਨਜੋਤ ਕੌਰ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ ਅਤੇ ਵਿਛੜੀ ਰੂਹ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।
ਪਰਿਵਾਰ ਦੀ ਤਰਫੋ ਸਮੂਹ ਸੰਗਤਾਂ ਦਾ ਪਹੁੰਚਣ ਉਤੇ ਧੰਨਵਾਦ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਵ. ਰਣਜੀਤ ਸਿੰਘ ਲਿਬੜਾ ਇਮਾਨਦਾਰ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਹਮੇਸ਼ਾਂ ਲੋੜਵੰਦਾਂ ਦੀ ਸੇਵਾ ਲਈ ਮੋਹਰੀ ਹੋ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸਵ. ਲਿਬੜਾ ਆਪਣੇ ਆਪ ਵਿੱਚ ਇੱਕ ਸੰਸਥਾ ਸਨ ਅਤੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਤੇ ਸਮਾਜ ਨੂੰ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਵਰਗੀ ਲਿਬੜਾ ਇੱਕ ਦਰਵੇਸ਼ ਸਿਆਸਤਦਾਨ ਸਨ ਜਿਨ੍ਹਾਂ ਨੇ ਆਪਣੀ ਪੂਰੀ ਜਿੰਦਗੀ ਲੋਕ ਸੇਵਾ ਨੂੰ ਸਮਰਪਿਤ ਕੀਤੀ।
ਅੰਤਿਮ ਅਰਦਾਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ, ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ, ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਸੁਖਵਿੰਦਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਡਾ: ਹਰਬੰਸ ਲਾਲ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਜਗਦੀਪ ਸਿੰਘ ਚੀਮਾ, ਦਰਬਾਰਾ ਸਿੰਘ ਗੁਰੂ, ਗੇਜਾ ਰਾਮ ਵਾਲਮੀਕਿ ਸਮੇਤ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ, ਵਿਦਿਅਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਟਰੱਕ ਯੂਨੀਅਨਾਂ ਦੇ ਅਹੁਦੇਦਾਰਾਂ ਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਲਵਾਉਂਦੇ ਹੋਏ ਲਿਬੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।